ਅਗਵਾ ਕਰਕੇ ਅਲਮਾਰੀ 'ਚ ਕੀਤਾ ਬੰਦ, ਬੇਰਹਿਮੀ ਨਾਲ ਕੁੱਟਮਾਰ ਕਰਕੇ ਮੰਗੀ 5 ਲੱਖ ਦੀ ਫਿਰੌਤੀ; ਖੌਫ਼ਨਾਕ ਵਾਰਦਾਤ ਨਾਲ ਇਲਾਕੇ 'ਚ ਦਹਿਸ਼ਤ
ਫਿਰੌਤੀ ਨਾ ਮਿਲਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਵੀ ਦੋਸ਼ ਹੈ। ਇਸ ਹਾਲਾਤ ’ਚ ਫਸਿਆ ਨੌਜਵਾਨ ਕਿਸੇ ਤਰ੍ਹਾਂ ਮੁਲਜ਼ਮਾਂ ਦੇ ਚੁੰਗਲ ’ਚੋਂ ਨਿਕਲ ਕੇ ਭੱਜਣ ਵਿੱਚ ਕਾਮਯਾਬ ਹੋਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
Publish Date: Fri, 11 Sep 2026 01:07 PM (IST)
Updated Date: Fri, 11 Sep 2026 01:10 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਵਿੱਚ ਕਿਡਨੈਪਿੰਗ ਅਤੇ ਫਿਰੌਤੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਘਰੋਂ ਬਾਹਰ ਘੁੰਮਣ ਨਿਕਲੇ 20 ਸਾਲਾ ਨੌਜਵਾਨ ਨੂੰ ਕਥਿਤ ਤੌਰ ’ਤੇ ਜਬਰੀ ਕਿਡਨੈਪ ਕਰਕੇ ਮੁਲਜ਼ਮ ਇੱਕ ਘਰ ਵਿੱਚ ਲੈ ਗਏ। ਉਥੇ ਨੌਜਵਾਨ ਨੂੰ ਅਲਮਾਰੀ ਵਿੱਚ ਬੰਦ ਕਰਕੇ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਪਰਿਵਾਰ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ।
ਫਿਰੌਤੀ ਨਾ ਮਿਲਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਵੀ ਦੋਸ਼ ਹੈ। ਇਸ ਹਾਲਾਤ ’ਚ ਫਸਿਆ ਨੌਜਵਾਨ ਕਿਸੇ ਤਰ੍ਹਾਂ ਮੁਲਜ਼ਮਾਂ ਦੇ ਚੁੰਗਲ ’ਚੋਂ ਨਿਕਲ ਕੇ ਭੱਜਣ ਵਿੱਚ ਕਾਮਯਾਬ ਹੋਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਬੀਤੇ ਦਿਨੀ 20 ਸਾਲਾ ਨੌਜਵਾਨ ਆਪਣੇ ਘਰ ਤੋਂ ਬਾਹਰ ਘੁੰਮਣ ਲਈ ਨਿਕਲਿਆ ਸੀ। ਇਸ ਦੌਰਾਨ ਸਨੀ, ਗੁੰਨੀ, ਦਾਣਾ, ਆਰੀਅਨ ਅਤੇ ਗੁੱਗੀ ਸਮੇਤ 3-4 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਕਥਿਤ ਤੌਰ ’ਤੇ ਕਿਡਨੈਪ ਕਰ ਲਿਆ।
ਸ਼ਿਕਾਇਤਕਰਤਾ ਪਿੰਡ ਦਾਦ ਦੇ ਵਾਸੀ ਰਮਨ ਮੁਤਾਬਕ ਕਿਡਨੈਪਿੰਗ ਤੋਂ ਬਾਅਦ ਮੁਲਜ਼ਮ ਉਸ ਨੂੰ ਇੱਕ ਘਰ ’ਚ ਲੈ ਗਏ ਅਤੇ ਅਲਮਾਰੀ ਵਿੱਚ ਬੰਦ ਕਰ ਦਿੱਤਾ। ਇਸ ਦੌਰਾਨ ਉਸ ਨਾਲ ਕੁੱਟਮਾਰ ਕੀਤੀ ਗਈ। ਮੁਲਜ਼ਮਾਂ ਨੇ ਉਸ ਦੇ ਘਰਦਿਆਂ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਕਿਸੇ ਤਰ੍ਹਾਂ ਚੁੰਗਲ ਤੋਂ ਨਿਕਲਿਆ, ਪੁਲਿਸ ਨੂੰ ਦਿੱਤੀ ਸੂਚਨਾ
ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਮੁਲਜ਼ਮਾਂ ਦੇ ਕਬਜ਼ੇ ’ਚੋਂ ਕਿਸੇ ਤਰ੍ਹਾਂ ਖੁਦ ਨੂੰ ਛੁਡਾਉਣ ਵਿੱਚ ਕਾਮਯਾਬ ਹੋਇਆ ਅਤੇ ਮੌਕਾ ਮਿਲਦਿਆਂ ਉਥੋਂ ਭੱਜ ਨਿਕਲਿਆ। ਬਾਹਰ ਆਉਂਦੇ ਹੀ ਉਸ ਨੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕੀਤੀ।
ਪੁਲਿਸ ਨੇ ਸਨੀ, ਗੁੰਨੀ, ਦਾਣਾ, ਆਰੀਅਨ, ਗੁੱਗੀ ਅਤੇ 3-4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਦੇ ਨਾਲ-ਨਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਘਟਨਾ ਨਾਲ ਜੁੜੇ ਹੋਰ ਤੱਥਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਉਧਰ ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਧਿਰ ਅਤੇ ਸ਼ਿਕਾਇਤਕਰਤਾ ਇੱਕ-ਦੂਜੇ ਦੇ ਪੁਰਾਣੇ ਵਾਕਫ਼ ਹਨ। ਪੁਲਿਸ ਵੱਲੋਂ ਘਟਨਾ ਨਾਲ ਜੁੜੇ ਹਰੇਕ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਮੁਲਜ਼ਮਾਂ ’ਤੇ ਲਗਾਏ ਗਏ ਕਿਡਨੈਪਿੰਗ, ਕੁੱਟਮਾਰ, ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਸਮੇਤ ਸਾਰੇ ਦੋਸ਼ਾਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।