- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਲਾ ਛਪਾਰ ਰੈਲੀ 'ਚ ਹਲਕਾ ਗਿੱਲ ਤੋਂ ਸਿਮਕ ਦੀ ਅਗਵਾਈ ਹੇਠ ਸ਼ਾਮਿਲ ਹੋਣਗੇ ਵੱਡੇ ਕਾਫ਼ਲੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਛਪਾਰ ਦੇ ਇਤਿਹਾਸਕ ਮੇਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਹਲਕਾ ਗਿੱਲ ਦੇ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਲੜੀ ਤਹਿਤ ਅੱਜ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਸਾਬਕਾ ਸਰਪੰਚ ਤਜਿੰਦਰ ਸਿੰਘ ਢੋਡੇ, ਭਗਵੰਤ ਸਿੰਘ ਬੂਲ ਸਾਬਕਾ ਸਰਪੰਚ, ਸੰਤੋਖ ਸਿੰਘ ਕਲਖ਼ ਵੱਲੋਂ ਪੱਤਰਕਾਰਾਂ ਨਾਲ ਖਾਸ ਗੱਲਬਾਤ ਕੀਤੀ। ਅਕਾਲੀ ਆਗੂਆਂ ਨੇ ਦੱਸਿਆ ਕਿ ਮੇਲਾ ਛਪਾਰ ਵਿਖੇ ਹੋ ਰਹੀ ਇਹ ਕਾਨਫਰੰਸ ਇਕ ਇਤਿਹਾਸਕ ਹੋਵੇਗੀ, ਜੋ ਵਿਰੋਧੀ ਧਿਰਾਂ ਦੇ ਸਾਰੇ ਭਰਮ-ਭੁਲੇਖੇ ਦੂਰ ਕਰ ਦੇਵੇਗੀ। ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਤੋਂ ਤੰਗ ਆ ਚੁੱਕੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਵੱਲ ਹਾਸਲ ਲੋਕ ਸਮਰਥਨ ਇਹ ਸਪੱਸ਼ਟ ਕਰਦਾ ਹੈ ਕਿ ਸੂਬੇ ਦਾ ਭਵਿੱਖ ਸਿਰਫ਼ ਅਕਾਲੀ ਦਲ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ।
ਆਗੂਆਂ ਨੇ ਦੱਸਿਆ ਕਿ ਇਸ ਵਿਸ਼ੇਸ਼ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਉਚੇਚੇ ਤੌਰ 'ਤੇ ਪੁੱਜ ਰਹੀ ਹੈ। ਪਾਰਟੀ ਪ੍ਰਧਾਨ ਤੇ ਹੋਰਨਾਂ ਆਗੂਆਂ ਦੇ ਵਿਚਾਰ ਸੁਣਨ ਲਈ ਹਲਕਾ ਗਿੱਲ ਤੋਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਦੀ ਯੋਗ ਅਗਵਾਈ ਹੇਠ ਦਾਣਾ ਮੰਡੀ ਗੋਪਾਲਪੁਰ (ਡੇਹਲੋਂ) ਤੋਂ ਗੱਡੀਆਂ, ਬੱਸਾਂ ਅਤੇ ਟਰੈਕਟਰ-ਟਰਾਲੀਆਂ ਦੇ ਵੱਡੇ ਕਾਫ਼ਲੇ ਰੈਲੀ ਵਾਲੀ ਥਾਂ ਲਈ ਰਵਾਨਾ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਹਲਕਾ ਗਿੱਲ ਤੋਂ ਪਾਰਟੀ ਵਰਕਰਾਂ ਤੇ ਆਮ ਲੋਕਾਂ ਵਿੱਚ ਇਸ ਰੈਲੀ ਨੂੰ ਲੈ ਕੇ ਅਥਾਹ ਉਤਸ਼ਾਹ ਹੈ ਅਤੇ ਰਿਕਾਰਡ ਤੋੜ ਇਕੱਠ ਨਾਲ ਇਹ ਕਾਨਫਰੰਸ ਅਕਾਲੀ ਦਲ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸਾਬਤ ਹੋਵੇਗੀ। ਇਸ ਮੌਕੇ ਹੋਰ ਵੀ ਕਈ ਪ੍ਰਮੁੱਖ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।