ਖੰਨਾ ਦਾ ਮਾੜਾ ਹਾਲ, ਨਾ ਵਿਕਾਸ, ਨਾ ਕਾਨੂੰਨ ਤੇ ਨਸ਼ਿਆਂ ਨਾਲ ਜਵਾਨੀ ਤਬਾਹ : ਕੋਟਲੀ ਖੰਨਾ ਦਾ ਮਾੜਾ ਹਾਲ, ਨਾ ਵਿਕਾਸ, ਨਾ ਕਾਨੂੰਨ ਤੇ ਨਸ਼ਿਆਂ ਨਾਲ ਜਵਾਨੀ ਤਬਾਹ: ਗੁਰਕੀਰਤ ਸਿੰਘ ਕੋਟਲੀ
Publish Date: Tue, 18 Aug 2026 08:56 PM (IST)
Updated Date: Wed, 19 Aug 2026 04:06 AM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ: ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਅੱਜ ਝਾੜੂ ਸਰਕਾਰ ਦੀ ਮਾੜੀ ਕਾਰਜਗੁਜ਼ਾਰੀ, ਨਾਕਾਮੀਆਂ ਅਤੇ ਹਲਕਾ ਖੰਨਾ ਤੋਂ ਮੌਜੂਦਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਤੇ ਸ਼ਬਦੀ ਹਮਲੇ ਬੋਲਦਿਆਂ ਸੂਬਾ ਸਰਕਾਰ ਨੂੰ ਆੜੇ ਹੱਥੀਂ ਲਿਆ। ਬਾਕਸ-- ਖੋਖਲੇ ਦਾਅਵੇ ਤੇ ਚੰਡੀਗੜ੍ਹ ਬਣਾਉਣ ਦੇ ਝੂਠੇ ਸੁਪਨੇ ਨਗਰ ਕੌਂਸਲ ਚੋਣਾਂ ਵੇਲੇ ਮੰਤਰੀ ਸੌਂਧ ਨੇ ਖੰਨੇ ਦੀ ਨੁਹਾਰ ਬਦਲਣ ਅਤੇ ਇਸ ਨੂੰ ਚੰਡੀਗੜ੍ਹ ਵਰਗਾ ਸ਼ਹਿਰ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ। ਪਰ ਕੁਰਸੀ ਤੇ ਬੈਠਦਿਆਂ ਹੀ ਮੰਤਰੀ ਸਾਹਿਬ ਖੰਨੇ ਦੇ ਲੋਕਾਂ ਨੂੰ ਭੁੱਲ ਗਏ ਹਨ। ਬਦਲਾਅ ਦੇ ਨਾਂ ਤੇ ਆਈ ਇਹ ਸਰਕਾਰ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਬਾਕਸ-- ਜ਼ਮੀਨੀ ਹਕੀਕਤ- ਖਸਤਾਹਾਲ ਇਨਫ੍ਰਾਸਟਰੱਕਚਰ ਅੱਜ ਖੰਨਾ ਸ਼ਹਿਰ ਦੀ ਹਾਲਤ ਨਰਕ ਤੋਂ ਵੀ ਬਦਤਰ ਬਣੀ ਹੋਈ ਹੈ। ਥਾਂ-ਥਾਂ ਗੰਦਾ ਪਾਣੀ ਖੜ੍ਹਾ ਹੈ, ਸੜਕਾਂ ਚ ਖੱਡੇ ਹਨ ਜਾਂ ਖੱਡਿਆਂ ਚ ਸੜਕਾਂ—ਪਤਾ ਹੀ ਨਹੀਂ ਲੱਗਦਾ। ਸੀਵਰੇਜ ਸਿਸਟਮ ਪੂਰੀ ਤਰ੍ਹਾਂ ਜਾਮ ਹੈ ਅਤੇ ਵਿਕਾਸ ਦੇ ਸਾਰੇ ਕਾਰਜ ਠੱਪ ਪਏ ਹਨ। ਸਰਕਾਰ ਦੀ ਅਣਗਹਿਲੀ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਬਾਕਸ ਨਸ਼ਿਆਂ ਦੀ ਮੰਡੀ ਬਣਿਆ ਖੰਨਾ, ਤਬਾਹ ਹੁੰਦੀ ਜਵਾਨੀ ਯੁੱਧ ਨਸ਼ਿਆਂ ਵਿਰੁੱਧ ਦਾ ਢਿੰਡੋਰਾ ਪਿੱਟਣ ਵਾਲੀ ਸਰਕਾਰ ਦੇ ਰਾਜ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। 25 ਤੋਂ 30 ਸਾਲ ਦੇ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਦਮ ਤੋੜ ਰਹੇ ਹਨ ਅਤੇ ਮਾਵਾਂ ਦੇ ਕੋਲ਼ ਸੁੰਨੇ ਹੋ ਰਹੇ ਹਨ। ਪ੍ਰਸ਼ਾਸਨ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਬਾਕਸ-- ਕਾਨੂੰਨ ਵਿਵਸਥਾ ਦਾ ਜਨਾਜ਼ਾ ਸ਼ਹਿਰ ਵਿੱਚ ਦਿਨ-ਦਿਹਾੜੇ ਲੁੱਟ-ਖਸੁੱਟ, ਚੋਰੀਆਂ ਅਤੇ ਅਪਰਾਧਿਕ ਵਾਰਦਾਤਾਂ ਵਧ ਰਹੀਆਂ ਹਨ। ਸਰਕਾਰ ਦਾ ਪੁਲਿਸ ਪ੍ਰਸ਼ਾਸਨ ਤੇ ਕੋਈ ਕੰਟਰੋਲ ਨਹੀਂ ਰਿਹਾ, ਜਿਸ ਕਾਰਨ ਖੰਨੇ ਦੇ ਵਪਾਰੀ, ਔਰਤਾਂ ਅਤੇ ਆਮ ਨਾਗਰਿਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਬਾਕਸ ਸਿਹਤ ਤੇ ਸਿੱਖਿਆ ਸਹੂਲਤਾਂ ਦਾ ਬੁਰਾ ਹਾਲ ਬਦਲਾਅ ਦਾ ਦਾਅਵਾ ਕਰਨ ਵਾਲੀ ਇਹ ਸਰਕਾਰ ਸ਼ਹਿਰ ਦੇ ਸਰਕਾਰੀ ਹਸਪਤਾਲਾਂ ਚ ਨਾ ਡਾਕਟਰ ਪੂਰੇ ਕਰ ਸਕੀ ਹੈ ਅਤੇ ਨਾ ਹੀ ਬੁਨਿਆਦੀ ਦਵਾਈਆਂ ਉਪਲਬਧ ਹਨ। ਆਮ ਆਦਮੀ ਕਲੀਨਿਕਾਂ ਦੇ ਨਾਂ ਤੇ ਸਿਰਫ਼ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਕੋਟਲੀ ਨੇ ਸਪੱਸ਼ਟ ਕੀਤਾ ਕਿ ਝਾੜੂ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਨਾਕਾਮੀਆਂ ਕਾਰਨ ਅੱਜ ਖੰਨੇ ਦਾ ਹਰ ਨਾਗਰਿਕ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਠੱਪ ਪਏ ਵਿਕਾਸ ਕਾਰਜ ਤੁਰੰਤ ਸ਼ੁਰੂ ਨਾ ਕਰਵਾਏ ਗਏ ਅਤੇ ਨਸ਼ਿਆਂ ਤੇ ਠੱਲ੍ਹ ਨਾ ਪਾਈ ਗਈ, ਤਾਂ ਕਾਂਗਰਸ ਪਾਰਟੀ ਖੰਨੇ ਦੇ ਲੋਕਾਂ ਦੇ ਹੱਕਾਂ ਲਈ ਸੜਕਾਂ ਤੇ ਉੱਤਰ ਕੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਖੰਨਾ ਵਿਕਾਸ ਮਹਿਤਾ, ਕਮਲਜੀਤ ਸਿੰਘ ਲੱਧੜ, ਬਲਾਕ ਪ੍ਰਧਾਨ ਦਿਹਾਤੀ ਹਰਜਿੰਦਰ ਸਿੰਘ ਇਕੋਲਾਹਾ, ਹਰਿੰਦਰ ਸਿੰਘ ਰਿੰਟਾ ਕਨੇਚ ਆਦਿ ਹਾਜ਼ਰ ਸਨ।