- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੰਨਾ ਦੇ ਪਿੰਡ ਮਾਜਰੀ ’ਚ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ’ਚ ਦੋ ਔਰਤਾਂ ਵੀ ਸ਼ਾਮਲ ਹਨ। ਇੱਕ ਔਰਤ ਨੌਜਵਾਨ ਨੂੰ ਨਸ਼ੇ ਦਾ ਟੀਕਾ ਲਗਾਉਣ ਸਮੇਂ ਮੌਕੇ 'ਤੇ ਮੌਜੂਦ ਸੀ, ਜਦਕਿ ਦੂਜੀ ਔਰਤ ਕੋਲੋਂ ਨਸ਼ਾ ਖਰੀਦਿਆ ਗਿਆ ਸੀ।

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਖੰਨਾ ਦੇ ਪਿੰਡ ਮਾਜਰੀ ’ਚ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ’ਚ ਦੋ ਔਰਤਾਂ ਵੀ ਸ਼ਾਮਲ ਹਨ। ਇੱਕ ਔਰਤ ਨੌਜਵਾਨ ਨੂੰ ਨਸ਼ੇ ਦਾ ਟੀਕਾ ਲਗਾਉਣ ਸਮੇਂ ਮੌਕੇ 'ਤੇ ਮੌਜੂਦ ਸੀ, ਜਦਕਿ ਦੂਜੀ ਔਰਤ ਕੋਲੋਂ ਨਸ਼ਾ ਖਰੀਦਿਆ ਗਿਆ ਸੀ। ਪੁਲਿਸ ਨੇ ਨਸ਼ਾ ਵੇਚਣ ਵਾਲੀ ਔਰਤ ਮਮਤਾ ਵਾਸੀ ਮੀਟ ਮਾਰਕੀਟ ਖੰਨਾ ਤੇ ਪਿੰਡ ਮਾਜਰੀ ਦੇ ਰਹਿਣ ਵਾਲੇ ਰਾਮਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਧੰਨਾ ਤੇ ਉਸ ਦੀ ਪਤਨੀ ਫਰਾਰ ਹਨ। ਧੰਨਾ ਆਪਣੀ ਪਤਨੀ ਨਾਲ ਕੁਝ ਸਮਾਂ ਪਹਿਲਾਂ ਰਸੂਲੜਾ ਮਾਜਰੀ ਪਿੰਡ ’ਚ ਕਿਰਾਏ ਦੇ ਕਮਰੇ ’ਚ ਰਹਿਣ ਆਇਆ ਸੀ।
ਪੁਲਿਸ ਨੂੰ ਦਿੱਤੇ ਬਿਆਨ ’ਚ ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਹੇਅਰ ਡ੍ਰੈਸਰ ਹੈ ਤੇ ਪਿੰਡ ਵਿੱਚ ਹੀ ਉਸ ਦੀ ਦੁਕਾਨ ਹੈ। ਉਸ ਦੇ ਭਰਾ ਅਰਸ਼ਦੀਪ ਸਿੰਘ ਉਰਫ਼ ਅਰਸ਼ ਦੀ ਪਿੰਡ ਦੇ ਰਾਮਵੀਰ ਸਿੰਘ ਤੇ ਧੰਨਾ ਨਾਲ ਦੋਸਤੀ ਸੀ। ਉਸ ਨੂੰ ਪਤਾ ਲੱਗਾ ਸੀ ਕਿ ਦੋਵੇਂ ਨਸ਼ਾ ਕਰਨ ਦੇ ਆਦੀ ਹਨ ਅਤੇ ਉਸ ਦੇ ਭਰਾ ਨੂੰ ਵੀ ਨਸ਼ਾ ਕਰਨ ਲਈ ਉਕਸਾਉਂਦੇ ਸਨ। ਪਰਿਵਾਰ ਵੱਲੋਂ ਕਈ ਵਾਰ ਅਰਸ਼ਦੀਪ ਨੂੰ ਸਮਝਾਇਆ ਗਿਆ ਪਰ ਉਸ ਨੇ ਨਸ਼ਾ ਕਰਨਾ ਨਹੀਂ ਛੱਡਿਆ।
ਸ਼ਿਕਾਇਤਕਰਤਾ ਅਨੁਸਾਰ 25 ਨਵੰਬਰ ਨੂੰ ਉਸ ਨੇ ਅਰਸ਼ਦੀਪ, ਰਾਮਵੀਰ ਤੇ ਧੰਨਾ ਨੂੰ ਇੱਕ ਮੋਟਰਸਾਈਕਲ 'ਤੇ ਇਕੱਠੇ ਜਾਂਦੇ ਦੇਖਿਆ ਸੀ। ਤਿੰਨੇ ਧੰਨੇ ਦੇ ਕਮਰੇ ’ਚ ਚਲੇ ਗਏ। ਜਦੋਂ ਉਹ ਉੱਥੇ ਗਿਆ ਤਾਂ ਧੰਨੇ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਸੀ। ਚਾਰੇ ਬੈੱਡ 'ਤੇ ਬੈਠੇ ਸਨ ਤੇ ਉਨ੍ਹਾਂ ਕੋਲ ਸਰਿੰਜ ਅਤੇ ਨਸ਼ੀਲਾ ਪਦਾਰਥ ਮੌਜੂਦ ਸੀ। ਸੁਖਚੈਨ ਨੇ ਆਪਣੇ ਭਰਾ ਅਰਸ਼ਦੀਪ ਨੂੰ ਘਰ ਆਉਣ ਲਈ ਕਿਹਾ ਤਾਂ ਧੰਨੇ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੇ ਹਾਲੇ ਕੁਝ ਗੱਲਬਾਤ ਕਰਨੀ ਹੈ ਤੇ ਉਹ ਥੋੜ੍ਹੀ ਦੇਰ ਬਾਅਦ ਆ ਜਾਵੇਗਾ।
ਇਸ ਤੋਂ ਬਾਅਦ ਸੁਖਚੈਨ ਘਰ ਵਾਪਸ ਆ ਕੇ ਸੌਂ ਗਿਆ। 26 ਨਵੰਬਰ ਦੀ ਸਵੇਰ ਜਦੋਂ ਧੰਨੇ ਦੇ ਕਮਰੇ ’ਚ ਜਾ ਕੇ ਦੇਖਿਆ ਤਾਂ ਅਰਸ਼ਦੀਪ ਬੈੱਡ 'ਤੇ ਮ੍ਰਿਤਕ ਪਿਆ ਸੀ। ਉਸ ਦੀ ਬਾਂਹ 'ਤੇ ਟੀਕਾ ਲਗਾਉਣ ਦਾ ਨਿਸ਼ਾਨ ਸੀ। ਇਸ ਦੌਰਾਨ ਬਾਕੀ ਤਿੰਨੇ ਵਿਅਕਤੀ ਮੌਕੇ ਤੋਂ ਫਰਾਰ ਹੋ ਚੁੱਕੇ ਸਨ।
ਸਦਰ ਥਾਣੇ ਦੇ ਐੱਸਐੱਚਓ ਵਿਜੇਪਾਲ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਦੀ ਸ਼ਿਕਾਇਤ 'ਤੇ ਰਾਮਵੀਰ ਸਿੰਘ, ਧੰਨਾ, ਧੰਨੇ ਦੀ ਪਤਨੀ ਤੇ ਮਮਤਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਮਤਾ ਤੇ ਰਾਮਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਫਰਾਰ ਪਤੀ-ਪਤਨੀ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।