- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਲੁਧਿਆਣਾ ਦੇ ਇੱਕ ਪਤੀ-ਪਤਨੀ ’ਤੇ ਸੰਗਰੂਰ ਜ਼ਿਲ੍ਹੇ ਦੇ ਇੱਕ ਵਿਅਕਤੀ ਤੋਂ ਉਸ ਦੇ ਪੁੱਤਰ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ 17 ਲੱਖ ਰੁਪਏ ਹੜੱਪਣ ਦੇ ਦੋਸ਼ ਲੱਗੇ ਹਨ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਲੁਧਿਆਣਾ ਦੇ ਇੱਕ ਪਤੀ-ਪਤਨੀ ’ਤੇ ਸੰਗਰੂਰ ਜ਼ਿਲ੍ਹੇ ਦੇ ਇੱਕ ਵਿਅਕਤੀ ਤੋਂ ਉਸ ਦੇ ਪੁੱਤਰ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ 17 ਲੱਖ ਰੁਪਏ ਹੜੱਪਣ ਦੇ ਦੋਸ਼ ਲੱਗੇ ਹਨ। ਪਰਿਵਾਰ ਨੇ ਮੁਲਜ਼ਮਾਂ ’ਤੇ ਭਰੋਸਾ ਕਰਦਿਆਂ ਲੱਖਾਂ ਰੁਪਏ ਦੇ ਦਿੱਤੇ, ਪਰ ਜਦੋਂ ਨੌਜਵਾਨ ਵਿਦੇਸ਼ ਜਾਣ ਲਈ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਿਆ ਤਾਂ ਉਸ ਦਾ ਵੀਜ਼ਾ ਜਾਅਲੀ ਹੋਣ ਦੀ ਗੱਲ ਸਾਹਮਣੇ ਆਈ। ਨੌਜਵਾਨ ਨੂੰ ਆਪਣਾ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਮਿਲੀ ਅਤੇ ਪਰਿਵਾਰ ਨਾਲ ਹੋਈ ਕਥਿਤ ਧੋਖਾਧੜੀ ਦਾ ਪਰਦਾਫਾਸ਼ ਹੋ ਗਿਆ।ਪੁਲਿਸ ਨੇ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਲੁਧਿਆਣਾ ਦੇ ਵਿਸ਼ਾਲ ਨਗਰ ਵਾਸੀ ਅਮਰਦੀਪ ਸਿੰਘ ਅਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਉਰਫ਼ ਗਗਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕਾਬਲੇਗ਼ੌਰ ਹੈ ਕਿ ਅਮਰਦੀਪ ਸਿੰਘ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ। ਦੋਵਾਂ ਮੁਲਜ਼ਮਾਂ ਦੀ ਹਾਲੇ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਦੇ ਵਸਨੀਕ ਰਾਮ ਕੁਮਾਰ ਖੁਰਮੀ ਨੇ ਦੱਸਿਆ ਕਿ ਉਸ ਦਾ ਪੁੱਤਰ ਤੇਜਿੰਦਰ ਸਿੰਘ ਵਿਦੇਸ਼ ਜਾਣਾ ਚਾਹੁੰਦਾ ਸੀ। ਇਸ ਲਈ ਪਰਿਵਾਰ ਵੱਲੋਂ ਵੀਜ਼ਾ ਲਗਵਾਉਣ ਲਈ ਇਮੀਗ੍ਰੇਸ਼ਨ ਸੇਵਾਵਾਂ ਦੀ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਨੂੰ ਫੇਸਬੁੱਕ ’ਤੇ ਲੁਧਿਆਣਾ ਵਿੱਚ ਮੁਲਜ਼ਮਾਂ ਵੱਲੋਂ ਚਲਾਏ ਜਾਂਦੇ ਇਮੀਗ੍ਰੇਸ਼ਨ ਦਫ਼ਤਰ ਦਾ ਇਸ਼ਤਿਹਾਰ ਮਿਲਿਆ। ਇਸ ਤੋਂ ਬਾਅਦ ਪਰਿਵਾਰ ਨੇ ਮੁਲਜ਼ਮ ਪਤੀ-ਪਤਨੀ ਨਾਲ ਸੰਪਰਕ ਕੀਤਾ ਅਤੇ ਆਪਣੇ ਪੁੱਤਰ ਨੂੰ ਆਸਟ੍ਰੇਲੀਆ ਭੇਜਣ ਲਈ ਵੀਜ਼ਾ ਲਗਵਾਉਣ ਦੀ ਗੱਲ ਕੀਤੀ।ਸ਼ਿਕਾਇਤਕਰਤਾ ਅਨੁਸਾਰ, ਮੁਲਜ਼ਮਾਂ ਨੇ ਵੀਜ਼ਾ ਦਿਵਾਉਣ ਦੇ ਨਾਂ ’ਤੇ ਉਸ ਤੋਂ ਵੱਖ-ਵੱਖ ਕਿਸ਼ਤਾਂ ਵਿੱਚ ਕੁੱਲ 17 ਲੱਖ ਰੁਪਏ ਲੈ ਲਏ। ਬਾਅਦ ਵਿੱਚ ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਵੀਜ਼ਾ ਦੇ ਦਿੱਤਾ। ਪਰਿਵਾਰ ਨੇ ਵੀਜ਼ਾ ਸਹੀ ਹੋਣ ਦਾ ਭਰੋਸਾ ਕਰਦਿਆਂ ਹਵਾਈ ਟਿਕਟ ਵੀ ਖਰੀਦ ਲਈ। ਜਦੋਂ ਤੇਜਿੰਦਰ ਸਿੰਘ ਉਡਾਣ ਫੜਨ ਲਈ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਿਆ ਤਾਂ ਉੱਥੇ ਉਸ ਨੂੰ ਦੱਸਿਆ ਗਿਆ ਕਿ ਉਸ ਦਾ ਵੀਜ਼ਾ ਜਾਅਲੀ ਹੈ। ਇਸ ਕਾਰਨ ਉਹ ਆਸਟ੍ਰੇਲੀਆ ਜਾਣ ਲਈ ਆਪਣੀ ਉਡਾਣ ਨਹੀਂ ਲੈ ਸਕਿਆ।