- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਡਿਤ ਰਾਓ ਧਰੇਨਵਰ ਵੱਲੋਂ ਹਥਿਆਰਾਂ ਵਾਲੇ ਗੀਤਾਂ ਖ਼ਿਲਾਫ਼ ਚੁੱਕੇ ਬੀੜੇ ਦੇ ਸਾਰਥਿਕ ਨਤੀਜੇ ਦੇਖਣ ਖੰਨਾ ਦੇ ਦੁਸਹਿਰੇ ਮੇਲੇ ਦੌਰਾਨ ਦੇਖਣ ਨੂੰ ਮਿਲੇ, ਜਦੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਨੇ ਮਸ਼ਹੂਰ ਗੀਤ ਦੇ ਬੋਲ ਬਦਲ ਦਿੱਤੇ।

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਪੰਡਿਤ ਰਾਓ ਧਰੇਨਵਰ ਵੱਲੋਂ ਹਥਿਆਰਾਂ ਵਾਲੇ ਗੀਤਾਂ ਖ਼ਿਲਾਫ਼ ਚੁੱਕੇ ਬੀੜੇ ਦੇ ਸਾਰਥਿਕ ਨਤੀਜੇ ਦੇਖਣ ਖੰਨਾ ਦੇ ਦੁਸਹਿਰੇ ਮੇਲੇ ਦੌਰਾਨ ਦੇਖਣ ਨੂੰ ਮਿਲੇ, ਜਦੋਂ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਨੇ ਮਸ਼ਹੂਰ ਗੀਤ ਦੇ ਬੋਲ ਬਦਲ ਦਿੱਤੇ।
ਬੱਬੂ ਮਾਨ ਨੇ ਆਪਣੇ ਪ੍ਰਸਿੱਧ ਗੀਤ, ’ ਮਿੱਤਰਾਂ ਨੂੰ ਸ਼ੌਕ ਹਥਿਆਰਾਂ’ ਦੀ ਥਾਂ ’ਤੇ ‘ਬੜਾ ਬੁਰਾ ਸ਼ੌਂਕ ਹਥਿਆਰਾਂ ਦਾ’ ਕਰਕੇ ਗੀਤ ਦੇ ਅਰਥ ਹੀ ਬਦਲ ਦਿੱਤੇ ਤੇ ਸਮਾਜ ਨੂੰ ਇੱਕ ਸਾਰਥਿਕ ਸੁਨੇਹਾ ਦੇਣ ਦੀ ਯਤਨ ਕੀਤਾ। ਇਸ ਘਟਨਾਕ੍ਰਮ ਨੇ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੀ ਪਹਿਲਕਦਮੀ ਤੇ ਗਾਇਕ ਦੀ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਉਜਾਗਰ ਕੀਤਾ ਗਿਆ।
ਦੱਸਣਯੋਗ ਹੈ ਕਿ ਬੱਬੂ ਮਾਨ ਦੇ ਸ਼ੋਅ ਤੋਂ ਪਹਿਲਾਂ ਹਥਿਆਰਾਂ ਨੂੰ ਉਤਸਾਹਿਤ ਕਰਨ ਤੇ ਲੱਚਰਤਾ ਦੇ ਖ਼ਿਲਾਫ਼ ਲਗਾਤਾਰ ਜੂਝ ਰਹੇ ਪੰਡਿਤ ਰਾਓ ਧਰੇਨਵਰ ਨੇ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ’ਚ ਮੰਗ ਕੀਤੀ ਗਈ ਕਿ ਦੁਸਹਿਰੇ ਸਮਾਗਮ ਦੌਰਾਨ ਸ਼ਰਾਬ, ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਚਲਾਏ ਜਾਣ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸਐੱਸਪੀ ਨੇ ਸ਼ੋਅ ਤੋਂ ਪਹਿਲਾਂ ਬੱਬੂ ਮਾਨ ਨਾਲ ਮੀਟਿੰਗ ਕੀਤੀ ਤੇ ਇਸ ਸ਼ਿਕਾਇਤ ਦੇ ਮੁੱਦੇ 'ਤੇ ਚਰਚਾ ਕੀਤੀ।
ਇਸ ਪਹਿਲਕਦਮੀ ਦਾ ਪ੍ਰਭਾਵ ਸ਼ੋਅ ਦੌਰਾਨ ਸਪੱਸ਼ਟ ਦੇਖਣ ਨੂੰ ਮਿਲਿਆ। ਬੱਬੂ ਮਾਨ ਨੇ ਨਸ਼ਿਆਂ ਅਤੇ ਹਥਿਆਰਾਂ ਨਾਲ ਸਬੰਧਤ ਗੀਤ ਗਾਉਣ ਤੋਂ ਗੁਰੇਜ਼ ਕੀਤਾ। ਜਦੋਂ ਦਰਸ਼ਕਾਂ ਨੇ ਉਨ੍ਹਾਂ ਤੋਂ ਹਥਿਆਰਾਂ ਬਾਰੇ ਉਸਦੇ ਮਸ਼ਹੂਰ ਗੀਤ ਗਾਉਣ ਦੀ ਮੰਗ ਕੀਤੀ ਤਾਂ ਬੱਬੂ ਮਾਨ ਨੇ ਗੀਤ ਦੇ ਬੋਲ ਹੀ ਬਦਲ ਦਿੱਤੇ ਤੇ ਹਥਿਆਰਾਂ ਦੇ ਸ਼ੌਂਕ ਨੂੰ ਗ਼ਲਤ ਦੱਸਿਆ। ਇਸ ਤਰ੍ਹਾਂ ਬੱਬੂ ਮਾਨ ਨੇ ਆਪਣੇ ਵਿਲੱਖਣ ਤਰੀਕੇ ਨਾਲ ਨੌਜਵਾਨਾਂ ਨੂੰ ਇੱਕ ਸਕਾਰਾਤਮਕ ਸੰਦੇਸ਼ ਦਿੱਤਾ।
ਗੀਤ, ’ ਮਿੱਤਰਾਂ ਨੂੰ ਸ਼ੌਕ ਹਥਿਆਰਾਂ’ ਦੀ ਥਾਂ ’ਤੇ ‘ਬੜਾ ਬੁਰਾ ਸ਼ੌਂਕ ਹਥਿਆਰਾਂ ਦਾ’ ਗਾ ਕੇ ਪ੍ਰਸ਼ੰਸਕਾਂ ਦਾ ਮਾਣ ਰੱਖਿਆ ਤੇ ਸਾਰਥਿਕ ਸੁਨੇਹਾ ਵੀ ਦੇ ਦਿੱਤਾ। ਪੰਡਿਤ ਰਾਓ ਧਰੇਨਵਰ ਵੱਲੋਂ ਕਈ ਸਾਲਾਂ ਦੇ ਅਰੰਭੇ ਸੰਘਰਸ਼ ਨੂੰ ਵੀ ਬੁਰਾ ਪੈਂਦਾ ਦਿਖਾਈ ਦਿੱਤਾ।
ਐੱਸਐੱਸਪੀ ਆਹਲੂਵਾਲੀਆ ਦੀ ਪਹਿਲਕਦਮੀ ਦੀ ਵੀ ਸ਼ਲਾਘਾ
ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਇਸ ਲਈ ਹੋ ਰਹੀ ਹੈ ਕਿਉਂਕਿ ਪੁਲਿਸ ਦੀ ਜ਼ਿੰਮੇਵਾਰੀ ਸਿਰਫ਼ ਅਪਰਾਧ ਹੋਣ ਤੋਂ ਬਾਅਦ ਕਾਰਵਾਈ ਕਰਨ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਅਪਰਾਧ ਨੂੰ ਰੋਕਣ ਤੇ ਨੌਜਵਾਨਾਂ ਨੂੰ ਸਹੀ ਦਿਸ਼ਾ ’ਚ ਮਾਰਗਦਰਸ਼ਨ ਕਰਨ ਲਈ ਜਾਗਰੂਕਤਾ ਪੈਦਾ ਕਰਨ ਤੱਕ ਵੀ ਹੈ। ਗਾਇਕ ਨਾਲ ਪਹਿਲਾਂ ਹੀ ਗੱਲ ਕਰਕੇ ਸਮਾਗਮ ’ਚ ਸਕਾਰਾਤਮਕ ਸੁਨੇਹਾ ਦੇਣ ਦੀ ਕੋਸ਼ਿਸ਼ ਨੂੰ ਇਸ ਦਿਸ਼ਾ ’ਚ ਇੱਕ ਚੰਗਾ ਕਦਮ ਮੰਨਿਆ ਜਾ ਰਿਹਾ ਹੈ।
ਐੱਸਐੱਸਪੀ ਆਹਲੂਵਾਲੀਆ ਨੇ ਕਿਹਾ ਬੱਬੂ ਮਾਨ ਨੇ ਆਪਣੇ ਵਿਲੱਖਣ ਤਰੀਕੇ ਨਾਲ ਦਿਖਾਇਆ ਕਿ ਕਲਾਕਾਰ ਆਪਣੀ ਪ੍ਰਸਿੱਧੀ ਦੀ ਵਰਤੋਂ ਸਮਾਜਿਕ ਜਾਗਰੂਕਤਾ ਵਧਾਉਣ ਲਈ ਕਰ ਸਕਦੇ ਹਨ। ਇਹ ਉਨ੍ਹਾਂ ਨੌਜਵਾਨਾਂ ਨੂੰ ਹਥਿਆਰਾਂ ਦੇ ਨੁਕਸਾਨਾਂ ਬਾਰੇ ਦੱਸਣ ਦਾ ਇੱਕ ਵਿਲੱਖਣ ਤਰੀਕਾ ਸੀ ਜੋ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦੇ ਹਨ। ਬੱਬੂ ਮਾਨ ਦੀ ਪਹਿਲਕਦਮੀ ਤੋਂ ਬਾਅਦ ਪੰਡਿਤ ਰਾਓ ਧਰੇਨਵਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗਾਇਕ ਨੇ ਉਨ੍ਹਾਂ ਦੀ ਅਪੀਲ ਨੂੰ ਸਮਝਦੇ ਹੋਏ ਇੱਕ ਚੰਗਾ ਕਦਮ ਚੁੱਕਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਵਿੱਖ ’ਚ ਹੋਰ ਪੰਜਾਬੀ ਗਾਇਕ ਵੀ ਆਪਣੇ ਗੀਤਾਂ ਦੀ ਵਰਤੋਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹਥਿਆਰਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਕਰਨਗੇ।