ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਇਆ ਮਜ਼ਦੂਰ, ਜ਼ੇਰੇ ਇਲਾਜ 66 ਕੇਵੀ ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਇਆ ਮਜ਼ਦੂਰ, ਬੁਰੀ ਤਰ੍ਹਾਂ ਝੁਲਸਿਆ
Publish Date: Thu, 03 Sep 2026 08:35 PM (IST)
Updated Date: Fri, 04 Sep 2026 04:05 AM (IST)
ਫ਼ੋਟੋ ਨੰਬਰ-35 ਰਵੀ ਭਾਟੀਆ, ਪੰਜਾਬੀ ਜਾਗਰਣ ਸਾਹਨੇਵਾਲ/ਲੁਧਿਆਣਾ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ’ਤੇ ਕੁਹਾੜਾ ਵਿਖੇ ਲੰਘਦੀਆਂ 66 ਕੇਵੀ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਵਾਪਰੇ ਹਾਦਸੇ ਵਿੱਚ ਇੱਕ ਮਜ਼ਦੂਰ ਕਰੰਟ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ, ਜਦਕਿ ਉਸਦਾ ਦੂਜਾ ਸਾਥੀ ਵਾਲ਼-ਵਾਲ਼ ਬਚ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰਿੰਦਰ ਗਰਗ ਵੱਲੋਂ ਲੁਧਿਆਣਾ-ਚੰਡੀਗੜ੍ਹ ਮਾਰਗ ਦੇ ਕਿਨਾਰੇ ਕੁਹਾੜਾ ਵਿਖੇ ਸਟਾਰ ਪ੍ਰਾਪਰਟੀ ਦਾ ਦਫ਼ਤਰ ਤਿਆਰ ਕੀਤਾ ਜਾ ਰਿਹਾ ਹੈ। ਇਮਾਰਤ ਦੇ ਪਿਛਲੇ ਪਾਸੇ ਬਣੇ ਕਮਰੇ ਦੀ ਛੱਤ ’ਤੇ ਦੋ ਮਜ਼ਦੂਰ ਨਵੀਂ ਬਣੀ ਇਮਾਰਤ ਦੀਆਂ ਕੰਧਾਂ ’ਤੇ ਸੀਮੈਂਟ ਨਾਲ ਪਲਸਤਰ ਕਰਨ ਦਾ ਕੰਮ ਕਰ ਰਹੇ ਸਨ। ਹਾਈ ਵੋਲਟੇਜ ਤਾਰਾਂ ਦੇ ਹੇਠਾਂ ਲੱਕੜ ਦੇ ਬਾਂਸਾਂ ਦੀ ਮਦਦ ਨਾਲ ਤਰਪਾਲ ਬੰਨ੍ਹ ਕੇ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇੱਕ ਮਜ਼ਦੂਰ ਹਾਈ ਵੋਲਟੇਜ ਤਾਰ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਆਸ-ਪਾਸ ਦੇ ਲੋਕਾਂ ਮੁਤਾਬਕ ਕਰੰਟ ਲੱਗਣ ਸਮੇਂ ਜ਼ੋਰਦਾਰ ਧਮਾਕਾ ਹੋਇਆ। ਹਾਦਸੇ ਤੋਂ ਬਾਅਦ ਜ਼ਖ਼ਮੀ ਮਜ਼ਦੂਰ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਦਕਿ ਉਸਦਾ ਸਾਥੀ ਸੁਰੱਖਿਅਤ ਰਿਹਾ। ਪਹਿਲਾਂ ਵੀ ਵਾਪਰ ਚੁੱਕੇ ਹਨ ਹਾਦਸੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਹਾਈ ਵੋਲਟੇਜ ਤਾਰਾਂ ਨਾਲ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਸ ਦੇ ਬਾਵਜੂਦ ਹਾਈ ਵੋਲਟੇਜ ਤਾਰਾਂ ਦੇ ਹੇਠਾਂ ਜਾਂ ਬਿਲਕੁਲ ਨੇੜੇ ਉਸਾਰੀਆਂ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ, ਜੋ ਭਵਿੱਖ ਵਿੱਚ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਸਕਦਾ ਹੈ। ਲੋਕਾਂ ਦੀ ਮੰਗ ਹੈ ਕਿ ਸਬੰਧਤ ਬਿਜਲੀ ਵਿਭਾਗ ਵੱਲੋਂ ਅਜਿਹੀਆਂ ਥਾਵਾਂ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਕੇ ਹਾਈ ਵੋਲਟੇਜ ਤਾਰਾਂ ਦੇ ਹੇਠਾਂ ਜਾਂ ਨੇੜੇ ਉਸਾਰੀਆਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਹੋਰ ਕੀਮਤੀ ਜਾਨ ਦੇ ਨੁਕਸਾਨ ਤੋਂ ਪਹਿਲਾਂ ਹੀ ਸਾਵਧਾਨੀ ਵਰਤੀ ਜਾ ਸਕੇ ਅਤੇ ਹੋਰਨਾਂ ਲੋਕਾਂ ਨੂੰ ਵੀ ਸਬਕ ਮਿਲੇ।