1 ਨੰਬਰ ਦੀ ਲੀਡ: ਕਾਲਜ ਜਾਣ ਲਈ ਘਰੋਂ ਨਿਕਲੀ 18 ਸਾਲਾ ਭਾਵਿਕਾ ਮੁੜ ਨਾ ਪਰਤੀ 1 ਨੰਬਰ ਦੀ ਲੀਡ:ਕਾਲਜ ਜਾਣ ਲਈ ਘਰੋਂ ਨਿਕਲੀ 18 ਸਾਲਾ ਭਾਵਿਕਾ ਮੁੜ ਨਾ ਪਰਤੀ
Publish Date: Sat, 26 Sep 2026 08:00 PM (IST)
Updated Date: Sat, 26 Sep 2026 08:03 PM (IST)
-ਮਾਲ ਰੋਡ ’ਤੇ ਕੈਂਟਰ ਨੇ ਸਕੂਟਰ ਨੂੰ ਆਪਣੀ ਲਪੇਟ ’ਚ ਲਿਆ, ਗੰਭੀਰ ਜ਼ਖ਼ਮੀ ਵਿਦਿਆਰਥਣ ਨੇ ਇਲਾਜ ਦੌਰਾਨ ਤੋੜਿਆ ਦਮ, ਚਾਲਕ ਗ੍ਰਿਫ਼ਤਾਰ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ: ਜਿਸ ਧੀ ਨੂੰ ਪਰਿਵਾਰ ਨੇ ਸਵੇਰੇ ਪੜ੍ਹਾਈ ਲਈ ਕਾਲਜ ਭੇਜਿਆ ਸੀ, ਉਸ ਦੇ ਘਰ ਸ਼ਾਮ ਹੋਣ ਤੋਂ ਪਹਿਲਾਂ ਹੀ ਮਾਤਮ ਛਾ ਗਿਆ। ਮਾਲ ਰੋਡ ’ਤੇ ਛਤਰੀ ਚੌਕ ਨੇੜੇ ਕਾਲਜ ਜਾਂਦੇ ਸਮੇਂ 18 ਸਾਲਾ ਭਾਵਿਕਾ ਮਲਹੋਤਰਾ ਦਾ ਸਕੂਟਰ ਕੈਂਟਰ ਦੀ ਲਪੇਟ ਵਿੱਚ ਆ ਗਿਆ। ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਈ ਸਰਕਾਰੀ ਕਾਲਜ ਦੀ ਵਿਦਿਆਰਥਣ ਨੂੰ ਇਲਾਜ ਲਈ ਡੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਸ਼ਨਿਚਰਵਾਰ ਸਵੇਰੇ ਉਸ ਨੇ ਦਮ ਤੋੜ ਦਿੱਤਾ। ਭਵਿਕਾ ਦੀ ਮੌਤ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪਲਾਂ ਵਿੱਚ ਸੋਗ ਵਿੱਚ ਬਦਲ ਦਿੱਤਾ। ਜਾਣਕਾਰੀ ਅਨੁਸਾਰ ਹਾਦਸਾ ਬੀਤੇ ਦਿਨ ਮਾਲ ਰੋਡ ’ਤੇ ਫੁਵਹਾਰਾ ਚੌਕ ਤੋਂ ਪਹਿਲਾਂ ਛਤਰੀ ਚੌਕ ਨੇੜੇ ਉਸ ਸਮੇਂ ਵਾਪਰਿਆ, ਜਦੋਂ ਭਾਵਿਕਾ ਆਪਣੇ ਸਕੂਟਰ ’ਤੇ ਕਾਲਜ ਜਾ ਰਹੀ ਸੀ। ਦੱਸਿਆ ਗਿਆ ਹੈ ਕਿ ਇਸ ਦੌਰਾਨ ਕੈਂਟਰ ਚਾਲਕ ਵੱਲੋਂ ਟ੍ਰੈਫਿਕ ਲਾਈਟਾਂ ਨੂੰ ਪਾਰ ਕਰਦੇ ਸਮੇਂ ਕਥਿਤ ਲਾਪਰਵਾਹੀ ਕੀਤੀ ਗਈ, ਜਿਸ ਕਾਰਨ ਕੈਂਟਰ ਦੀ ਲਪੇਟ ਵਿੱਚ ਆ ਕੇ ਭਵਿਕਾ ਦਾ ਸਕੂਟਰ ਉਸ ਦੇ ਅਗਲੇ ਪਹੀਆਂ ਹੇਠਾਂ ਆ ਗਿਆ। ਹਾਦਸੇ ਵਿੱਚ ਭਾਵਿਕਾ ਨੂੰ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਅਤੇ ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਡੀਐੱਮਸੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ, ਪਰ ਹਾਲਤ ਗੰਭੀਰ ਹੋਣ ਕਾਰਨ ਸ਼ਨਿਚਰਵਾਰ ਸਵੇਰੇ ਉਸ ਦੀ ਮੌਤ ਹੋ ਗਈ। ------- ਬਾਕਸ- ਇਸੇ ਸਾਲ ਸਰਕਾਰੀ ਕਾਲਜ ’ਚ ਲਿਆ ਸੀ ਦਾਖ਼ਲਾ ਵਿਦਿਆਰਥਣ ਦੁਗਰੀ ਇਲਾਕੇ ਦੇ ਰਹਿਣ ਵਾਲੇ ਪ੍ਰਾਪਰਟੀ ਕਾਰੋਬਾਰੀ ਸੰਜੀਵ ਮਲੋਤਰਾ ਦੀ ਧੀ ਸੀ। ਉਹ ਤਿੰਨ ਭੈਣ-ਭਰਾਵਾਂ ’ਚ ਵਿਚਕਾਰਲੀ ਸੀ। ਉਸ ਦਾ ਇੱਕ ਵੱਡਾ ਭਰਾ ਤੇ ਇੱਕ ਛੋਟੀ ਭੈਣ ਹੈ। ਪਰਿਵਾਰ ਅਨੁਸਾਰ ਭਾਵਿਕਾ ਨੇ ਇਸੇ ਸਾਲ ਸਰਕਾਰੀ ਕਾਲਜ ’ਚ ਦਾਖਲਾ ਲਿਆ ਸੀ। ਪੜ੍ਹਾਈ ਅਤੇ ਆਪਣੇ ਭਵਿੱਖ ਦੇ ਸੁਪਨਿਆਂ ਨਾਲ ਅੱਗੇ ਵਧ ਰਹੀ ਲੜਕੀ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ। ---------- ਬਾਕਸ- ਕੈਂਟਰ ਕਬਜ਼ੇ ’ਚ, ਚਾਲਕ ਗ੍ਰਿਫ਼ਤਾਰ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਹਾਦਸੇ ’ਚ ਸ਼ਾਮਲ ਕੈਂਟਰ ਨੂੰ ਕਬਜ਼ੇ ’ਚ ਲੈ ਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਅਤੇ ਚਾਲਕ ਦੀ ਕਥਿਤ ਲਾਪਰਵਾਹੀ ਸਬੰਧੀ ਹੋਰ ਤੱਥ ਇਕੱਠੇ ਕੀਤੇ ਜਾ ਰਹੇ ਹਨ। ------- ਥਾਣਾ ਡਿਵੀਜ਼ਨ ਨੰਬਰ 8 ਦੇ ਇੰਚਾਰਜ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਵਿੱਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਹਾਦਸੇ ਨਾਲ ਸਬੰਧਤ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਆਧਾਰ ’ਤੇ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਹੈ, ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਸ਼ਨੀਚਰਵਾਰ ਦੇਰ ਸ਼ਾਮ ਨੂੰ ਬੱਚੀ ਦਾ ਅੰਤਿਮ ਸੰਸਕਾਰ ਕੀਤਾ।