ਉਹਨਾਂ ਕਿਹਾ ਕਿ ਕੁਝ ਸਮੇਂ ਬਾਅਦ ਨਿਯਮਾਂ ’ਚ ਬਦਲਾਅ ਜਰੂਰ ਹੋਣਗੇ ਅਤੇ ਉੱਥੇ ਪੜ੍ਹਦੇ ਸੁਹਿਰਦ ਅਤੇ ਅਮਨ ਕਾਨੂੰਨ ਮੰਨਣ ਵਾਲੇ ਮਿਹਨਤੀ ਨੌਜਵਾਨਾਂ ਲਈ ਸਫਲਤਾ ਦੇ ਦਰਵਾਜ਼ੇ ਜਰੂਰ ਖੁੱਲਣਗੇ। ਪਿਛਲੇ ਸਮੇਂ ਦੌਰਾਨ ਪੰਜਾਬ ਦੇ ਲਗਭਗ 80 ਫੀਸਦੀ ਮਾਪਿਆਂ ਦੀ ਇਹ ਇੱਛਾ ਸੀ ਕਿ ਉਹਨਾਂ ਦੇ ਬੱਚੇ ਕੈਨੇਡਾ ’ਚ ਪੜ੍ਹਨ ਤੇ ਉੱਥੇ ਹੀ ਸੈੱਟ ਹੋ ਜਾਣ।

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਕੈਨੇਡਾ ’ਚ ਸਥਾਈ ਪ੍ਰਵਾਸ ਦੀ ਉਡੀਕ ਕਰ ਰਹੇ ਨੌਜਵਾਨਾਂ ਬੱਚਿਆਂ ਅਤੇ ਮਾਪਿਆਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਮੇਂ ਅਤੇ ਹਾਲਾਤਾਂ ਮੁਤਾਬਿਕ ਉਥੋਂ ਦੇ ਕਾਨੂੰਨ ਬਦਲਦੇ ਰਹਿੰਦੇ ਹਨ। ਇਹ ਪ੍ਰਗਟਾਵਾ ਕੈਨੇਡਾ ਦੇ ਕੈਲਗਰੀ ਇਲਾਕੇ ਦੇ ਦੋ ਪਾਰਲੀਮੈਂਟ ਮੈਂਬਰਾਂ ਕਰਮਵਾਰ ਅਮਨਪ੍ਰੀਤ ਸਿੰਘ ਗਿੱਲ ਅਤੇ ਜਸਰਾਜ ਸਿੰਘ ਹੱਲਣ ਨੇ ਪਿੰਡ ਭੁਮੱਦੀ ਵਿਖੇ ਕੀਤਾ। ਉਹ ਪ੍ਰਵਾਸੀ ਭਾਰਤੀ ਅਮਰਪ੍ਰੀਤ ਸਿੰਘ ਬੈਂਸ ਕੈਲਗਰੀ ਦੀ ਅਗਵਾਈ ’ਚ ਪਿੰਡ ਭੁਮੱਦੀ ਵਿਖੇ ਇੱਕ ਸਮਾਗਮ ’ਚ ਪੁੱਜੇ ਸਨ। ਗਿੱਲ ਤੇ ਹੱਲਣ ਨੇ ਕਿਹਾ ਕਿ ਕੈਨੇਡਾ ’ਚ ਵਿਦਿਆਰਥੀਆਂ ਦੀ ਬਹੁਤਾਤ, ਮਾਪਿਆਂ ਵੱਲੋਂ ਅਣ ਅਧਿਕਾਰਤ ਤੌਰ ’ਤੇ ਕੀਤੀਆਂ ਕੁਤਾਹੀਆਂ, ਥੋੜਾ ਬਹੁਤ ਆਰਥਿਕ ਉਤਰਾਅ ਚੜਾਅ ਹੋਣ ਕਾਰਨ ਕੁਝ ਸਮੇਂ ਲਈ ਸਮੱਸਿਆ ਜਰੂਰ ਆਈ ਹੈ ਪ੍ਰੰਤੂ ਉਥੋਂ ਦੀ ਸੰਜੀਦਾ ਸਰਕਾਰ ਇਹਨਾਂ ਸਾਰੇ ਮਸਲਿਆਂ ਨੂੰ ਨਜਿੱਠਣ ਲਈ ਤੱਤਪਰ ਹੈ। ਉਹਨਾਂ ਕਿਹਾ ਕਿ ਵਿਸ਼ਵ ਭਰ ’ਚ ਮੰਦੇ ਦਾ ਅਸਰ ਅਤੇ ਕੁਝ ਇੱਕ ਸਥਾਨਿਕ ਪੱਧਰ ਦੀਆਂ ਸਮੱਸਿਆਵਾਂ ਨੇ ਕੁਝ ਸਮੇਂ ਲਈ ਖਲਾਅ ਜਰੂਰ ਪੈਦਾ ਕੀਤਾ ਹੈ ਪਰੰਤੂ ਇਹ ਸਥਾਈ ਨਹੀਂ।
ਉਹਨਾਂ ਕਿਹਾ ਕਿ ਕੁਝ ਸਮੇਂ ਬਾਅਦ ਨਿਯਮਾਂ ’ਚ ਬਦਲਾਅ ਜਰੂਰ ਹੋਣਗੇ ਅਤੇ ਉੱਥੇ ਪੜ੍ਹਦੇ ਸੁਹਿਰਦ ਅਤੇ ਅਮਨ ਕਾਨੂੰਨ ਮੰਨਣ ਵਾਲੇ ਮਿਹਨਤੀ ਨੌਜਵਾਨਾਂ ਲਈ ਸਫਲਤਾ ਦੇ ਦਰਵਾਜ਼ੇ ਜਰੂਰ ਖੁੱਲਣਗੇ। ਪਿਛਲੇ ਸਮੇਂ ਦੌਰਾਨ ਪੰਜਾਬ ਦੇ ਲਗਭਗ 80 ਫੀਸਦੀ ਮਾਪਿਆਂ ਦੀ ਇਹ ਇੱਛਾ ਸੀ ਕਿ ਉਹਨਾਂ ਦੇ ਬੱਚੇ ਕੈਨੇਡਾ ’ਚ ਪੜ੍ਹਨ ਤੇ ਉੱਥੇ ਹੀ ਸੈੱਟ ਹੋ ਜਾਣ। ਸਾਰੇ ਮਾਪਿਆਂ ਦੀ ਆਪਣੇ ਬੱਚਿਆਂ ਨੂੰ ਪੜਾਉਣ ਦੀ ਦਿਲਚਸਪੀ ਘੱਟ ਅਤੇ ਉੱਥੇ ਸੈੱਟ ਕਰਨ ਦੀ ਜਿਆਦਾ ਸੀ। ਉਹਨੇ ਕਿਹਾ ਕਿ ਦੂਰਅੰਦੇਸ਼ਤਾ ਦੀ ਕਮੀ ਕਾਰਨ ਇਹ ਸਮਝਣ ’ਚ ਦਿੱਕਤ ਆਈ ਹੈ ਕਿ ਕੈਨੇਡਾ ’ਚ ਪੜ੍ਹਾਈ ਦਾ ਮਤਲਬ ਸਥਾਈ ਨਹੀਂ ਹੁੰਦਾ। ਫਿਰ ਵੀ ਉੱਥੋਂ ਦੀਆਂ ਸਰਕਾਰਾਂ ਬੇਹੱਦ ਸੰਜੀਦਾ ਹਨ। ਇਸ ਵਕਤ 50 ਫੀਸਦੀ ਬੱਚੇ ਪੱਕੇ ਅਤੇ ਸਥਾਈ ਪ੍ਰਵਾਸ ਦੀ ਆਸ ’ਚ ਬੈਠੇ ਹਨ, ਜਿਨ੍ਹਾਂ ਦੇ ਨੇੜ ਭਵਿੱਖ ’ਚ ਚੰਗੇ ਪ੍ਰੋਗਰਾਮ ਆਉਣ ਤੋਂ ਬਾਅਦ ਚੰਗੇ ਪਾਸੇ ਜਾਣ ਦੀ ਸੰਭਾਵਨਾ ਬਣੀ ਹੋਈ ਹੈ।
ਪੰਜਾਬ ਦੇ ਸਿਆਸੀ ਦ੍ਰਿਸ਼ ਸਬੰਧੀ ਪੁੱਛੇ ਜਾਣ ’ਤੇ ਉਹਨਾਂ ਕਿਹਾ ਕਿ ਕਨੇਡਾ ਅਤੇ ਪੰਜਾਬ ਦੇ ਸਿਆਸੀ ਨਿਜ਼ਾਮ ’ਚ ਬਹੁਤ ਜਿਆਦਾ ਫਰਕ ਹੈ। ਉੱਥੇ ਸਿਆਸਤ ਦਾ ਮਤਲਬ ਦੇਸ਼ ਲਈ ਕੰਮ ਕਰਨਾ ਕਾਨੂੰਨ ਬਣਾਉਣਾ ਅਤੇ ਦੇਸ਼ ਦਾ ਅਰਥਕ ਪੱਧਰ ਉੱਚਾ ਚੁੱਕਣਾ ਹੁੰਦਾ ਹੈ ਪ੍ਰੰਤੂ ਪੰਜਾਬ ’ਚ ਰਾਜਨੀਤਿਕ ਸਿਸਟਮ ਪਿੱਛੇ ਲਾਲਸਾ ਛੁਪੀ ਹੁੰਦੀ ਹੈ ਅਤੇ ਆਪਣੇ ਫਰਜਾਂ ’ਚ ਕੁਤਾਹੀ ਵੀ। ਦੋਵਾਂ ਗੱਲਾਂ ਦਾ ਆਪਸ ’ਚ ਵਿਸ਼ਲੇਸ਼ਣ ਤਾਂ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਪੰਜਾਬ ਵਾਸੀਆਂ ਨੂੰ ਨਿੱਜੀ ਤੌਰ ’ਤੇ ਬਹੁਤ ਜਿਆਦਾ ਸਿਆਣੇ ਹੋ ਕੇ ਸੋਚਣ ਦੀ ਲੋੜ ਹੈ। ਇਸ ਮੌਕੇ ਮੈਂਬਰ ਪਾਰਲੀਮੈਂਟ ਅਮਨਪ੍ਰੀਤ ਸਿੰਘ ਗਿੱਲ ਅਤੇ ਜਸਰਾਜ ਸਿੰਘ ਹੱਲਣ ਦਾ ਸਟੇਜ ਉੱਤੇ ਸਨਮਾਨ ਕੀਤਾ ਗਿਆ। ਸਮਾਗਮ ਦੇ ਪ੍ਰਬੰਧਕ ਗਿਆਨੀ ਤਰਲੋਚਨ ਸਿੰਘ ਭਮੱਦੀ ਨੇ ਦੋਵਾਂ ਮੈਂਬਰਾਂ ਦੀਆਂ ਸੇਵਾਵਾਂ ’ਤੇ ਚਾਨਣਾ ਪਾਇਆ ਕੀਤਾ। ਇਸ ਮੌਕੇ ਚਮਕੌਰ ਸਿੰਘ ਪ੍ਰਧਾਨ, ਪਵਿੱਤਰ ਸਿੰਘ ਪ੍ਰਧਾਨ, ਬਾਬਾ ਗੁਰਦੇਵ ਸਿੰਘ, ਜਥੇਦਾਰ ਹਰਪਾਲ ਸਿੰਘ ਜੱਲਾ, ਦਲਮੇਘ ਸਿੰਘ ਖੱਟੜਾ, ਚੇਅਰਮੈਨ ਬੇਅੰਤ ਸਿੰਘ ਜੱਸੀ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।