ਬਹੁ-ਚਰਚਿਤ 9.66 ਕਰੋੜੀ ਪੁਜਾਰੀ ਘੁਟਾਲੇ ਨਾਲ ਗਰਮਾਈ ਖੰਨਾ ਦੀ ਸਿਆਸਤ
ਬਹੁ-ਚਰਚਿਤ 9.66 ਕਰੋੜੀ ਪੁਜਾਰੀ ਘੁਟਾਲੇ ਨਾਲ ਗਰਮਾਈ ਖੰਨਾ ਦੀ ਸਿਆਸਤ
Publish Date: Tue, 31 Mar 2026 09:30 PM (IST)
Updated Date: Tue, 31 Mar 2026 09:34 PM (IST)

-7 ਸਾਲਾਂ ਬਾਅਦ ਏਐੱਸਆਈ ਦਿਲਬਾਗ ਸਿੰਘ ਬਬਲੀ ਦੀ ਬਹਾਲੀ -ਮੰਤਰੀ ਸੋਂਦ ਨੇ ਕਾਂਗਰਸ ਤੇ ਦੋਸ਼ ਲਗਾਇਆ ਕਿ ਉਸ ਨੂੰ ਝੂਠੇ ਕੇਸ ’ਚ ਫਸਾਇਆ -ਏਐੱਸਆਈ ਕੋਟਲੀ ਦਾ ਦੋਸ਼, ਸੋਂਦ ਗੰਦੀ ਸਿਆਸਤ ਖੇਡ ਰਿਹੈ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਖੰਨਾ : ਸਾਲ 2019 ’ਚ ਖੰਨਾ ਪੁਲਿਸ ਵੱਲੋਂ ਜਲੰਧਰ ਦੇ ਪ੍ਰਤਾਪਪੁਰਾ ’ਚ ਰਹਿਣ ਵਾਲੇ ਇੱਕ ਪਾਦਰੀ ਨੂੰ ਇੱਕ ਹਾਈ-ਟੈੱਕ ਨਾਕੇ ਦੌਰਾਨ ਹਵਾਲਾ ਦੇ 9.66 ਕਰੋੜ ਰੁਪਿਆਂ ਸਣੇ ਫੜੇ ਜਾਣ ਦੇ ਮਾਮਲੇ ਦਾ ਜਿੰਨ ਚੋਣਾਂ ਨੇੜੇ ਬਾਹਰ ਨਿਕਿਲਿਆ ਹੈ। ਇਸ ਮੁੱਦੇ ਨਾਲ ਖੰਨਾ ਹਲਕੇ ਦੀ ਸਿਆਸਤ ਇਕ ਵਾਰ ਫਿਰ ਗਰਮਾ ਗਈ ਹੈ। ਇਸ ਕਾਂਡ ਨੂੰ ਲੈ ਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਤੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਫਿਰ ਭਿੜੇ ਹਨ। ਇਹ ਮਾਮਲਾ 2019 ਦੇ ਕਰੋੜਾਂ ਰੁਪਏ ਦੇ ਹਵਾਲਾ ਕੇਸ ’ਚ ਫਸੇ ਇੱਕ ਪੁਲਿਸ ਅਧਿਕਾਰੀ ਦਿਲਬਾਗ ਸਿੰਘ ਬਬਲੀ ਨੂੰ ਲਗਭਗ ਸੱਤ ਸਾਲਾਂ ਬਾਅਦ ਬਹਾਲ ਕਰਨ ਤੋਂ ਬਾਅਦ ਗਰਮਾਇਆ ਹੈ। ਜਿੱਥੇ ਮੌਜੂਦਾ ਸਰਕਾਰ ਇਸ ਨੂੰ ਸੱਚ ਦੀ ਜਿੱਤ ਕਹਿ ਰਹੀ ਹੈ, ਉੱਥੇ ਵਿਰੋਧੀ ਧਿਰ ਇਸ ਨੂੰ ਗੰਦੀ ਸਿਆਸਤ ਵੀ ਕਹਿ ਰਹੀ ਹੈ। ਦਿਲਬਾਗ ਸਿੰਘ ਬਬਲੀ ਦੀ ਬਹਾਲੀ ਤੋਂ ਬਾਅਦ ਖੰਨਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਸੋਸ਼ਲ ਮੀਡੀਆ ਤੇ ਇੱਕ ਵੱਡਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਬਬਲੀ ਨੂੰ ਇੱਕ ਝੂਠੇ ਕੇਸ ’ਚ ਫਸਾਇਆ ਗਿਆ ਸੀ ਅਤੇ ਉਸ ਨੂੰ ਸਾਲਾਂ ਤੱਕ ਇਨਸਾਫ਼ ਤੋਂ ਵਾਂਝਾ ਰੱਖਿਆ ਗਿਆ ਸੀ। ਸੋਂਦ ਨੇ ਲਿਖਿਆ ਕਿ 2022 ’ਚ ਵਿਧਾਇਕ ਬਣਨ ਤੋਂ ਬਾਅਦ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਨੇ ਨਿੱਜੀ ਤੌਰ ਤੇ ਬਬਲੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ। ਜਾਂਚ ਤੋਂ ਬਾਅਦ, ਬਬਲੀ ਨੂੰ ਬੇਕਸੂਰ ਪਾਇਆ ਗਿਆ ਅਤੇ ਉਸ ਨੂੰ ਬਹਾਲ ਕਰ ਦਿੱਤਾ ਗਿਆ। ਆਪਣੇ ਬਿਆਨ ’ਚ ਸੋਂਦ ਨੇ ਇਹ ਵੀ ਦੋਸ਼ ਲਗਾਇਆ ਕਿ ਬਬਲੀ ਨੂੰ ਖੰਨਾ ਤੋਂ ਤਤਕਾਲੀ ਕਾਂਗਰਸੀ ਵਿਧਾਇਕ ਦੇ ਦਬਾਅ ਹੇਠ ਫਸਾਇਆ ਗਿਆ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨਿਰਦੋਸ਼ ਵਿਅਕਤੀ ਨੂੰ ਇਨਸਾਫ਼ ਦਿਵਾਇਆ ਹੈ ਅਤੇ ਸਾਬਤ ਕੀਤਾ ਹੈ ਕਿ ਸੱਚ ਕਦੇ ਨਹੀਂ ਹਾਰਦਾ। ਦੂਜੇ ਪਾਸੇ, ਸਾਬਕਾ ਮੰਤਰੀ ਅਤੇ ਤਤਕਾਲੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਇਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਤੌਰ ਤੇ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਤਰੁਣਪ੍ਰੀਤ ਸਿੰਘ ਸੋਂਦ ਗੰਦੀ ਸਿਆਸਤ ਖੇਡ ਰਹੇ ਸਨ ਅਤੇ ਨਿੱਜੀ ਲਾਭ ਲਈ ਬੇਬੁਨਿਆਦ ਦੋਸ਼ ਲਗਾ ਰਹੇ ਸਨ। ਕੋਟਲੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਜਾਂ ਕਾਂਗਰਸ ਪਾਰਟੀ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਸਲ ’ਚ ਉਨ੍ਹਾਂ ਉਸ ਸਮੇਂ ਦਿਲਬਾਗ ਸਿੰਘ ਬਬਲੀ ਦੀ ਮਦਦ ਕੀਤੀ ਸੀ। ਕੋਟਲੀ ਨੇ ਕਿਹਾ ਕਿ ਇਹ ਕੋਈ ਜਨਹਿੱਤ ਦਾ ਮੁੱਦਾ ਨਹੀਂ ਹੈ, ਸਗੋਂ ਇੱਕ ਨਿੱਜੀ ਮਾਮਲਾ ਹੈ ਜਿਸਦਾ ਜਾਣਬੁੱਝ ਕੇ ਸਿਆਸੀਕਰਨ ਕੀਤਾ ਜਾ ਰਿਹਾ ਹੈ। ਮੌਜੂਦਾ ਸਰਕਾਰ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਅਤੇ ਕਾਂਗਰਸ ਨੂੰ ਬਦਨਾਮ ਕਰਨ ਲਈ ਅਜਿਹੇ ਮਾਮਲੇ ਉਠਾ ਰਹੀ ਹੈ। ਇਹ ਸੀ ਪੂਰਾ ਮਾਮਲਾ 2019 ’ਚ ਖੰਨਾ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਸਨੇ ਜਲੰਧਰ ਦੇ ਪ੍ਰਤਾਪਪੁਰਾ ’ਚ ਰਹਿਣ ਵਾਲੇ ਇੱਕ ਪਾਦਰੀ ਨੂੰ ਇੱਕ ਹਾਈ-ਟੈੱਕ ਨਾਕੇ ਦੌਰਾਨ 9.66 ਕਰੋੜ ਰੁਪਏ ਨਾਲ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਹ ਰਕਮ ਹਵਾਲਾ ਪੈਸੇ ਦੀ ਸੀ। ਹਾਲਾਂਕਿ, ਪਾਦਰੀ ਨੇ ਦੋਸ਼ ਲਾਇਆ ਕਿ ਉਸਨੂੰ ਉਸਦੇ ਘਰੋਂ ਚੁੱਕਿਆ ਗਿਆ ਸੀ ਅਤੇ ਕੁੱਲ 16 ਕਰੋੜ ਰੁਪਏ ਸਨ, ਜਿਸ ’ਚੋਂ 6.34 ਕਰੋੜ ਰੁਪਏ ਚੋਰੀ ਹੋ ਗਏ ਸਨ। ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਹ ਮਾਮਲਾ ਕਾਫ਼ੀ ਵਿਵਾਦਾਂ ’ਚ ਘਿਰ ਗਿਆ ਸੀ। ਜਾਂਚ ਦੌਰਾਨ, ਪੁਲਿਸ ਦੀ ਭੂਮਿਕਾ ਤੇ ਸਵਾਲ ਉਠਾਏ ਗਏ ਸਨ ਅਤੇ ਦਿਲਬਾਗ ਸਿੰਘ ਬਬਲੀ ਸਮੇਤ ਕਈ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਸੀ। ਹੁਣ, ਉਸਦੀ ਬਹਾਲੀ ਤੋਂ ਬਾਅਦ, ਇਹ ਮਾਮਲਾ ਇੱਕ ਵਾਰ ਫਿਰ ਸਿਆਸੀ ਬਹਿਸ ਦਾ ਕੇਂਦਰ ਬਣ ਗਿਆ ਹੈ।