ਮਿਕਸ ਲੈਂਡ ਯੂਜ਼ ਦੇ ਪੱਕੇ ਹੱਲ ਤੱਕ ਹਰ ਬੁੱਧਵਾਰ ਧਰਨਾ ਦੇਣ ਦਾ ਐਲਾਨ ਮਿਕਸ ਲੈਂਡ ਯੂਜ਼ ਦੇ ਪੱਕੇ ਹੱਲ ਤੱਕ ਹਰ ਬੁੱਧਵਾਰ ਨੂੰ ਜ਼ਿਲ੍ਹਾ ਉਦਯੋਗ ਕੇਂਦਰ ਵਿਖੇ ਧਰਨਾ ਦੇਣ ਦਾ ਐਲਾਨ
Publish Date: Sat, 10 Oct 2026 08:04 PM (IST)
Updated Date: Sun, 11 Oct 2026 04:06 AM (IST)
-ਐਸੋਸੀਏਸ਼ਨ ਦੇ 4 ਅਹੁਦੇਦਾਰ ਹਰ ਬੁੱਧਵਾਰ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕਰਿਆ ਕਰਨਗੇ : ਠੁਕਰਾਲ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਮਿਕਸ ਲੈਂਡ ਯੂਜ਼ ਵਾਲੇ ਇਲਾਕਿਆਂ ਵਿੱਚ ਸਥਿਤ ਸਨਅਤੀ ਇਕਾਈਆਂ ਨੂੰ ਸਰਕਾਰ ਵੱਲੋਂ ਇਕ ਸਾਲ ਦੀ ਮੋਹਲਤ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਕਾਰੋਬਾਰੀਆਂ ਵਿੱਚ ਰੋਸ ਵਧ ਗਿਆ ਹੈ। ਇਸ ਫ਼ੈਸਲੇ ਦੇ ਵਿਰੋਧ ’ਚ ਸਨਅਤਕਾਰਾਂ ਵੱਲੋਂ ਉਦਯੋਗ ਮੰਤਰੀ ਦਾ ਪੁਤਲਾ ਵੀ ਸਾੜਿਆ ਗਿਆ ਸੀ। ਹੁਣ ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ (ਰਜਿ.) ਨੇ ਮਿਕਸ ਲੈਂਡ ਯੂਜ਼ ਦੇ ਮਸਲੇ ਦਾ ਪੱਕਾ ਹੱਲ ਹੋਣ ਤੱਕ ਨਿਰੰਤਰ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਕਿਹਾ ਕਿ ਮਿਕਸ ਲੈਂਡ ਯੂਜ਼ ਵਾਲੇ ਇਲਾਕਿਆਂ ਦੇ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਦਿੱਤੀ ਗਈ ਇੱਕ ਸਾਲ ਦੀ ਮੋਹਲਤ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਨੂੰ ਆਰਜ਼ੀ ਰਾਹਤ ਦੀ ਬਜਾਏ ਇਸ ਸਮੱਸਿਆ ਦਾ ਸਥਾਈ ਹੱਲ ਚਾਹੀਦਾ ਹੈ। ਇਸ ਲਈ ਮੰਗ ਪੂਰੀ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਠੁਕਰਾਲ ਨੇ ਦੱਸਿਆ ਕਿ ਹਰ ਬੁੱਧਵਾਰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਐਸੋਸੀਏਸ਼ਨ ਦੇ ਚਾਰ ਆਹੁਦੇਦਾਰ ਕਾਲੀਆਂ ਪੱਟੀਆਂ ਬੰਨ੍ਹ ਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਬਾਹਰ ਧਰਨੇ ’ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਇਸ ਰੋਸ ਪ੍ਰਦਰਸ਼ਨ ਰਾਹੀਂ ਸਰਕਾਰ ’ਤੇ ਨੋਟੀਫਿਕੇਸ਼ਨ ਵਿੱਚ ਸੋਧ ਕਰਨ ਅਤੇ ਮਿਕਸ ਲੈਂਡ ਯੂਜ਼ ਵਾਲੇ ਇਲਾਕਿਆਂ ਨੂੰ ਸਨਅਤੀ ਖੇਤਰ ਐਲਾਨਣ ਲਈ ਦਬਾਅ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਨਅਤਕਾਰਾਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਸਪੱਸ਼ਟ ਤੇ ਸਥਾਈ ਨੀਤੀ ਦੀ ਲੋੜ ਹੈ। ਇੱਕ ਸਾਲ ਦੀ ਮੋਹਲਤ ਨਾਲ ਉਨ੍ਹਾਂ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਨਿਕਲਦਾ। ਇਸ ਲਈ ਸਰਕਾਰ ਨੂੰ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਨੋਟੀਫਿਕੇਸ਼ਨ ਵਿੱਚ ਲੋੜੀਂਦੀ ਸੋਧ ਕਰਨੀ ਚਾਹੀਦੀ ਹੈ। ਇਸ ਮੌਕੇ ਸਵਿੰਦਰ ਸਿੰਘ ਹੂੰਝਣ, ਸੁਮੇਸ਼ ਕੋਛੜ, ਰਜਨੀਸ਼ ਖੁੱਲਰ, ਬਲਦੇਵ ਸਿੰਘ ਮਠਾੜੂ, ਹਰਭਜਨ ਸਿੰਘ ਅਤੇ ਬਲਵਿੰਦਰ ਸਿੰਘ ਹਾਜ਼ਰ ਸਨ।