
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

-ਖੇਡਾ ਵਤਨ ਪੰਜਾਬ ਦੀਆਂ 2026-

-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਚੌਥੇ ਸੀਜ਼ਨ ਲਈ ਕਿਊ ਆਰ ਕੋਡ ਜਾਰੀ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
'ਖੇਡਾਂ ਵਤਨ ਪੰਜਾਬ ਦੀਆਂ' ਦੇ ਚੌਥੇ ਸੀਜ਼ਨ ਲਈ ਕਿਊ ਆਰ ਕੋਡ ਜਾਰੀ ਕਰਨ ਦੀ ਰਸਮ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਨਿਭਾਈ। ਇਸ ਸਮੇਂ ਜ਼ਿਲ੍ਹਾ ਖੇਡ ਅਫ਼ਸਰ ਮਨਦੀਪ ਕੌਸ਼ਲ ਵੀ ਹਾਜ਼ਰ ਸਨ। ਕਿਊ ਆਰ ਕੋਡ ਖਿਡਾਰੀ ਮੁਫ਼ਤ ਰਜਿਸਟਰੇਸ਼ਨ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ।
ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਪਹਿਲੀ ਵਾਰ ਕਿਊ ਆਰ ਕੋਡ ਅਧਾਰਤ ਮੁਫ਼ਤ ਰਜਿਸਟ੍ਰੇਸ਼ਨ ਦੀ ਸਹੂਲਤ ਜਾਰੀ ਕੀਤੀ ਗਈ ਹੈ। ਖਿਡਾਰੀ ਇਸ ਕਿਊਆਰ ਕੋਡ ਨੂੰ ਸਕੈਨ ਕਰਕੇ ਬਿਨਾਂ ਕਿਸੇ ਫ਼ੀਸ ਦੇ ਆਸਾਨੀ ਨਾਲ ਕਿਸੇ ਵੀ ਸਮੇਂ ਅਤੇ ਕਿਤੋਂ ਵੀ ਇਨ੍ਹਾਂ ਖੇਡਾਂ ਲਈ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਜੈਨ ਨੇ ਦੱਸਿਆ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਮੋੜਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ-2026' ਦਾ ਆਯੋਜਨ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ ਜਿਸਦਾ ਰਸਮੀ ਆਗਾਜ਼ 5 ਸਤੰਬਰ ਨੂੰ ਬਠਿੰਡਾ ਤੋਂ ਹੋਵੇਗਾ, ਜਦਕਿ 29 ਨਵੰਬਰ ਨੂੰ ਪਟਿਆਲਾ ਵਿਖੇ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਖੇਡਾਂ ਮੁਕੰਮਲ ਹੋਣਗੀਆਂ।
ਕੌਸ਼ਲ ਨੇ ਦੱਸਿਆ ਕਿ 6 ਸਤੰਬਰ ਤੋਂ ਇਹ ਖੇਡ ਮੁਕਾਬਲੇ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ 13 ਬਲਾਕਾਂ ਵਿੱਚ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਲੁਧਿਆਣਾ-1, ਲੁਧਿਆਣਾ-2, ਨਗਰ ਨਿਗਮ, ਮੁੱਲਾਂਪੁਰ, ਮਲੌਦ, ਸਮਰਾਲਾ, ਕੂਮ ਕਲਾਂ, ਡੇਹਲੋਂ, ਜਗਰਾਉਂ, ਦੋਰਾਹਾ, ਮਾਛੀਵਾੜਾ, ਖੰਨਾ ਅਤੇ ਰਾਏਕੋਟ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਖੇਡ ਮੁਕਾਬਲੇ 38 ਵੱਖ-ਵੱਖ ਖੇਡ ਵੰਨਗੀਆਂ ਵਿੱਚ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਅੰਡਰ-14 ਉਮਰ ਵਰਗ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਖਿਡਾਰੀ ਵੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਇਸ ਵਾਰ ਖਾਸ ਆਕਰਸ਼ਨ ਦੇ ਤੌਰ 'ਤੇ ਪਹਿਲੀ ਵਾਰ ਟੈਨਿਸ ਬਾਲ ਕ੍ਰਿਕਟ ਨੂੰ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪੈਰਾ-ਐਥਲੀਟਾਂ ਲਈ ਐਥਲੈਟਿਕਸ, ਪਾਵਰਲਿਫਟਿੰਗ, ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ ਵਰਗੀਆਂ ਚਾਰ ਪ੍ਰਮੁੱਖ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ। ਕੌਸ਼ਲ ਨੇ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਦੀ ਪ੍ਰਕਿਰਿਆ ਬਿਲਕੁਲ ਮੁਫ਼ਤ ਰੱਖੀ ਗਈ ਹੈ, ਜਿਸ ਲਈ ਖੇਡ ਵਿਭਾਗ ਦੇ ਪੋਰਟਲ ਜਾਂ ਕਿਊਆਰਕੋਡ ਦੀ ਵਰਤੋਂ ਕੀਤੀ ਜਾ ਸਕਦੀ ਹੈ।