ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਪਿੰਡ ਸੋਹੀਆਂ ਵਿਖੇ ਮਤਾ ਪਾਸ ਕਰਕੇ ਗਲੀ ’ਚ ਇੰਟਰਲਾਕ ਟਾਈਲਾਂ ਲਗਾਉਣ ਤੇ ਡ੍ਰੇਨ ਦਾ ਕੰਮ ਕੀਤਾ ਗਿਆ ਸੀ। ਇਸ ਸਬੰਧੀ ਸ਼ਿਕਾਇਤਕਰਤਾ ਨੇ ਬਲਾਕ ਮਲੌਦ ਦੀ ਬੀਡੀਪੀਓ ਸੁਖਜੀਤ ਕੌਰ ਕੋਲ ਪਹੁੰਚ ਕੀਤੀ, ਪਰ ਬਿੱਲ ਪਾਸ ਕਰਨ ਦੀ ਬਜਾਏ ਉਸਨੇ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੌਦ (ਖੰਨਾ) : ਵਿਜੀਲੈਂਸ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਮਲੌਦ ਵਿਖੇ ਤਾਇਨਾਤ ਬਲਾਕ ਵਿਕਾਸ ਪੰਚਾਇਤ ਅਫ਼ਸਰ ਸੁਖਜੀਤ ਕੌਰ ਨੂੰ 15000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਅਧਿਕਾਰੀ ਨੂੰ ਪਿੰਡ ਸੋਹੀਆਂ ਜ਼ਿਲ੍ਹਾ ਲੁਧਿਆਣਾ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਪਿੰਡ ਸੋਹੀਆਂ ਵਿਖੇ ਮਤਾ ਪਾਸ ਕਰਕੇ ਗਲੀ ’ਚ ਇੰਟਰਲਾਕ ਟਾਈਲਾਂ ਲਗਾਉਣ ਤੇ ਡ੍ਰੇਨ ਦਾ ਕੰਮ ਕੀਤਾ ਗਿਆ ਸੀ। ਇਸ ਸਬੰਧੀ ਸ਼ਿਕਾਇਤਕਰਤਾ ਨੇ ਬਲਾਕ ਮਲੌਦ ਦੀ ਬੀਡੀਪੀਓ ਸੁਖਜੀਤ ਕੌਰ ਕੋਲ ਪਹੁੰਚ ਕੀਤੀ, ਪਰ ਬਿੱਲ ਪਾਸ ਕਰਨ ਦੀ ਬਜਾਏ ਉਸਨੇ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ।
ਸ਼ਿਕਾਇਤਕਰਤਾ ਨੂੰ ਮਜਬੂਰ ਹੋ ਕੇ ਮੁਲਜ਼ਮ ਅਧਿਕਾਰੀ ਨੂੰ ਮੌਕੇ ’ਤੇ ਹੀ 5,000 ਰੁਪਏ ਰਿਸ਼ਵਤ ਵਜੋਂ ਦੇਣੇ ਪਏ ਤੇ ਬੀਡੀਪੀਓ ਨੇ ਉਸਨੂੰ ਬਕਾਇਆ ਰਹਿੰਦੇ 10,000 ਰੁਪਏ ਵੀ ਜਲਦ ਚੁਕਾਉਣ ਲਈ ਤਾਕੀਦ ਕੀਤੀ। ਇਸ ਤੋਂ ਇਲਾਵਾ, ਉਸਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਲੁਧਿਆਣਾ ਦੁਆਰਾ ਬੀਡੀਪੀਓ ਮਲੌਦ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਕਿ ਪਿੰਡ ਸੋਹੀਆਂ ’ਚ ਖੇਡ ਮੈਦਾਨ ਦਾ ਉਦਘਾਟਨ ਕੀਤਾ ਜਾਣਾ ਹੈ, ਇਸ ਲਈ 2 ਦਿਨਾਂ ਦੇ ਅੰਦਰ ਗ੍ਰਾਮ ਪੰਚਾਇਤ ਵੱਲੋਂ ਆਪਣੇ ਪੱਧਰ ’ਤੇ ਜ਼ਮੀਨ ਨੂੰ ਪੱਧਰਾ ਕਰਾਇਆ ਜਾਵੇ। ਇਸ ਸਬੰਧ ’ਚ ਗ੍ਰਾਮ ਪੰਚਾਇਤ ਸੋਹੀਆਂ ਨੇ ਆਪਣੇ ਖਰਚੇ ’ਤੇ ਖੇਡ ਦੇ ਮੈਦਾਨ ਨੂੰ ਪੱਧਰਾ ਕਰਵਾਇਆ ਸੀ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਲਜ਼ਮ ਬੀਡੀਪੀਓ ਸੁਖਜੀਤ ਕੌਰ ਨੂੰ ਮਿਲਿਆ ਤੇ ਖੇਡ ਦੇ ਮੈਦਾਨ ਨੂੰ ਪੱਧਰਾ ਕਰਨ ਤੇ ਜ਼ਮੀਨ ’ਚ ਘਾਹ, ਝਾੜੀਆਂ ਲਗਾਉਣ ਲਈ ਬਿੱਲ ਪਾਸ ਕਰਵਾਉਣ ਬਾਰੇ ਗੱਲ ਕੀਤੀ, ਫਿਰ ਮੁਲਜ਼ਮ ਬੀਡੀਪੀਓ ਨੇ ਜ਼ਮੀਨ ਨੂੰ ਪੱਧਰਾ ਕਰਨ ਅਤੇ ਜ਼ਮੀਨ ’ਚ ਘਾਹ, ਬੂਟੇ ਲਗਾਉਣ ਲਈ ਬਿੱਲ ਪਾਸ ਕਰਨ ਲਈ 15000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਇਸ ਸੰਦਰਭ ’ਚ ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਰਿਕਾਰਡ ਕੀਤੀ ਸੀ।
ਰਿਸ਼ਵਤ ਦੇਣ ਤੋਂ ਇਨਕਾਰ ਕਰਦੇ ਹੋਏ, ਸ਼ਿਕਾਇਤਕਰਤਾ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ। ਸ਼ਿਕਾਇਤਕਰਤਾ ਦੀ ਸ਼ਿਕਾਇਤ ’ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਬੀਡੀਪੀਓ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਸ਼ਿਕਾਇਤਕਰਤਾ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।