ਦੋਸਤਾਂ ਨੂੰ ਘਰ ਛੱਡਣ ਜਾ ਰਹੇ ਹਰਜਿੰਦਰ ਦੀ ਕਾਰ ਨੂੰ ਘੇਰ ਕੇ ਚਲਾਈਆਂ ਗੋਲ਼ੀਆਂ ਲੋਕਲ ਲਈ-ਪੁਰਾਣੀ ਰੰਜਿਸ਼ ਦੀ ਨਫਰਤ ’ਚ 25 ਸਾਲਾ ਨੌਜਵਾਨ ਦਾ ਕਤਲ
Publish Date: Sat, 08 Aug 2026 08:37 PM (IST)
Updated Date: Sun, 09 Aug 2026 04:08 AM (IST)
- ਰੰਜਿਸ਼ ਦੀ ਨਫਰਤ ’ਚ 25 ਸਾਲਾ ਨੌਜਵਾਨ ਦਾ ਕਤਲ - ਕਾਰ ਘੇਰ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ, 5 ਗੋਲ਼ੀਆਂ ਲੱਗਣ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਵੀ ਕੀਤਾ ਹਮਲਾ - ਪਿਸਤੌਲਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ ਹਮਲਾਵਰ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਟਿੱਬਾ ਰੋਡ ਦੇ ਸੁਤੰਤਰ ਨਗਰ ਇਲਾਕੇ ’ਚ ਸ਼ੁੱਕਰਵਾਰ ਦੇਰ ਰਾਤ ਰੰਜਿਸ਼ ਕਾਰਨ ਪ੍ਰਾਪਰਟੀ ਡੀਲਰ ਤੇ ਕੱਪੜਿਆਂ ਦੇ ਵਪਾਰੀ 25 ਸਾਲਾ ਹਰਜਿੰਦਰ ਸਿੰਘ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਉਸ ਦੀ ਕਾਰ ਨੂੰ ਘੇਰ ਕੇ ਗੋਲ਼ੀਆਂ ਚਲਾਉਣ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਵੀ ਉਸ ’ਤੇ ਹਮਲਾ ਕੀਤਾ। ਹਮਲੇ ਦੌਰਾਨ ਹਰਜਿੰਦਰ ਦੀ ਥਾਂ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਦੇ ਹੱਥ ਲੱਗਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਸ਼ੁੱਕਰਵਾਰ ਰਾਤ ਆਪਣੇ ਦੋਸਤਾਂ ਨਾਲ ਸਰਾਭਾ ਨਗਰ ਦੀ ਮੇਨ ਮਾਰਕੀਟ ’ਚ ਖਾਣਾ ਖਾਣ ਗਿਆ ਸੀ। ਡਿਨਰ ਤੋਂ ਬਾਅਦ ਉਹ ਆਪਣੇ ਦੋਸਤਾਂ ਨੂੰ ਘਰ ਛੱਡਣ ਜਾ ਰਿਹਾ ਸੀ। ਸੁਤੰਤਰ ਨਗਰ ’ਚ ਉਸ ਦੇ ਦੋਸਤਾਂ ਦਾ ਸਕੂਟਰ ਖੜ੍ਹਾ ਹੋਣ ਕਾਰਨ ਉਹ ਉੱਥੇ ਰੁਕੇ ਸਨ। ਇਸੇ ਦੌਰਾਨ ਇਕ ਕਾਰ ’ਚ ਸਵਾਰ ਕਰੀਬ 6-7 ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ। ਮ੍ਰਿਤਕ ਦੇ ਦੋਸਤ ਸੰਦੀਪ ਅਨੁਸਾਰ ਹਮਲਾਵਰਾਂ ’ਚੋਂ ਦੋ ਕੋਲ ਤੇਜ਼ਧਾਰ ਹਥਿਆਰ ਸਨ, ਜਦਕਿ ਬਾਕੀਆਂ ਕੋਲ ਪਿਸਤੌਲ ਸਨ। ਹਮਲਾਵਰਾਂ ਨੇ ਕਾਰ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੰਦੀਪ ਤੇ ਉਸ ਦੇ ਹੋਰ ਦੋਸਤ ਆਪਣੀ ਜਾਨ ਬਚਾਉਣ ਲਈ ਨੇੜਲੀਆਂ ਗਲ਼ੀਆਂ ’ਚ ਭੱਜ ਗਏ, ਪਰ ਹਰਜਿੰਦਰ ਉਨ੍ਹਾਂ ਦੇ ਹੱਥ ਆ ਗਿਆ। ਮੁਲਜ਼ਮਾਂ ਨੇ ਤਾਬੜ ਤੋੜ ਗੋਲ਼ੀਆਂ ਤੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਰਦਿਆਂ ਹਰਜਿੰਦਰ ਦਾ ਕਤਲ ਕਰ ਦਿੱਤਾ। ਦੋਸਤਾਂ ਨੇ ਇੱਟਾਂ ਮਾਰੀਆਂ, ਹਮਲਾਵਰਾਂ ਨੇ ਪਿੱਛਾ ਕਰ ਕੇ ਕੀਤੀ ਫਾਇਰਿੰਗ ਦੱਸਿਆ ਗਿਆ ਹੈ ਕਿ ਜਦੋਂ ਸੰਦੀਪ ਤੇ ਉਸ ਦੇ ਦੋਸਤਾਂ ਨੇ ਹਮਲਾਵਰਾਂ ’ਤੇ ਇੱਟਾਂ ਵਰ੍ਹਾਈਆਂ ਤਾਂ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਗੋਲ਼ੀਆਂ ਵੀ ਚਲਾਈਆਂ। ਹਾਲਾਂਕਿ ਸੰਦੀਪ ਤੇ ਉਸ ਦੇ ਦੋਵੇਂ ਦੋਸਤ ਇਸ ਹਮਲੇ ’ਚ ਵਾਲ-ਵਾਲ ਬਚ ਗਏ। ਹਰਜਿੰਦਰ ’ਤੇ ਹਮਲਾਵਰਾਂ ਨੇ ਕਥਿਤ ਤੌਰ ’ਤੇ ਪੰਜ ਗੋਲ਼ੀਆਂ ਚਲਾਈਆਂ। ਇਸ ਤੋਂ ਇਲਾਵਾ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ। ਮ੍ਰਿਤਕ ਦੇ ਪਿਤਾ ਨੇ ਦੱਸਿਆ ਉਸ ਦੇ ਚਿਹਰੇ ਤੇ ਢਿੱਡ ਦੇ ਆਲੇ-ਦੁਆਲੇ ਵੀ ਗੋਲ਼ੀਆਂ ਲੱਗੀਆਂ ਹਨ। ਦੋਸਤ ਦੀ ਰੰਜਿਸ਼ ’ਚ ਸਮਝੌਤਾ ਕਰਵਾਉਣ ਗਿਆ ਸੀ ਹਰਜਿੰਦਰ ਸੰਦੀਪ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਲੋਕ ਪਹਿਲਾਂ ਵੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਚੁੱਕੇ ਸਨ ਤੇ ਉਸ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਹਰਜਿੰਦਰ ਦੋਵਾਂ ਧਿਰਾਂ ਵਿਚਾਲੇ ਚੱਲ ਰਹੇ ਵਿਵਾਦ ਨੂੰ ਖਤਮ ਕਰਵਾਉਣ ਤੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੀ ਕਹਿਣੈ ਪੁਲਿਸ ਦਾ ਟਿੱਬਾ ਥਾਣੇ ਦੇ ਐੱਸਐੱਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਕਤਲ ਦਾ ਸਬੰਧ ਹਰਜਿੰਦਰ ਦੇ ਦੋਸਤ ਸੰਦੀਪ ਨਾਲ ਚੱਲ ਰਹੀ ਰੰਜਿਸ਼ ਨਾਲ ਜੁੜਿਆ ਸਾਹਮਣੇ ਆ ਰਿਹਾ ਹੈ। ਪੁਲਿਸ ਮੁਤਾਬਕ ਮਈ ਮਹੀਨੇ ’ਚ ਵਿਰੋਧੀ ਧਿਰ ਦੇ ਕੁਝ ਵਿਅਕਤੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਇਆ ਸੀ। ਇਸ ਮਾਮਲੇ ’ਚ ਮੁਲਜ਼ਮ ਅਮਨਦੀਪ ਕਾਕੂ ਨੂੰ ਕਰੀਬ ਇਕ ਹਫ਼ਤਾ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਧੋਖੇ ਦੇ ਸ਼ੱਕ ’ਚ ਕੀਤਾ ਕਤਲ ਐੱਸਐੱਚਓ ਅਨੁਸਾਰ ਅਮਨਦੀਪ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਰੋਧੀ ਧਿਰ ਨੂੰ ਸ਼ੱਕ ਹੋ ਗਿਆ ਕਿ ਹਰਜਿੰਦਰ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਤੇ ਉਸ ਨੂੰ ਅਮਨਦੀਪ ਦੀ ਗ੍ਰਿਫ਼ਤਾਰੀ ਲਈ ਜ਼ਿੰਮੇਵਾਰ ਮੰਨਿਆ ਜਾਣ ਲੱਗਾ। ਇਸੇ ਰੰਜਿਸ਼ ਕਾਰਨ ਉਸ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਮੁੱਢਲੀ ਜਾਂਚ ਵਿੱਚ ਸਾਹਮਣੇ ਆ ਰਹੀ ਹੈ। ਪੰਜ ਸ਼ੱਕੀ ਮੁਲਜ਼ਮਾਂ ਦੀ ਪਛਾਣ, ਛਾਪੇ ਜਾਰੀ ਪੁਲਿਸ ਨੇ ਇਸ ਮਾਮਲੇ ਵਿੱਚ ਰਵੀ, ਬੌਬੀ, ਮੋਹਿਤ, ਸੰਨੀ ਅਤੇ ਭੀਲੂ ਸਮੇਤ ਪੰਜ ਸ਼ੱਕੀ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ, ਜਦਕਿ ਦੋ ਹੋਰ ਕਥਿਤ ਸਾਥੀਆਂ ਦੀ ਪਛਾਣ ਹੋਣੀ ਬਾਕੀ ਹੈ। ਕਤਲ ਦਾ ਮਾਮਲਾ ਦਰਜ ਕਰਕੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀਆਂ ਹਨ। ਮ੍ਰਿਤਕ ਖ਼ਿਲਾਫ਼ ਦਰਜ ਹਨ ਮੁਕੱਦਮੇ ਪੁਲਿਸ ਨੇ ਇਹ ਵੀ ਦੱਸਿਆ ਕਿ ਹਰਜਿੰਦਰ ਖ਼ਿਲਾਫ਼ ਪਹਿਲਾਂ ਲਾਡੋਵਾਲ ਥਾਣੇ ਵਿੱਚ ਅਸਲਾ ਐਕਟ ਅਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ। ਉਸ ਨੂੰ ਜੂਨ ਮਹੀਨੇ ਵਿੱਚ ਜ਼ਮਾਨਤ ਮਿਲ ਗਈ ਸੀ। ‘ਕਾਤਲਾਂ ਦੀ ਗ੍ਰਿਫ਼ਤਾਰੀ ਤੱਕ ਨਾ ਪੋਸਟਮਾਰਟਮ, ਨਾ ਸਸਕਾਰ’ ਇਕਲੌਤੇ ਪੁੱਤਰ ਦੀ ਮੌਤ ਤੋਂ ਦੁਖੀ ਹਰਜਿੰਦਰ ਦੇ ਪਿਤਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਰਾਤ ਕਰੀਬ 11.45 ਵਜੇ ਪੁੱਤਰ ਦੇ ਜ਼ਖ਼ਮੀ ਹੋਣ ਅਤੇ ਹਸਪਤਾਲ ਲਿਜਾਏ ਜਾਣ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਹਸਪਤਾਲ ਪਹੁੰਚੇ, ਪਰ ਉੱਥੇ ਪੁੱਤਰ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਹਰਜਿੰਦਰ ਦੀ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ ਸੀ ਅਤੇ ਉਹ ਸਿਰਫ਼ ਆਪਣੇ ਦੋਸਤ ਦਾ ਵਿਵਾਦ ਖਤਮ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਕਤਲ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਪੋਸਟਮਾਰਟਮ ਅਤੇ ਸਸਕਾਰ ਨਹੀਂ ਹੋਣ ਦੇਣਗੇ। ਬਿੱਟੂ ਨੇ ਕੀਤੀ ਪਰਿਵਾਰ ਨਾਲ ਮੁਲਾਕਾਤ ਸ਼ਾਮ ਨੂੰ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮ੍ਰਿਤਕ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸੂਬੇ ’ਚ ਕਤਲ, ਫਿਰੌਤੀ ਤੇ ਲੁੱਟਾਂ-ਖੋਹਾਂ ਆਮ ਹੁੰਦੀਆਂ ਜਾ ਰਹੀਆਂ ਹਨ।