- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ ਵਿਖੇ 18 ਅਤੇ 19 ਸਤੰਬਰ ਨੂੰ ਹਾੜੀ ਦੀਆਂ ਫਸਲਾਂ ਲਈ ਲਾਏ ਜਾ ਰਹੇ ਕਿਸਾਨ ਮੇਲੇ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਸਮੇਂ ਮੰਚ ਤੋਂ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ ਵਿਖੇ 18 ਅਤੇ 19 ਸਤੰਬਰ ਨੂੰ ਹਾੜੀ ਦੀਆਂ ਫਸਲਾਂ ਲਈ ਲਾਏ ਜਾ ਰਹੇ ਕਿਸਾਨ ਮੇਲੇ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਸਮੇਂ ਮੰਚ ਤੋਂ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਪੀਏਯੂ ਨਵੀਆਂ ਖੇਤੀ ਤਕਨੀਕਾਂ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ-ਨਾਲ ਬਾਗਬਾਨੀ, ਸਹਾਇਕ ਕਿੱਤਿਆਂ ਅਤੇ ਹੋਰ ਖੇਤੀ ਕਾਰਜਾਂ ਲਈ ਲੀਹ ਪਾੜਨ ਵਾਲੇ ਕਿਸਾਨਾਂ ਨੂੰ ਕਿਸਾਨਾਂ ਨੂੰ ਸਨਮਾਨਿਤ ਕਰਦੀ ਹੈ। ਇਸਦਾ ਉਦੇਸ਼ ਹੋਰ ਕਿਸਾਨਾਂ ਨੂੰ ਵਿਗਿਆਨਕ ਖੇਤੀ ਨਾਲ ਜੋੜ ਕੇ ਉਤਸ਼ਾਹਿਤ ਕਰਨਾ ਹੈ।
ਉਨਾਂ ਦੱਸਿਆ ਕਿ ਮੇਲੇ ਦੇ ਉਦਘਾਟਨੀ ਸਮਾਰੋਹ ਦੌਰਾਨ ਕਿਸਾਨਾਂ ਨੂੰ ਸਨਮਾਨ ਦਿੱਤੇ ਜਾਣਗੇ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਹ ਕਿਸਾਨ ਆਪਣੇ ਇਲਾਕੇ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਚਾਨਣ-ਮੁਨਾਰੇ ਸਾਬਿਤ ਹੋਏ ਹਨ। ਉਨਾਂ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਵਿੱਚ ਪਹੁੰਚ ਕੇ ਸੀਮਤ ਸਰੋਤਾਂ ਰਾਹੀਂ ਪਰਿਵਾਰਕ ਆਮਦਨ ਵਧਾਉਣ ਦੇ ਨੁਕਤੇ ਇਹਨਾਂ ਕਿਸਾਨਾਂ ਕੋਲੋਂ ਸਿੱਖਣ ਅਤੇ ਪਰਿਵਾਰਾਂ ਸਮੇਤ ਕਿਸਾਨ ਮੇਲੇ ਵਿਚ ਸ਼ਾਮਿਲ ਹੋਣ।
ਬਲਧੀਰ ਸਿੰਘ ਦੇ ਹਿੱਸੇ ਆਇਆ ਪ੍ਰਵਾਸੀ ਭਾਰਤੀ ਪੁਰਸਕਾਰ
ਫਰੀਦਕੋਟ ਵਾਸੀ 34 ਸਾਲਾ ਬਲਧੀਰ ਸਿੰਘ ਭੁੱਲਰ ਸਪੁੱਤਰ ਬਲਕਰਨ ਸਿੰਘ ਭੁੱਲਰ ਦੀ ਝੋਲੀ ਪਿਆ ਜੋ ਖੇਤੀ ਵੰਨ-ਸੁਵੰਨਤਾ ਨਾਲ ਜੁੜੇ ਵਿਗਿਆਨਕ ਸੋਚ ਵਾਲੇ ਅਗਾਂਹਵਧੂ ਕਿਸਾਨ ਹਨ। ਬਲਧੀਰ ਸਿੰਘ ਭੁੱਲਰ ਨੇ ਪਿਛਲੇ 18 ਸਾਲ ਤੋਂ ਖੇਤੀ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਦੀ ਥਾਂ ਲਗਾਤਾਰ ਆਮਦਨ ਦੇਣ ਵਾਲੇ ਅਤੇ ਮੁਨਾਫ਼ੇਯੋਗ ਕਿੱਤੇ ਵਜੋਂ ਵਿਕਸਿਤ ਕਰਨ ਲਈ ਪੂਰਾ ਜ਼ੋਰ ਲਾਇਆ ਹੈ।
ਨੌਜਵਾਨ ਕਿਸਾਨ ਜੋਬਨਦੀਪ ਸਿੰਘ ਨੂੰ ਮਿਲੇਗਾ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ
ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਾਲਾਖੇੜੀ ਦੇ 32 ਸਾਲਾ ਨੌਜਵਾਨ ਕਿਸਾਨ ਜੋਬਨਦੀਪ ਸਿੰਘ ਸਪੁੱਤਰ ਗੱਜਣ ਸਿੰਘ ਨੂੰ ਦਿੱਤਾ ਜਾ ਰਿਹਾ ਹੈ। ਇਸ ਕਿਸਾਨ ਨੇ ਜੈਵਿਕ ਖੇਤੀ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਲਈ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਬਹੁਤ ਸਾਰੀਆਂ ਤਕਨੀਕਾਂ ਨੂੰ ਅਪਣਾ ਕੇ ਆਪਣੀ ਖੇਤੀ ਨੂੰ ਸਫਲਤਾ ਵੱਲ ਤੋਰਿਆ ਹੈ।
ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਨਾਲ ਨਿਵਾਜੇ ਜਾਣਗੇ ਗੁਰਮੀਤ ਸਿੰਘ
ਗੁਰਮੀਤ ਸਿੰਘ ਸਪੁੱਤਰ ਜੋਗਿੰਦਰ ਰਾਮ ਪਿੰਡ ਖੇੜਾ ਕੋਟਲੀ, ਹੁਸ਼ਿਆਰਪੁਰ ਨੂੰ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਦਿੱਤਾ ਜਾ ਰਿਹਾ ਹੈ। ਇਹ ਅਗਾਂਹਵਧੂ ਕਿਸਾਨ ਖੇਤੀ ਵਿੱਚ 30 ਸਾਲ ਦਾ ਤਜਰਬਾ ਰੱਖਦਾ ਹੈ ਅਤੇ ਇਸਨੇ ਸਹਾਇਕ ਕਿੱਤੇ ਅਪਣਾ ਕੇ ਆਪਣੀ ਪਰਿਵਾਰ ਦੀ ਆਮਦਨ ਵਿੱਚ ਚੋਖਾ ਮੁਨਾਫ਼ਾ ਕੀਤਾ ਹੈ। ਗੁਰਮੀਤ ਸਿੰਘ ਕਈ ਅਗਾਂਹਵਧੂ ਸੰਸਥਾਵਾਂ, ਫਾਰਮਾਂ ਤੋਂ ਸਿਖਲਾਈਆਂ ਪ੍ਰਾਪਤ ਕਰ ਚੁੱਕਾ ਹੈ।
ਪ੍ਰਵਾਸੀ ਭਾਰਤੀ ਪੁਰਸਕਾਰ ਨਾਲ ਹੋਵੇਗਾ ਗੁਰਦਿਆਲ ਸਿੰਘ ਦਾ ਸਨਮਾਨ
ਪ੍ਰਵਾਸੀ ਭਾਰਤੀ ਪੁਰਸਕਾਰਾਂ ਲਈ ਜਿਨ੍ਹਾਂ ਦੋ ਕਿਸਾਨਾਂ ਦੀ ਚੋਣ ਹੋਈ ਉਨਾਂ ਵਿੱਚ ਗੁਰਦਿਆਲ ਸਿੰਘ ਸਪੁੱਤਰ ਨੰਦ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਸੱਲੋਪੁਰ ਦੇ ਵਸਨੀਕ 60 ਸਾਲਾ ਕਿਸਾਨ ਹਨ। ਮੈਟ੍ਰਿਕ ਤੱਕ ਦੀ ਵਿੱਦਿਆ ਹਾਸਲ ਕਰਨ ਵਾਲੇ ਇਸ ਕਿਸਾਨ ਨੇ 8 ਏਕੜ ਨਿੱਜੀ ਮਾਲਕੀ ਵਾਲੀ ਜ਼ਮੀਨ ਦੇ ਨਾਲ 12 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਵੰਨ ਸੁਵੰਨਤਾ ਦਾ ਸਫਲ ਮਾਡਲ ਆਪਣੀ ਕਾਸ਼ਤਕਾਰੀ ਵਿੱਚ ਸਾਕਾਰ ਕੀਤਾ ਹੈ।
ਕਿਸਾਨ ਕੁਲਵਿੰਦਰ ਸਿੰਘ ਨੂੰ ਭੇਟ ਕੀਤਾ ਜਾਵੇਗਾ ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ
ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਲਈ ਜ਼ਿਲ੍ਹਾ ਪਟਿਆਲਾ ਦੇ ਪਿੰਡ ਮਦਾਰਪੁਰ ਦੇ ਕਿਸਾਨ ਕੁਲਵਿੰਦਰ ਸਿੰਘ ਪੁੱਤਰ ਲਾਲ ਸਿੰਘ ਦੀ ਚੋਣ ਹੋਈ ਹੈ। ਇਸ ਕਿਸਾਨ ਨੇ ਖੇਤ ਫਸਲਾਂ ਲਈ ਵਿਕਸਿਤ ਤਕਨੀਕਾਂ ਅਪਨਾਉਣ ਦੇ ਨਾਲ-ਨਾਲ ਵਾਤਾਵਰਨ ਪੱਖੀ ਸਿਫ਼ਾਰਸ਼ਾਂ ਆਪਣੇ ਖੇਤਾਂ ਵਿਚ ਲਾਗੂ ਕਰਕੇ ਹੋਰ ਕਿਸਾਨਾਂ ਲਈ ਪ੍ਰੇਰਨਾਦਾਇਕ ਕਾਰਜ ਕੀਤਾ ਹੈ।
ਕਿਸਾਨ ਮਨਪ੍ਰੀਤ ਸਿੰਘ ਨੂੰ ਦਿੱਤਾ ਜਾ ਰਿਹੈ ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ
ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਜੋ ਸਬਜ਼ੀਆਂ ਨੂੰ ਘੱਟੋ ਘੱਟ 60 ਫੀਸਦੀ ਰਕਬੇ ਵਿਚ ਉਗਾਉਂਦਾ ਕਿਸਾਨ ਹੋਵੇ ਨੂੰ ਦਿੱਤਾ ਜਾਂਦਾ ਹੈ। ਇਸ ਵਾਰ ਇਹ ਇਨਾਮ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਰਹਿਮੇ-ਕੇ-ਉਤਾੜ ਦੇ ਕਿਸਾਨ ਮਨਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਦਿੱਤਾ ਜਾ ਰਿਹਾ ਹੈ। ਇਹ ਇਨਾਮ ਉਨਾਂ ਨੂੰ ਸਬਜ਼ੀਆਂ ਦੇ ਖੇਤਰ ਵਿੱਚ ਵਿਕਸਿਤ ਤਕਨੀਕਾਂ ਅਪਨਾਉਣ ਲਈ ਦਿੱਤਾ ਜਾਵੇਗਾ।
‘ਪਸ਼ੂ ਪਾਲਣ ਮੇਲੇ' ਦੌਰਾਨ ਰਾਜ ਦੇ ਅਗਾਂਹਵਧੂ ਪਸ਼ੂ ਪਾਲਕਾਂ ਨੂੰ ਦਿੱਤੇ ਜਾਣਗੇ ‘ਮੁੱਖ ਮੰਤਰੀ ਪੁਰਸਕਾਰ’
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 18-19 ਸਤੰਬਰ 2026 ਨੂੰ ਕਰਵਾਏ ਜਾਣ ਵਾਲੇ ‘ਪਸ਼ੂ ਪਾਲਣ ਮੇਲੇ' ਦੌਰਾਨ ਰਾਜ ਦੇ ਅਗਾਂਹਵਧੂ ਪਸ਼ੂ ਪਾਲਕਾਂ ਨੂੰ ‘ਮੁੱਖ ਮੰਤਰੀ ਪੁਰਸਕਾਰ' ਦਿੱਤੇ ਜਾਣਗੇ। ਡਾ. ਰਵਿੰਦਰ ਸਿੰਘ ਗਰੇਵਾਲ, ਪਸਾਰ ਸਿੱਖਿਆ ਨਿਰਦੇਸ਼ਕ ਨੇ ਇਨ੍ਹਾਂ ਪੁਰਸਕਾਰ ਜੇਤੂਆਂ ਦੇ ਨਾਂਵਾਂ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਪਸਾਰ ਮਾਡਲ, ਪਸ਼ੂ ਉਤਪਾਦਨ ਅਤੇ ਉੱਦਮਤਾ ਵਿੱਚ ਨਵੀਨਤਮ ਤਕਨੀਕਾਂ ਨੂੰ ਅਪਣਾਉਣ 'ਤੇ ਕੇਂਦਰਿਤ ਹੈ। ਇਸੇ ਮੰਤਵ ਅਧੀਨ ਇਹ ਪੁਰਸਕਾਰ ਵਧੀਆ ਰਾਹ ਦਸੇਰੇ (ਮਿਸਾਲੀ ਸ਼ਖਸੀਅਤਾਂ) ਵਜੋਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੇ ਗਏ ਸਨ। ਆਉਂਦੇ ਪਸ਼ੂ ਪਾਲਣ ਮੇਲੇ ਦੌਰਾਨ, ਤਿੰਨ ਸ਼੍ਰੇਣੀਆਂ - ਨਵੀਨਕਾਰੀ ਪਸ਼ੂ ਪਾਲਕ (ਗਾਂ ਪਾਲਕ), ਨਵੀਨਕਾਰੀ ਮੁਰਗੀ ਪਾਲਕ ਅਤੇ ਪਸ਼ੂ ਉਤਪਾਦਾਂ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਵਿੱਚ ਉੱਦਮੀ ਤਹਿਤ ਅਗਾਂਹਵਧੂ ਪਸ਼ੂ ਪਾਲਕਾਂ ਨੂੰ 'ਮੁੱਖ ਮੰਤਰੀ ਪੁਰਸਕਾਰ' ਦਿੱਤੇ ਜਾਣਗੇ।
‘ਗਾਂ ਪਾਲਕ’ ਸ੍ਰੈਣੀ ’ਚ ਸਨਮਾਨਿਤ ਹੋਣਗੇ ਬਲਵਿੰਦਰ ਸਿੰਘ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੌਂਤਰਾ ਦੇ ਵਸਨੀਕ ਬਲਵਿੰਦਰ ਸਿੰਘ ਸਪੁੱਤਰ ਸਵਰਗੀ ਸੁਰਜੀਤ ਸਿੰਘ ਨੂੰ ‘ਗਾਂ ਪਾਲਕ’ ਸ੍ਰੈਣੀ ਵਿੱਚ ਸਨਮਾਨਿਤ ਕੀਤਾ ਜਾਵੇਗਾ। ਉਹ ਇੱਕ ਵਧੀਆ ਢੰਗ ਨਾਲ ਕਾਰਜਸ਼ੀਲ ਡੇਅਰੀ ਫਾਰਮ ਚਲਾਉਂਦੇ ਹਨ ਜਿਸ ਵਿੱਚ ਆਧੁਨਿਕ ਮਸ਼ੀਨੀਕਰਨ, ਨਸਲ ਸੁਧਾਰ ਪ੍ਰੋਗਰਾਮ ਅਤੇ ਰਿਕਾਰਡ ਰੱਖਣ ਦੀ ਪ੍ਰਣਾਲੀ ਸ਼ਾਮਲ ਹੈ। ਉਨ੍ਹਾਂ ਦੇ ਫਾਰਮ ਵਿੱਚ ਲਗਭਗ 90 ਗਾਵਾਂ, ਵੱਛੀਆਂ ਅਤੇ ਉੱਚ ਨਸਲ ਦੇ ਪਸ਼ੂ ਹਨ, ਜਿਨ੍ਹਾਂ ਤੋਂ ਰੋਜ਼ਾਨਾ ਲਗਭਗ 12 ਕੁਇੰਟਲ ਦੁੱਧ ਦਾ ਉਤਪਾਦਨ ਹੁੰਦਾ ਹੈ। ਫਾਰਮ ਵਿੱਚ ਦੁੱਧ ਚੁਆਈ ਲਈ ਇੱਕ ਆਧੁਨਿਕ 'ਮਿਲਕਿੰਗ ਪਾਰਲਰ' ਮੌਜੂਦ ਹੈ ਤਾਂ ਜੋ ਘੱਟ ਤੋਂ ਘੱਟ ਮਨੁੱਖੀ ਸੰਪਰਕ ਨਾਲ ਮਿਆਰੀ ਦੁੱਧ ਦਾ ਉਤਪਾਦਨ ਯਕੀਨੀ ਬਣਾਇਆ ਜਾ ਸਕੇ।
‘ਨਵੀਨਕਾਰੀ ਮੁਰਗੀ ਪਾਲਕ' ਸ੍ਰੈਣੀ ’ਚ ਰਾਜੇਸ਼ ਗਰਗ ਦਾ ਹੋਵੇਗਾ ਸਨਮਾਨ
ਜ਼ਿਲ੍ਹਾ ਸੰਗਰੂਰ ਦੇ ਵਸਨੀਕ ਰਾਜੇਸ਼ ਗਰਗ ਸਪੁੱਤਰ ਚਮਨ ਲਾਲ ਨੂੰ ‘ਨਵੀਨਕਾਰੀ ਮੁਰਗੀ ਪਾਲਕ' ਸ੍ਰੈਣੀ ਵਿੱਚ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦਾ ਪੋਲਟਰੀ ਫਾਰਮ 15 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਵਾਤਾਵਰਣ-ਨਿਯੰਤਰਿਤ ਸ਼ੈੱਡਾਂ ਅੰਦਰ 4.50 ਲੱਖ ਆਂਡੇ ਦੇਣ ਵਾਲੀਆਂ ਮੁਰਗੀਆਂ ਅਤੇ 2 ਲੱਖ ਚੂਚੇ ਤੇ ਪਾਲੇ ਜਾ ਰਹੇ ਪੰਛੀ ਮੌਜੂਦ ਹਨ। ਵਾਤਾਵਰਣ-ਪੱਖੀ ਰਹਿੰਦ-ਖੂੰਹਦ ਪ੍ਰਬੰਧਨ ਤਕਨੀਕ ਨੂੰ ਅਪਣਾਉਣ ਲਈ ਉਨ੍ਹਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮਾਨਤਾ ਦਿੱਤੀ ਗਈ ਹੈ। ਉਹ ਨੇੜਲੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਸਹਾਇਤਾ ਪ੍ਰਦਾਨ ਕਰਕੇ ਸਮਾਜ ਦੀ ਸੇਵਾ ਵੀ ਕਰ ਰਹੇ ਹਨ।
ਪਸ਼ੂ ਉਤਪਾਦਾਂ ਦੇ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਦੀ ਸ੍ਰੈਣੀ ’ਚ ਨਿਵਾਜ਼ੇ ਜਾਣਗੇ ਜਰਨੈਲ ਸਿੰਘ
ਪਸ਼ੂ ਉਤਪਾਦਾਂ ਦੇ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਦੀ ਸ੍ਰੈਣੀ ਵਿੱਚ, ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਹਰੀਕੇ ਦੇ ਵਸਨੀਕ ਜਰਨੈਲ ਸਿੰਘ ਸਪੁੱਤਰ ਜਸਵੰਤ ਸਿੰਘ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ। ਉਹ ਲਗਭਗ 50,000 ਲੀਟਰ ਦੁੱਧ ਦੀ ਸਮਰੱਥਾ ਵਾਲਾ ਦੁੱਧ ਪ੍ਰੋਸੈਸਿੰਗ ਯੂਨਿਟ ਚਲਾ ਰਹੇ ਹਨ। ਉਹ ਦੁੱਧ ਦੀ ਪ੍ਰੋਸੈਸਿੰਗ ਅਤੇ ਗੁਣਵੱਤਾ ਭਰਪੂਰ ਉਤਪਾਦ ਤੇ ਮਿਠਾਈਆਂ ਤਿਆਰ ਕਰਨ ਲਈ ਵਿਗਿਆਨਕ ਤਰੀਕਿਆਂ ਦੀ ਵਰਤੋਂ ਕਰਦੇ ਹਨ, ਅਤੇ ਨਾਲ ਹੀ ਸਹਾਇਕ ਉਤਪਾਦਾਂ ਦੀ ਵਿਕਰੀ ਵੀ ਕਰਦੇ ਹਨ।