ਲਾਇਨਜ਼ ਕਲੱਬ ਰਾਏਕੋਟ ਨੇ 13 ਲੋੜਵੰਦ ਬੱਚਿਆਂ ਦੀ ਭਰੀ ਫੀਸ ਲਾਇਨਜ਼ ਕਲੱਬ ਰਾਏਕੋਟ ਨੇ ਸਰਕਾਰੀ ਸਕੂਲ ਦੇ 13 ਬੱਚਿਆਂ ਦੀ ਭਰੀ ਫੀਸ
Publish Date: Tue, 20 Oct 2026 08:19 PM (IST)
Updated Date: Tue, 20 Oct 2026 08:21 PM (IST)
ਠਾਕੁਰਜੀਤ ਸਿੰਘ ਤਾਜਪੁਰੀ, ਪੰਜਾਬੀ ਜਾਗਰਣ, ਰਾਏਕੋਟ : ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਰਾਏਕੋਟ ਵੱਲੋਂ ਸਰਕਾਰੀ ਭਗਵਾਨ ਮਹਾਵੀਰ ਸੀਨੀਅਰ ਸੈਕੰਡਰੀ ਸਕੂਲ, ਰਾਏਕੋਟ ਦੇ 13 ਲੋੜਵੰਦ ਵਿਦਿਆਰਥੀਆਂ ਦੀ ਸਕੂਲ ਫੀਸ ਭਰ ਕੇ ਉਨ੍ਹਾਂ ਦੀ ਪੜ੍ਹਾਈ ਵਿੱਚ ਸਹਿਯੋਗ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਗੁਲਸ਼ਨ ਮਿੱਤਲ ਅਤੇ ਸਕੱਤਰ ਦਿਨੇਸ਼ ਖੁਰਮੀ ਨੇ ਦੱਸਿਆ ਕਿ ਕਲੱਬ ਵੱਲੋਂ ਵਿਦਿਆਰਥੀਆਂ ਦੀ ਕਰੀਬ 30 ਹਜ਼ਾਰ ਰੁਪਏ ਦੀ ਫੀਸ ਜਮ੍ਹਾਂ ਕਰਵਾਈ ਗਈ ਹੈ। ਇਸ ਮੌਕੇ ਪ੍ਰਧਾਨ ਗੁਲਸ਼ਨ ਮਿੱਤਲ ਨੇ ਕਿਹਾ ਕਿ ਵਿੱਦਿਆ ਇਕ ਅਜਿਹੀ ਪੌੜੀ ਹੈ, ਜਿਸ ਦੇ ਸਹਾਰੇ ਲੋੜਵੰਦ ਪਰਿਵਾਰਾਂ ਦੇ ਬੱਚੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕਦੇ ਹਨ। ਇਹ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਕਿਸੇ ਵੀ ਲੋੜਵੰਦ ਬੱਚੇ ਦੀ ਪੜ੍ਹਾਈ ਸਿਰਫ਼ ਫੀਸ ਦੀ ਘਾਟ ਕਾਰਨ ਨਹੀਂ ਰੁਕਣੀ ਚਾਹੀਦੀ। ਉਨ੍ਹਾਂ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨਾ ਸਮਾਜ ਦੇ ਹਰ ਸਮਰੱਥ ਵਿਅਕਤੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਲਾਇਨਜ਼ ਕਲੱਬ ਰਾਏਕੋਟ ਵੱਲੋਂ ਪਹਿਲਾਂ ਵੀ ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਕਮਰੇ ਬਣਵਾਉਣ, ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕਰਨ ਅਤੇ ਹੋਰ ਲੁੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ’ਚ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਸਕੂਲ ਦੇ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਕਿ ਬੱਚਿਆਂ ਦੀ ਪੜ੍ਹਾਈ ਜਾਂ ਹੋਰ ਜ਼ਰੂਰਤਾਂ ਲਈ ਜਦੋਂ ਵੀ ਕਲੱਬ ਦੇ ਸਹਿਯੋਗ ਦੀ ਲੋੜ ਪਵੇਗੀ, ਉਹ ਪਿੱਛੇ ਨਹੀਂ ਹਟਣਗੇ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਲਸ਼ਨ ਮਿੱਤਲ, ਸਕੱਤਰ ਦਿਨੇਸ਼ ਕੁਮਾਰ ਖੁਰਮੀ, ਖਜ਼ਾਨਚੀ ਰਮੇਸ਼ ਕੁਮਾਰ ਗਰਗ ਤੋਂ ਇਲਾਵਾ ਸੁਭਾਸ਼ ਪਾਸੀ, ਕੇ.ਕੇ. ਸ਼ਰਮਾ, ਬਲਦੇਵ ਖੁਰਾਣਾ, ਬਿਕਰਮਜੀਤ ਬਾਂਸਲ, ਡਾ. ਨਰੇਸ਼ ਗੋਇਲ, ਡਾ. ਵਿਸ਼ਾਲ ਜੈਨ, ਮੀਨੂ ਜੈਨ, ਮਨੀਸ਼ ਦਾਸ, ਮਹੰਤ ਕਾਂਚਨ ਸ਼ਰਮਾ ਹਾਜ਼ਰ ਸਨ।