ਟਾਇਰ ਸਾੜਨ ਵਾਲੀ ਫੈਕਟਰੀ ਦਾ ਲਾਇਸੈਂਸ ਗਾਇਬ, ਫਿਰ ਵੀ ਸਾੜਦੇ ਟਾਇਰ ਨਰੈਣਗੜ੍ਹ 'ਚ ਟਾਇਰ ਸਾੜਨ ਵਾਲੀ ਫੈਕਟਰੀ ਦਾ ਲਾਇਸੰਸ ਗਾਇਬ, ਫਿਰ ਵੀ ਸਾੜਦੇ ਟਾਇਰ
Publish Date: Tue, 29 Sep 2026 08:00 PM (IST)
Updated Date: Wed, 30 Sep 2026 04:09 AM (IST)
ਬੇਰੋਕ ਚੱਲਦੀ ਫੈਕਟਰੀ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਦਾ ਸ਼ੱਕ ਗਹਿਰਾ : ਨੰਬਰਦਾਰ ਬੈਨੀਪਾਲ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ: ਭਗਤ ਪੂਰਨ ਸਿੰਘ ਮਾਰਗ ’ਤੇ ਗ਼ੈਰਕਾਨੂੰਨੀ ਢੰਗ ਨਾਲ ਟਾਇਰ ਸਾੜਨ ਵਾਲੀ ਚੱਲਦੀ ਫੈਕਟਰੀ ਏਸ਼ੀਅਨ ਹਾਈ-ਟੈਕ ਇੰਟਰਨੈਸ਼ਨਲ ਨਰੈਣਗੜ੍ਹ ਰੋਡ, ਪਿੰਡ ਇਕੋਲਾਹਾ ਖਿਲਾਫ਼ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਲਿਖਤੀ ਸ਼ਕਾਇਤਾਂ ਦਿੱਤੀਆਂ ਸਨ। ਫੈਕਟਰੀ ਦੀ ਹੋਈ ਜਾਂਚ ਰਿਪੋਰਟ ਨੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਜਾਂਚ ਰਿਪੋਰਟ ’ਚ ਪ੍ਰਦੂਸ਼ਣ ਬੋਰਡ ਇਸ ਫੈਕਟਰੀ ਨੂੰ ਖੁਦ ਜ਼ਹਿਰ ਉਗਲਣ ਵਾਲੀ ਮੰਨ ਚੁੱਕਾ ਹੈ, ਜਿਸ ਕੋਲ ਫੈਕਟਰੀ ਚਲਾਉਣ ਦਾ ਲਾਇਸੰਸ ਤੱਕ ਨਹੀਂ ਹੈ, ਉਹ ਫੈਕਟਰੀ ਖੰਨਾ ਪ੍ਰਸ਼ਾਸਨ ਦੇ ਨੱਕ ਹੇਠਾਂ ਦਿਨ-ਰਾਤ ਕਾਲਾ ਧੂੰਆਂ ਉਗਲ ਰਹੀ ਹੈ। ਇਹ ਪ੍ਰਗਟਾਵਾ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਕੀਤਾ। ਬੈਨੀਪਾਲ ਨੇ ਦੱਸਿਆ ਕਿ ਦਫ਼ਤਰ ਉਪ ਮੰਡਲ ਮੈਜਿਸਟਰੇਟ, ਖੰਨਾ ਦੇ ਪੱਤਰ ਨੰਬਰ 752-53 ਮਿਤੀ 23.9.2026 ਨੇ ਪ੍ਰਦੂਸ਼ਣ ਬੋਰਡ ਦੇ ਸਾਰੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਬਾਕਸ-- ਤਿੰਨ ਦਸਤਾਵੇਜ਼, ਤਿੰਨ ਸਬੂਤ, ਇੱਕੋ ਸੱਚ- ਫੈਕਟਰੀ ਗੈਰ-ਕਾਨੂੰਨੀ ਹੈ ਉਨ੍ਹਾਂ ਦੱਸਿਆ ਕਿ ਪਹਿਲਾ ਸਬੂਤ ਨੰਬਰ ਬੋਰਡ ਦੀ ਆਪਣੀ ਰਿਪੋਰਟ: ਹੈ, ਐਕਸੀਅਨ, ਪੰਜਾਬ ਪ੍ਰਦੂਸ਼ਣ ਬੋਰਡ ਮੰਡੀ ਗੋਬਿੰਦਗੜ੍ਹ ਦੀ ਰਿਪੋਰਟ ਨੰਬਰ 2039 ਮਿਤੀ 26.8.2026 ਸਾਫ਼ ਲਿਖਦੀ ਹੈ ਕਿ ਐੱਸਓ 2 ਦੀ ਮਾਤਰਾ ਨਿਰਧਾਰਤ ਮਾਪਦੰਡਾਂ ਤੋਂ ਵੱਧ ਪਾਈ ਗਈ। 10.8.2026 ਦੀ ਚੈਕਿੰਗ ਦੌਰਾਨ ਪਾਇਰੋਲਿਸਿਸ ਲਈ ਐੱਸਓਪੀ ਦੀਆਂ ਖਾਮੀਆਂ ਪਾਈਆਂ ਗਈਆਂ। ਮਤਲਬ ਲੋਕਾਂ ਦੇ ਫੇਫੜਿਆਂ ਚ ਜ਼ਹਿਰ ਘੋਲਿਆ ਜਾ ਰਿਹਾ ਹੈ। ਅਗਲੀ ਸਬੂਤ ਫੈਕਟਰੀ ਪਾਸ ਲਾਇਸੰਸ ਨਾ ਹੋਣ ਦਾ ਹੈ। ਡਿਪਟੀ ਡਾਇਰੈਕਟਰ ਫੈਕਟਰੀਜ਼ ਲੁਧਿਆਣਾ ਦੀ ਰਿਪੋਰਟ ਨੰਬਰ 321 ਮਿਤੀ 7.9.2026 ਨੇ ਤਾਂ ਹੱਦ ਹੀ ਕਰ ਦਿੱਤੀ। ਲਿਖਿਆ ਹੈ ਕਿ ਅਦਾਰੇ ਦੇ ਪ੍ਰਬੰਧਕਾਂ ਵੱਲੋਂ ਫੈਕਟਰੀ ਐਕਟ 1948 ਅਧੀਨ ਰਜਿਸਟ੍ਰੇਸ਼ਨ ਦਾ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ। ਇਸ ਦੇ ਨਾਲ ਤੀਜਾ ਸਬੂਤ ਇਹ ਸਾਹਮਣੇ ਅਇਆ ਕਿ ਐੱਸਡੀਐੱਮ ਨੇ ਫੈਕਟਰੀ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਨ੍ਹਾਂ ਰਿਪੋਰਟਾਂ ਦੇ ਆਧਾਰ ’ਤੇ ਐੱਸਡੀਐੱਮ ਖੰਨਾ ਸਵਾਤੀ ਟਿਵਾਣਾ ਨੇ ਬੋਰਡ ਨੂੰ ਹੁਕਮ ਦਿੱਤਾ ਕਿ ਜਦੋਂ ਤੱਕ ਐੱਨਓਸੀ ਨਹੀਂ ਮਿਲਦੀ ਉਦੋਂ ਤੱਕ ਫੈਕਟਰੀ ਨੂੰ ਬੰਦ ਰੱਖਿਆ ਜਾਵੇ। ਬਾਕਸ-- ਹੁਕਮਾਂ ਦੇ 6 ਦਿਨ ਬਾਅਦ ਵੀ ਫੈਕਟਰੀ ਸੀਲ ਕਿਉਂ ਨਹੀਂ ਬੈਨੀਪਾਲ ਨੇ ਕਿਹਾ ਕਿ ਫੈਕਟਰੀ ਮਾਲਕ ਦੇ ਪ੍ਰਭਾਵ ਕਰਕੇ ਪ੍ਰਦੂਸ਼ਣ ਬੋਰਡ ਏਅਰ ਐਕਟ ਦੀ ਧਾਰਾ 31-ਏ ਤਹਿਤ ਬਿਜਲੀ ਕੱਟਣ ਦੀ ਆਪਣੀ ਪਾਵਰ ਵਰਤਣ ਤੋਂ ਵੀ ਡਰ ਰਿਹਾ ਹੈ। ਜੇ ਕੱਲ੍ਹ ਨੂੰ ਇਸ ਜ਼ਹਿਰੀਲੀ ਗੈਸ ਨਾਲ ਕਿਸੇ ਬੱਚੇ-ਬਜ਼ੁਰਗ ਦੀ ਜਾਨ ਜਾਂਦੀ ਹੈ ਤਾਂ ਜ਼ਿੰਮੇਵਾਰ ਕੌਣ ਹੋਵੇਗਾ? ਬੋਰਡ ਜਾਂ ਫੈਕਟਰੀ ਮਾਲਕ? ਪਿੰਡ ਨਰੈਣਗੜ੍ਹ ਤੇ ਇਲਾਕੇ ਦੇ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 48 ਘੰਟੇ ’ਚ ਫੈਕਟਰੀ ਦੀ ਬਿਜਲੀ ਕੱਟ ਕੇ ਤਾਲਾਬੰਦੀ ਨਾ ਕੀਤੀ ਗਈ ਤਾਂ ਉਹ ਪ੍ਰਦੂਸ਼ਣ ਬੋਰਡ ਦੇ ਦਫ਼ਤਰ ਮੰਡੀ ਗੋਬਿੰਦਗੜ੍ਹ ਵਿਖੇ ਵਿਸ਼ਾਲ ਧਰਨਾ ਦੇਣਗੇ ਅਤੇ ਐੱਨਜੀਟੀ ਦਿੱਲੀ ਤੱਕ ਪਟੀਸ਼ਨ ਦਾਇਰ ਕਰਨਗੇ। ਉਸ ਹਾਲਾਤ ਵਿੱਚ ਜੋ ਵੀ ਕਾਨੂੰਨ ਵਿਵਸਥਾ ਵਿਗੜੀ ਉਸ ਦੀ ਸਾਰੀ ਜ਼ਿੰਮੇਵਾਰੀ ਪ੍ਰਦੂਸ਼ਣ ਬੋਰਡ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਮਨੀ, ਗੁਰਮੀਤ ਸਿੰਘ, ਡਾਕਟਰ ਰਾਮਚੰਦ ਸਿੰਘ, ਲੱਖੀ ਨਰੈਣਗੜ੍ਹ, ਹਰਿੰਦਰ ਸਿੰਘ ਹਨੀ, ਬਿੰਦਰ ਨਰੈਣਗੜ੍ਹ, ਹਰਦੀਪ ਸਿੰਘ ਟੋਨੀ, ਸੁਖਮਨ ਗਰੇਵਾਲ, ਅਰਸ਼ਦੀਪ ਸਿੰਘ, ਕਰਨੈਲ ਸਿੰਘ ਰਿੰਕੂ, ਪੰਚ ਜੰਗ ਸਿੰਘ, ਪ੍ਰਦੀਪ ਸਿੰਘ, ਜਗਰੂਪ ਸਿੰਘ ਆਦਿ ਹਾਜ਼ਰ ਸਨ। ਐੱਸਡੀਐੱਮ ਖੰਨਾ ਸਵਾਤੀ ਟਿਵਾਣਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਜੇਕਰ ਫੈਕਟਰੀ ਮਾਲਕਾਂ ਕੋਲ ਐੱਨਓਸੀ ਨਹੀਂ ਹੈ ਤਾਂ ਵਿਭਾਗ ਨੂੰ ਬੰਦ ਕਰਨ ਲਈ ਪੱਤਰ ਲਿਖਿਆ ਗਿਆ ਹੈ। ਇਸ ਸਬੰਧੀ ਉਹ ਬੁੱਧਵਾਰ ਨੂੰ ਆ ਕੇ ਜਾਂਚ ਕਰਨਗੇ। ਪ੍ਰਦੂਸ਼ਣ ਬੋਰਡ ਦੇ ਐਕਸੀਅਨ ਮੋਹਿਤ ਸਿੰਗਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਐੱਸਡੀਐਮ ਖੰਨਾ ਪਾਸੋਂ ਉਹਨਾਂ ਨੂੰ ਇੱਕ ਪੱਤਰ ਪ੍ਰਾਪਤ ਹੋਇਆ ਸੀ। ਫੈਕਟਰੀ ਬੰਦ ਕਰਨ ਲਈ ਉਹ ਕੰਪੀਟੈਂਟ ਅਥਾਰਟੀ ਨਹੀਂ ਹਨ ਇਸ ਲਈ ਉਸ ਪੱਤਰ ਨੂੰ ਅਗਲੇਰੀ ਕਾਰਵਾਈ ਲਈ ਸਾਡੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ।