ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ
Publish Date: Thu, 26 Mar 2026 08:23 PM (IST)
Updated Date: Fri, 27 Mar 2026 04:11 AM (IST)

ਫੋਟੋ 16 * ਰਾਗੀ ਜੱਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਸੁਣਾ ਕੇ ਨਿਹਾਲ ਕੀਤਾ * ਭਾਈ ਗੁਰਮੁੱਖ ਸਿੰਘ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਵਿਸ਼ੇਸ਼ ਕੀਰਤਨ ਸਮਾਗਮ ਕਰਵਾਇਆ ਗਿਆ। ਕੀਰਤਨ ਸਮਾਗਮ ’ਚ ਵੱਡੀ ਗਿਣਤੀ ਵਿਚ ਸੰਗਤ ਨੇ ਆਪਣੀਆਂ ਹਾਜ਼ਰੀਆਂ ਭਰ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਭੇਟ ਕੀਤਾ। ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਅੰਦਰ ਭਾਈ ਗੁਰਮੁੱਖ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਕੀਰਤਨੀ ਜੱਥੇ ਨੇ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਭਰ ਕੇ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਦੌਰਾਨ ਭਾਈ ਗੁਰਮੁੱਖ ਸਿੰਘ ਨੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਧਾਰਨ ਕਰ ਕੇ ਜਿੱਥੇ ਸੰਗਤ ’ਚ ਭਗਤੀ ਤੇ ਸ਼ਕਤੀ ਦੇ ਸਕੰਲਪ ਨੂੰ ਉਭਾਰਿਆ, ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਆਪਣੀ ਆਜ਼ਾਦ ਤੇ ਨਿੱਡਰਤਾ ਵਾਲੀ ਸੋਚ ਦਾ ਪ੍ਰਗਟਾਵਾ ਕਰਕੇ ਇਕ ਨਵੇਂ ਅਧਿਆਏ ਦੀ ਆਰੰਭਤਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਹੀ ਪਰਉਪਕਾਰ ਵਿੱਚ ਕਿਸੇ ਉਚੇ ਆਦਰਸ਼ ਲਈ ਬਤੀਤ ਕੀਤਾ। ਉਨ੍ਹਾਂ ਨੇ ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਜੋਤੀ ਜੋਤਿ ਦਿਵਸ ਮੌਕੇ ਕਰਵਾਏ ਗਏ ਕੀਰਤਨ ਸਮਾਗਮ ਨੂੰ ਇੱਕ ਉਪਦੇਸ਼ਕ ਸਮਾਗਮ ਦੱਸਦਿਆਂ ਸੰਗਤ ਨੂੰ ਧਰਮ ਦੇ ਮਾਰਗ ਉਪਰ ਚੱਲਣ ਦੇ ਨਾਲ ਨਾਲ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਤਾਕੀਦ ਵੀ ਕੀਤੀ। ਇਸ ਮੌਕੇ ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਦੇ ਅਹੁਦੇਦਾਰ ਬਲਬੀਰ ਸਿੰਘ ਭਾਟੀਆ, ਤਜਿੰਦਰਪਾਲ ਸਿੰਘ ਤੇ ਬਲਬੀਰ ਸਿੰਘ ਖੁਰਾਣਾ ਨੇ ਸਾਂਝੇ ਰੂਪ ਵਿੱਚ ਕੀਰਤਨੀ ਜੱਥੇ ਦੇ ਸਮੂਹ ਮੈਬਰਾਂ ਨੂੰ ਸਿਰਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਦੌਰਾਨ ਕੀਰਤਨ ਸਮਾਗਮ ਅੰਦਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੀਤ ਸਿੰਘ ਮਕੱੜ, ਗੁਰੁ ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਮੁੱਖ ਮੈਂਬਰ ਇੰਦਰਬੀਰ ਸਿੰਘ ਬੱਤਰਾ, ਰਜਿੰਦਰ ਸਿੰਘ ਡੰਗ, ਸਰਬਜੀਤ ਸਿੰਘ, ਗੁਰਬਚਨ ਸਿੰਘ, ਹਰਪਾਲ ਸਿੰਘ ਖਾਲਸਾ, ਅਤਰ ਸਿੰਘ ਮਕੱੜ, ਹਰਪਾਲ ਸਿੰਘ ਬੱਤਰਾ, ਭੁਪਿੰਦਰ ਸਿੰਘ ਜੁਨੇਜਾ, ਐਨਪੀ ਸਿੰਘ ਕਥੂਰੀਆਂ, ਜੋਗਿੰਦਰ ਸਿੰਘ ਸਲੂਜਾ, ਕੁਲਜੀਤ ਸਿੰਘ ਖੁਰਾਣਾ, ਅਵਤਾਰ ਸਿੰਘ ਮਿੱਢਾ, ਮਨਮੋਹਨ ਸਿੰਘ, ਭੁਪਿੰਦਰ ਸਿੰਘ ਅਰੋੜਾ, ਵਿਜੈ ਕੁਮਾਰ ਸੂਦ, ਰਘਬੀਰ ਸਿੰਘ, ਮਹਿੰਦਰ ਸਿੰਘ ਡੰਗ, ਹਰਮੀਤ ਸਿੰਘ ਡੰਗ, ਸੁਰਿੰਦਰਪਾਲ ਸਿੰਘ ਭੁਟੀਆਣੀ, ਹਰਪ੍ਰੀਤ ਸਿੰਘ ਨੀਟਾ, ਦਵਿੰਦਰ ਸਿੰਘ ਬਿੱਟੂ, ਹਰਚਰਨ ਸਿੰਘ ਕਾਲੜਾ, ਕਵੰਲਪ੍ਰੀਤ ਸਿੰਘ ਸੋਢੀ, ਇੰਦਰਜੀਤ ਸਿੰਘ ਛਾਬੜਾ ਸਮੇਤ ਸ਼ਗਤ ਹਾਜ਼ਰ ਸੀ।