- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਪਰਟੀ ਕਾਰੋਬਾਰੀ ਪਰਮਿੰਦਰ ਸਿੰਘ ਬਾਜਵਾ ’ਤੇ ਕੁਝ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਵਾਰ ਕੀਤੇ ਅਤੇ ਇਸ ਤੋਂ ਬਾਅਦ ਪਿਸਤੌਲ ਕੱਢ ਲਈ। ਹਮਲੇ ਦੌਰਾਨ ਆਪਣੀ ਜਾਨ ਨੂੰ ਖ਼ਤਰਾ ਦੇਖਦਿਆਂ ਪਰਮਿੰਦਰ ਸਿੰਘ ਬਾਜਵਾ ਨੇ ਤੁਰੰਤ ਕਾਰ ਦੌੜਾ ਕੇ ਮੌਕੇ ਤੋਂ ਨਿਕਲ ਕੇ ਆਪਣੀ ਜਾਨ ਬਚਾਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਤਾਜਪੁਰ ਰੋਡ ’ਤੇ ਕੇਂਦਰੀ ਜੇਲ੍ਹ ਲੁਧਿਆਣਾ ਨੇੜੇ ਪ੍ਰਾਪਰਟੀ ਕਾਰੋਬਾਰੀ ਪਰਮਿੰਦਰ ਸਿੰਘ ਬਾਜਵਾ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਮੋਟਰਸਾਈਕਲਾਂ ’ਤੇ ਸਵਾਰ ਛੇ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਗੱਡੀ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਗੱਡੀ ਵਿੱਚ ਪਿਆ ਕਾਲੇ ਰੰਗ ਦਾ ਲਿਫਾਫਾ, ਜਿਸ ਵਿੱਚ ਕਰੀਬ 2 ਲੱਖ ਰੁਪਏ ਨਕਦ ਅਤੇ ਜ਼ਰੂਰੀ ਦਸਤਾਵੇਜ਼ ਸਨ, ਕੱਢ ਲਿਆ। ਇਸ ਦੌਰਾਨ ਮੁਲਜ਼ਮਾਂ ਵੱਲੋਂ ਕਥਿਤ ਤੌਰ ’ਤੇ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਪਰਮਿੰਦਰ ਸਿੰਘ ਬਾਜਵਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਆਪਣੀ ਗੱਡੀ ਰਾਹੀਂ ਨਿੱਜੀ ਕੰਮ ਸਬੰਧੀ ਸੈਕਟਰ-32 ਸਮਰਾਲਾ ਰੋਡ ਵੱਲ ਜਾ ਰਹੇ ਸਨ। ਜਦੋਂ ਉਹ ਤਾਜਪੁਰ ਰੋਡ ’ਤੇ ਕੇਂਦਰੀ ਜੇਲ੍ਹ ਦੇ ਨੇੜੇ ਪਹੁੰਚੇ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ ਛੇ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ। ਇਨ੍ਹਾਂ ਵਿੱਚੋਂ ਸੁਖਵਿੰਦਰ ਸਿੰਘ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਸੀ, ਜਿਸ ਨਾਲ ਉਸ ਨੇ ਗੱਡੀ ਦੀ ਡਰਾਈਵਿੰਗ ਸੀਟ ਵਾਲੇ ਪਾਸੇ ਦਾ ਸ਼ੀਸ਼ਾ ਤੋੜ ਦਿੱਤਾ।
ਬਾਜਵਾ ਮੁਤਾਬਕ ਇਸ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਨੂੰ ਗੱਡੀ ਵਿੱਚੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੌਰਾਨ ਜਸਪ੍ਰੀਤ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਗੱਡੀ ਦੇ ਸਾਈਡ ਵਾਲੇ ਸ਼ੀਸ਼ੇ ’ਤੇ ਵਾਰ ਕੀਤਾ। ਹਮਲੇ ਦੌਰਾਨ ਗੱਡੀ ਦੀ ਕੰਡਕਟਰ ਸੀਟ ’ਤੇ ਪਿਆ ਕਾਲੇ ਰੰਗ ਦਾ ਲਿਫਾਫਾ, ਜਿਸ ਵਿੱਚ 2 ਲੱਖ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਸਨ, ਮੁਲਜ਼ਮਾਂ ਵੱਲੋਂ ਕੱਢ ਲਿਆ ਗਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸ ਨੇ ਬਚਾਅ ਲਈ ਰੌਲਾ ਪਾਇਆ ਤਾਂ ਸੁਨੀਲ ਕੁਮਾਰ ਨੇ ਆਪਣੀ ਡੱਬ ਵਿੱਚੋਂ ਪਿਸਤੌਲ ਕੱਢ ਕੇ ਉਸ ਨੂੰ ਧਮਕਾਇਆ ਅਤੇ ਕਿਹਾ ਕਿ ਜੇਕਰ ਉਸ ਨੇ ਰੌਲਾ ਪਾਇਆ ਤਾਂ ਉਸ ਨੂੰ ਇੱਥੇ ਹੀ ਗੋਲੀ ਮਾਰ ਦੇਵੇਗਾ। ਇਸ ਦੌਰਾਨ ਇਕ ਹੋਰ ਅਣਪਛਾਤੇ ਵਿਅਕਤੀ ਨੇ ਗੱਡੀ ਦੇ ਅੱਗੇ ਵਾਲੇ ਸ਼ੀਸ਼ੇ ’ਤੇ ਵੀ ਬੇਸਬਾਲ ਨਾਲ ਵਾਰ ਕਰਕੇ ਉਸ ਨੂੰ ਤੋੜ ਦਿੱਤਾ।
ਪਰਮਿੰਦਰ ਬਾਜਵਾ ਨੇ ਦੱਸਿਆ ਕਿ ਹਮਲਾਵਰਾਂ ਤੋਂ ਬਚਣ ਲਈ ਉਸ ਨੇ ਲੋਕਾਂ ਦੀ ਭੀੜ ਦਾ ਫਾਇਦਾ ਚੁੱਕਦਿਆਂ ਆਪਣੀ ਗੱਡੀ ਮੌਕੇ ਤੋਂ ਭਜਾ ਲਈ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਨਾਮਜ਼ਦ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਸੁਨੀਲ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।