ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਫੋਕਲ ਪੁਆਇੰਟ, ਚਾਰੇ ਪਾਸੇ ਗੰਦਗੀ ਦੀ ਭਰਮਾਰ ਫੋਕਲ ਪੁਆਇੰਟ ਖੰਨਾ, ਸਰਕਾਰ ਦੀ ਬੇਰੁਖੀ ਦਾ ਸ਼ਿਕਾਰ, ਚਾਰੇ ਪਾਸੇ ਗੰਦਗੀ ਦੀ ਭਰਮਾਰ
Publish Date: Tue, 14 Jul 2026 09:55 PM (IST)
Updated Date: Wed, 15 Jul 2026 04:13 AM (IST)
100 ਏਕੜ ’ਚ ਫੈਲੇ ਫੋਕਲ ਪੁਆਇੰਟ ਦਾ ਸਾਰਾ ਸੀਵਰੇਜ ਜਾਮ ਪਾਣੀ ਦੀ ਨਿਕਾਸੀ ਨਾ ਹੋਣ ’ਤੇ ਸੜਕਾਂ ’ਤੇ ਖੜ੍ਹਾ ਗੰਦਾ ਪਾਣੀ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ: ਏਸ਼ੀਆ ਦੀ ਸਭ ਤੋਂ ਵੱਡੀ ਅਨਾਜ਼ ਮੰਡੀ ਨਾਲ ਮਸ਼ਹੂਰ ਖੰਨਾ ਸ਼ਹਿਰ ਦਾ ਫੋਕਲ ਪੁਆਇੰਟ ’ਚ ਥਾਂ ਥਾਂ ’ਤੇ ਗੰਦਗੀ ਤੇ ਸੀਵਰੇਜ ਦੀ ਗੰਦੇ ਪਾਣੀ ਦੀ ਭਰਮਾਰ ਕਾਫ਼ੀ ਸਮੇਂ ਤੋਂ ਸਮੱਸਿਆ ਬਣੀ ਹੋਈ ਹੈੇ। ਸੀਵਰੇਜ ਦਾ ਗੰਦਾ ਪਾਣੀ ਫੋਕਲ ਪੁਆਇੰਟ ਦੀ ਸੜਕਾਂ ’ਤੇ ਸਰਕਾਰ ਤੇ ਪ੍ਰਸਾਸ਼ਨ ਦੀ ਲਾਪਰਵਾਹੀ ਨੂੰ ਉਜਾਗਰ ਕਰ ਰਿਹਾ ਹੈ। ਮੌਜੂਦਾ ਸਰਕਾਰ ਵੱਲੋਂ ਸਾਢੇ ਚਾਰ ਸਾਲ ’ਚ ਸਾਰ ਨਾਲ ਲੈਣ ਕਰਕੇ ਫੋਕਲ ਪੁਆਇੰਟ ਗੰਦਗੀ, ਸੀਵਰੇਜ ਦੇ ਗੰਦੇ ਪਾਣੀ ਤੇ ਬੰਦ ਪਈਆਂ ਸਟਰੀਟ ਲਾਈਟਾਂ ਸਰਕਾਰ ਦੇ ਉਦਯੋਗਾਂ ਨੂੰ ਬੜਾਵੇ ਦੇਣ ਦੇ ਵਾਅਦਿਆਂ ਤੇ ਦਾਅਵਿਆਂ ਦੀ ਪੋਲ੍ਹ ਖੋਲ੍ਹ ਰਹੀਆਂ ਹਨ। ਗੰਦੇ ਪਾਣੀ ਦੀਆਂ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ, ਸਾਰਾ ਸੀਵਰੇਜ ਜਾਮ ਹੋਇਆ ਪਿਆ ਹੈ, ਜਿਸ ਕਰਕੇ ਗੰਦਾ ਪਾਣੀ ਸੜਕਾਂ ’ਤੇ ਖੜ੍ਹਾ ਰਹਿੰਦਾ ਹੈ। ਬੰਦ ਸਟਰੀਟ ਲਈਟਾਂ ਕਰਕੇ ਹਰ ਵੇਲੇ ਚੋਰੀ ਤੇ ਲੁੱਟ ਆਦਿ ਦੀਆਂ ਘਟਨਾਵਾਂ ਵਪਾਰਨ ਦਾ ਡਰ ਵੀ ਕਾਰੋਬਾਰੀਆਂ ਨੂੰ ਸਤਾਉਂਦਾ ਰਹਿੰਦਾ ਹੈ। ਬਾਕਸ-- ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਤੋਂ ਬਾਅਦ ਨਹੀਂ ਮਿਲੀ ਕੋਈ ਗ੍ਰਾਂਟ ਪ੍ਰਾਪਤ ਜਾਣਕਾਰੀ ਅਨੁਸਾਰ ਫੋਕਲ ਪੁਆਇੰਟ ਖੰਨਾ ਕਰੀਬ 100 ਏਕੜ ’ਚ ਬਣਿਆ ਹੋਇਆ ਹੈ। ਫੋਕਲ ਪੁਆਇੰਟ ਖੰਨਾ ਦੀ ਮਾੜੀ ਦਸ਼ਾ ਸੁਧਾਰਨ ਲਈ 2012 ਤੋਂ 2017 ਦੀ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਹਲਕਾ ਇੰਜਾਰਜ ਰਣਜੀਤ ਸਿੰਘ ਤਲਵੰਡੀ ਦੇ ਯਤਨਾਂ ਕਰੀਬ ਦੋ ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਇਸ ਗ੍ਰਾਂਟ ਵੱਲੋਂ ਸੀਵਰੇਜ ਦੀ ਲਾਈਨ ਪਾਈ ਗਈ ਸੀ। ਜਿਸ ਨਾਲ ਸਾਰੇ ਫੋਕਲ ਪੁਆਇੰਟ ’ਚ ਸੀਵਰੇਜ ਦੀਆਂ ਪਾਇਪਾਂ ਪਾ ਦਿੱਤੀਆਂ ਗਈਆਂ ਸਨ। ਇਸ ਮਗਰੋਂ 2017 ਤੋਂ 2022 ਦੀ ਕਾਂਗਰਸ ਸਰਕਾਰ ਵੱਲੋਂ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਵੱਲੋਂ ਕਰੀਬ 8 ਕਰੋੜ ਰੁਪਏ ਦੀ ਗ੍ਰਾਂਟ ਸਾਂਸਦ ਡਾ. ਅਮਰ ਸਿੰਘ ਨਾਲ ਮਿਲ ਕੇ ਫੋਕਲ ਪੁਆਇੰਟ ਲਈ ਲਿਆਂਦੀ ਗਈ। ਇਸ ਗ੍ਰਾਂਟ ਨਾਲ ਫੋਕਲ ਪੁਆਇੰਟ ’ਚ ਸਮਿੰਟਿਡ ਸੜਕਾਂ ਤੇ ਸਟਰੀਟ ਲਾਈਟਾਂ ਲਗਵਾਈਆਂ ਗਈ। ਇੰਡਸਟਰੀਅਲ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਖੰਨਾ ਦੇ ਸਾਬਕਾ ਪ੍ਰਧਾਨ ਤੇਜਿੰਦਰ ਸ਼ਰਮਾ ਦੇ ਯਤਨਾਂ ਨਾਲ ਇੰਨ੍ਹਾਂ ਦੋ ਵੱਡੀਆਂ ਗ੍ਰਾਟਾਂ ਨਾਲ ਫੋਕਲ ਪੁਆਇੰਟ ਦੀ ਨੁਹਾਰ ਬਣ ਗਈ ਸੀ। ਤੇਜਿੰਦਰ ਸ਼ਰਮਾ ਦੇ ਕਾਰਜਕਾਲ ਦੋਰਾਨ ਫੋਕਲ ਪੁਆਇੰਟ ’ਚ ਦਹਾਕਿਆਂ ਤੋਂ ਬਣੇ ਵੱਡੇ ਵੱਡੇ ਟੋਟੇ ਤੇ ਗੰਦੇ ਪਾਣੀ ਤੋਂ ਕਾਰੋਬਾਰੀਆਂ ਨੂੰ ਰਾਹਤ ਮਿਲੀ ਸੀ। ਫੋਕਲ ਪੁਆਇੰਟ ਖੰਨਾ ਦੀਆਂ ਸੜਕਾਂ ਤੇ ਸੀਵਰੇਜ ਦਾ ਕੰਮ ਤਾਂ ਭਾਵੇਂ ਪਿਛਲੀਆਂ ਸਰਕਾਰਾਂ ਵੱਲੋਂ ਕਰੋੜਾਂ ਦੀ ਲਾਗਤ ਨਾਲ ਕਰਵਾ ਦਿੱਤਾ ਗਿਆ ਸੀ ਪਰ ਪਰ ਸਰਕਾਰ ਬਦਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੰਨਾ ਦੇ ਫੋਕਲ ਪੁਆਇੰਟ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਕਰਕੇ ਪੱਕੀਆਂ ਸੜਕਾਂ ਦੇ ਬਾਵਜੂਦ ਗੰਦਗੀ ਤੇ ਸੀਵਰੇਜ ਦੀ ਪਾਣੀ ਨਾਲ ਫੋਕਲ ਪੁਆਇੰਟ ਮਾੜਾ ਹਾਲ ਹੋਇਆ ਪਿਆ ਹੈ। ਬਾਕਸ-- ਕਮਰਸ਼ੀਅਲ ਸਾਈਟ ਬਣੀ ਕੂੜੇ ਦਾ ਡੰਪ ਪ੍ਰਸਾਸ਼ਨ ਤੇ ਨਗਰ ਕੌਂਸਲ ਖੰਨਾ ਵੱਲੋਂ ਫੋਕਲ ਪੁਆਇੰਟ ਦੀ ਹਾਲਤ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਫੋਕਲ ਪੁਆਇੰਟ ਦੇ ਅੰਦਰ ਵੜਦੇ ਸਾਰ ਤੁਹਾਨੂੰ ਪੱਕੀਆਂ ਸੜਕਾਂ ਤਾਂ ਨਜਰ ਆਉਣਗੀਆਂ ਪਰ ਸੜਕਾਂ ਦੇ ਕਿਨਾਰੇ ਖੜੇ ਗੰਦੇ ਪਾਣੀ ਤੇ ਗੰਦਗੀ ਦੀ ਬਦਬੂ ਲੰਘਣਾ ਮੁਸ਼ਕਿਲ ਕਰ ਦਿੰਦੀ ਹੈ। ਸੜਕਾਂ ’ਤੇ ਖੜ੍ਹਾ ਗੰਦਾ ਪਾਣੀ ਤੇ ਕੂੜੇ ਆਦਿ ਦੇ ਢੇਰ ਸਾਰੀਆਂ ਸੜਕਾਂ ’ਤੇ ਪ੍ਰਸਾਸ਼ਨ ਤੇ ਸਰਕਾਰ ਦੀ ਅਣਦੇਖੀ ਦੀਆਂ ਮੂਹੋਂ ਬੋਲਦੀਆਂ ਤਸਵੀਰਾਂ ਹਨ। ਫੋਕਲ ਪੁਆਇੰਟ ’ਚ ਕਈ ਏਕੜ ਦੀ ਕਮਰਸੀਅਲ ਸਾਈਟ ’ਚ ਆਪਣੇ ਵਿਕਾਸ ਨੂੰ ਉਡੀਕ ਰਹੀ ਹੈ। ਇਹ ਥਾਂ ਦੁਕਾਨਾਂ ਕਮ ਸ਼ੋਅ ਰੂਮ ਬਣਾਉਣ ਲਈ ਛੱਡੀ ਗਈ ਸੀ, ਕਾਫ਼ੀ ਸਮੇਂ ਪਹਿਲਾਂ ਇਸ ’ਤੇ ਕੰਮ ਕਰਨ ਸ਼ੁਰੂ ਕਰਨ ਦਾ ਯਤਨ ਕੀਤਾ ਗਿਆ ਪਰ ਇਸ ਵਿਚਾਲੇ ਹੀ ਠੱਪ ਹੋ ਗਿਆ। ਇਹ ਸਾਰੀ ਕਮਰਸੀਅਲ ਸਾਈਟ ਕੂੜੇ ਦੇ ਡੰਪ ’ਚ ਤਬਦੀਲ ਹੋ ਚੁੱਕੀ ਹੈ। ਬਾਕਸ੍ਯ੍ਯ ਗੰਦਗੀ ਬਣੀ ਬਿਮਾਰੀਆਂ ਦਾ ਘਰ ਇੱਥੇ ਚੱਪੇ ਚੱਪੇ ’ਤੇ ਪਈ ਗੰਦਗੀ ਮਜ਼ਦੂਰਾਂ ਤੇ ਟਰਾਂਸਪੋਰਟ ਦਾ ਕੰਮ ਕਰਨ ਵਾਲੇ ਡਰਾਈਵਰਾਂ ਲਈ ਬਿਮਾਰੀਆਂ ਦਾ ਘਰ ਵੀ ਬਣੀ ਹੋਈ ਹੈ ਕਿਉਂਕਿ ਗੱਡੀਆਂ ਨੂੰ ਖੜ੍ਹਾਂ ਕਰਨ ਲਈ ਕੋਈ ਪੁਖਤਾ ਥਾਂ ਨਾ ਹੋਣ ਕਰਕੇ ਗੱਡੀਆਂ ਸੜਕ ਦੇ ਕਿਨਾਰੇ ਹੀ ਖੜੀਆਂ ਕਰਨੀਆਂ ਪੈਂਦੀਆਂ ਹਨ। ਜਿਸ ਕਰਕੇ ਗੰਦਗੀ ਕਰਕੇ ਪੈਦਾ ਹੋਏ ਮੱਛਰ ਆਦਿ ਨਾਲ ਮਜ਼ਦੂਰਾਂ ਤੇ ਡਰਾਈਵਰਾਂ ਨੂੰ ਬਿਮਾਰੀਆਂ ਦਾ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ। ਇਸ ਗੰਦਗੀ ਕਰਕੇ ਫੋਕਲ ਪੁਆਇੰਟ ’ਚ ਕੰਮ ਕਰਨ ਵਾਲੇ ਢਾਬਿਆਂ ਵਾਲੇ ਆਦਿ ਵੀ ਡਾਢੇ ਦੁਖੀ ਹਨ। ਬਾਕਸ ਕਈ ਵਾਰ ਦੱਸੀਆਂ ਮੁਸ਼ਕਿਲਾਂ, ਨਹੀਂ ਹੋਇਆ ਹੱਲ ਇੰਡਸਟਰੀਅਲ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਨਮੀਸ਼ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੇ ਸੀਵਰੇਜ ਤੇ ਬੰਦ ਪਈਆਂ ਲਾਈਟਾਂ ਬਾਰੇ ਕਈ ਵਾਰ ਪ੍ਰਸਾਸ਼ਨ ਦਾ ਧਿਆਨ ਦਿਵਾਇਆ ਪਰ ਕਿਸੇ ਨੇ ਕੋੋਈ ਹੱਲ ਨਹੀਂ ਕੀਤਾ। ਸੀਵਰੇਜ ਦੀ ਲਾਈਨ ਦਾ ਪਾਈ ਹੋਈ ਹੈ ਪਰ ਅੱਗੇ ਜੋੜੀ ਨਹੀਂ ਗਈ। ਕਮੇਟੀ ਵਾਲੇ ਪੰਪ ਘੱਟ ਚਲਾਉਂਦੇ ਹਨ, ਜਿਸ ਕਰਕੇ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ। ਲਾਈਟਾਂ ਵੀ ਟੂੱਟੀਆਂ ਹਨ, ਜਿਨ੍ਹਾਂ ਨੂੰ ਜਲਦੀ ਠੀਕ ਕਰਵਾਇਆ ਜਾਵੇਗਾ। ਬਾਕਸ-- ਕਿਸੇ ਨੇ ਕਦੇ ਨਹੀਂ ਧਿਆਨ ’ਚ ਲਿਆਂਦੀ ਸਮੱਸਿਆ : ਈਓ ਈਓ ਚਰਨਜੀਤ ਸਿੰਘ ਨੇ ਕਿਹਾ ਕਿ ਫੋਕਲ ਪੁਆਇੰਟ ਦੀ ਕੋਈ ਵੀ ਸਮੱਸਿਆ ਉਨ੍ਹਾਂ ਦੇ ਧਿਆਨ ’ਚ ਨਹੀਂ ਲਿਆਂਦੀ ਗਈ, ਜੇਕਰ ਸੀਵਰੇਜ ਦੇ ਪਾਣੀ ਦੀ ਨਿਕਾਸੀ ਤੇ ਸਟਰੀਟ ਲਾਈਟਾਂ ਦੀ ਸਮੱਸਿਆ ਹੈ ਤਾਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਸਮਾਪਤ ਹੋਣ ਤੋਂ ਬਾਅਦ ਇਹ ਕੰਮ ਕਰਵਾ ਦਿੱਤੇ ਜਾਣਗੇ। ਬਾਕਸ--- ਮੰਤਰੀ ਸੋਂਦ ਦੀ ਵੀ ਪੁਰਾਣੀ ਫੈਕਟਰੀ ਖੰਨਾ ਦੇ ਫੋਕਲ ਪੁਆਇੰਟ ’ਚ ਖੰਨਾ ਦੇ ਵਿਧਾਇਕ ਤੇ ਪੰਜਾਬ ਸਰਕਾਰ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਦੀ ਫੈਕਟਰੀ ਵੀ ਹੈ। ਸੋਂਦ ਪਰਿਵਾਰ ਦੀ ਇਹ ਫੈਕਟਰੀ ਬਹੁਤ ਪੁਰਾਣੀ ਹੈ। ਸੋਂਦ ਵਿਧਾਇਕ ਬਣਨ ਤੋਂ ਬਾਅਦ ਜਦੋਂ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੂੰ ਉਦਯੋਗ ਵਿਭਾਗ ਵੀ ਦਿੱਤਾ ਗਿਆ ਸੀ, ਜਿਸ ਕਰਕੇ ਇਲਾਕੇ ਦੇ ਉਦਯੋਗਪਤੀਆਂ ਨੂੰ ਵੱਡੀ ਉਮੀਦ ਸੀ ਕਿ ਮੰਤਰੀ ਸੋਂਦ ਫੋਕਲ ਪੁਆਇੰਟ ਖੰਨਾ ਲਈ ਕੋਈ ਵੱਡਾ ਵਿਸੇਸ਼ ਪੈਕੇਜ ਲੈ ਕੇ ਆਉਣਗੇ ਪਰ ਸਰਕਾਰ ਦੇ ਚਾਰ ਸਾਲ ਬੀਤ ਜਾਣ ’ਤੇ ਹੁਣ ਤੱਕ ਫੋਕਲ ਪੁਆਇੰਟ ਲਈ ਕੋਈ ਫੰਡ ਨਹੀਂ ਆਇਆ, ਜਿਸ ਕਰਕੇ ਕਾਰੋਬਾਰੀਆਂ ’ਚ ਇਹ ਗੱਲ ਨੂੰ ਲੈ ਕੇ ਵੀ ਨਿਰਾਸ਼ਾ ਹੈ।