- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਨੰਬਰ ਦੀ ਲੀਡ: ਸਾਹਨੇਵਾਲ ’ਚ 500 ਡਰੋਨਾਂ ਨੇ ਰਚਿਆ ਅਦਭੁੱਤ ਨਜ਼ਾਰਾ, ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੀ ਦਿੱਤੀ ਪੇਸ਼ਕਾਰੀ

-ਮੰਤਰੀ ਮੁੰਡੀਆਂ ਅਨਸੁਾਰ ਸਰਕਾਰ ਨੇ ਗੁਰੂ ਰਵਿਦਾਸ ਜੀ ਦੇ ਸਮਾਗਮਾਂ ਲਈ ਰੱਖੇ 100 ਕਰੋੜ ਰੁਪਏ
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਸਰਕਾਰੀ ਸਕੂਲ (ਲੜਕੇ) ਸਾਹਨੇਵਾਲ ਦੀ ਗਰਾਊਂਡ ’ਚ 500 ਡਰੋਨਾਂ ਦਾ ਸ਼ਾਨਦਾਰ ਸ਼ੋਅ ਕਰਵਾਇਆ। ਇਸ ਦੌਰਾਨ ਡਰੋਨਾਂ ਰਾਹੀਂ ਅਸਮਾਨ ਵਿੱਚ ਗੁਰੂ ਜੀ ਦੇ ਜੀਵਨ, ਫਲਸਫ਼ੇ ਤੇ ਸਿੱਖਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ, ਜਿਸ ਨੂੰ ਭਾਰੀ ਗਿਣਤੀ ਵਿਚ ਮੌਜੂਦ ਸੰਗਤ ਨੇ ਸ਼ਰਧਾ ਨਾਲ ਦੇਖਿਆ। ਇਸ ਨਿਵੇਕਲੇ ਏਰੀਅਲ ਸ਼ੋਅ ਰਾਹੀਂ ਤਕਨਾਲੋਜੀ ਅਤੇ ਅਧਿਆਤਮਿਕਤਾ ਦਾ ਸੁੰਦਰ ਸੁਮੇਲ ਪੇਸ਼ ਕੀਤਾ ਗਿਆ। ਡ੍ਰੋਨਾਂ ਦੀ ਮਦਦ ਨਾਲ ਗੁਰੂ ਜੀ ਦੇ ਬਰਾਬਰੀ, ਭਾਈਚਾਰਕ ਸਾਂਝ, ਦਇਆ, ਸਮਾਜਿਕ ਨਿਆਂ ਤੇ ਮਨੁੱਖੀ ਮਾਣ-ਸਨਮਾਨ ਦੇ ਸਦੀਵੀ ਸੁਨੇਹੇ ਨੂੰ ਦਰਸਾਇਆ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸ਼ਾਨਦਾਰ ਡ੍ਰੋਨ ਸ਼ੋਅ ਸ੍ਰੀ ਗੁਰੂ ਰਵਿਦਾਸ ਜੀ ਨੂੰ ਢੁਕਵੀਂ ਸ਼ਰਧਾਂਜਲੀ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਨਿਵੇਕਲਾ ਉਪਰਾਲਾ ਹੈ। ਇਹ ਸਿਰਫ਼ ਡ੍ਰੋਨ ਸ਼ੋਅ ਨਹੀਂ, ਸਗੋਂ ਗੁਰੂ ਜੀ ਦੇ ਬਰਾਬਰੀ ਤੇ ਮਨੁੱਖੀ ਸਨਮਾਨ ਦੇ ਸੰਦੇਸ਼ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਹੈ, ਜੋ ਸਾਰਿਆਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਗੁਰੂ ਜੀ ਦਾ 650ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸੂਬੇ ਭਰ ਵਿੱਚ 92 ਡ੍ਰੋਨ ਸ਼ੋਅ ਕਰਵਾਏ ਜਾ ਰਹੇ ਹਨ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਗੁਰੂ ਜੀ ਦੇ ਮਹਾਨ ਫਲਸਫ਼ੇ ਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾ ਸਕੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਮਾਗਮਾਂ ਲਈ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਡਾਕੂਮੈਂਟਰੀ ਸ਼ੋਅ 13,000 ਪਿੰਡਾਂ ਵਿੱਚ ਦਿਖਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਲਈ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਪੁਰਬ ਨੂੰ ਸ਼ਰਧਾ ਅਤੇ ਏਕਤਾ ਨਾਲ ਮਨਾਉਂਦਿਆਂ ਗੁਰੂ ਜੀ ਦੇ ਸਰਬ-ਸਾਂਝੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ। ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਵੀਂ ਨੰਦਪੁਰ, ਸਾਹਨੇਵਾਲ ਦੇ ਹਜ਼ੂਰੀ ਰਾਗੀ ਭਾਈ ਦਿਲਬਰ ਸਿੰਘ ਦੇ ਜਿੱਥੇ ਵੱਲੋਂ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਬਾਬਾ ਬੇਅੰਤ ਸਿੰਘ (ਗੁਰਦੁਆਰਾ ਟਿੱਬੀ ਸਾਹਿਬ) ਬਘੌਰ ਵਾਲਿਆ ਨੇ ਅਧਿਆਤਮਿਕ ਬਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਉਪ ਮੰਡਲ ਮੈਜਿਸਟਰੇਟ (ਲੁਧਿਆਣਾ ਪੂਰਬੀ) ਲੁਧਿਆਣਾ ਜਸਲੀਨ ਕੌਰ ਭੁੱਲਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।