- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਪੁਲਿਸ ਨੇ ਗਿਰੋਹ ਦੇ ਮਾਸਟਰਮਾਈਂਡ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੀ ਟੀਮ ਨੇ ਕਰੀਬ 1700 ਕਿਲੋਮੀਟਰ ਦੂਰ ਪੱਛਮੀ ਬੰਗਾਲ ਦੇ ਜਲਪਾਈਗੁੜੀ ਰੇਲਵੇ ਸਟੇਸ਼ਨ ਤੱਕ ਪਿੱਛਾ ਕਰਕੇ ਮਾਸਟਰਮਾਈਂਡ ਤਰੁਣ ਕੁਮਾਰ ਉਰਫ਼ ਤਰੁਣ ਸਿੰਘ, ਵਾਸੀ ਡੱਬੂਆ ਕਲੋਨੀ ਫਰੀਦਾਬਾਦ (ਹਰਿਆਣਾ) ਨੂੰ ਕਾਬੂ ਕੀਤਾ।

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਐੱਸਐੱਸਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ 1700 ਕਿਲੋਮੀਟਰ ਦਾ ਪੈਂਡਾਂ ਤੈਅ ਕਰਕੇ ਖੰਨਾ ਪੁਲਿਸ ਨੇ ਸਰਕੈਪ ਲੁਟੇਰੇ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਮਾਸਟਰਮਾਈਂਡ ਨੂੰ ਕਾਬੂ ਕੀਤਾ ਹੈ। ਇਹ ਭਾਰਤ ਦੇ ਵੱਖ ਵੱਖ ਸੂਬਿਆਂ ਚੋਂ ਟਰੱਕਾਂ ਨੂੰ ਲੁੱਟਣ ਤੇ ਉਨ੍ਹਾਂ ’ਚ ਲੱਦੇ ਕੀਮਤੀ ਸਕਰੈਪ ਨੂੰ ਵੇਚਣ ਦਾ ਕੰਮ ਵੱਡੀ ਪੱਧਰ ’ਤੇ ਕਰਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਪੁਲਿਸ ਨੇ ਗਿਰੋਹ ਦੇ ਮਾਸਟਰਮਾਈਂਡ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੀ ਟੀਮ ਨੇ ਕਰੀਬ 1700 ਕਿਲੋਮੀਟਰ ਦੂਰ ਪੱਛਮੀ ਬੰਗਾਲ ਦੇ ਜਲਪਾਈਗੁੜੀ ਰੇਲਵੇ ਸਟੇਸ਼ਨ ਤੱਕ ਪਿੱਛਾ ਕਰਕੇ ਮਾਸਟਰਮਾਈਂਡ ਤਰੁਣ ਕੁਮਾਰ ਉਰਫ਼ ਤਰੁਣ ਸਿੰਘ, ਵਾਸੀ ਡੱਬੂਆ ਕਲੋਨੀ ਫਰੀਦਾਬਾਦ (ਹਰਿਆਣਾ) ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਉਸ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਕਰੀਬ 40 ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਸਾਹਮਣੇ ਆਈ ਹੈ। ਗਿਰੋਹ ਦੇ ਮੈਂਬਰਾਂ ਖਿਲਾਫ 24 ਤੋਂ ਵੱਧ ਮੁਕੱਦਮੇ ਵੱਖ-ਵੱਖ ਸੂਬਿਆਂ ਦੇ ਥਾਣਿਆਂ 'ਚ ਦਰਜ ਹਨ। ਇਸ ਕੇਸ ਨੂੰ ਟਰੇਸ ਕਰਨ 'ਚ ਐੱਸਪੀ (ਸਪੈਸ਼ਲ ਬਰਾਂਚ) ਹਰਪਿੰਦਰ ਕੌਰ ਗਿੱਲ, ਡੀਐੱਸਪੀ ਵਿਨੋਦ ਕੁਮਾਰ, ਸ਼ਪੈਸ਼ਲ ਬਰਾਂਚ ਇੰਚਾਰਜ ਜਰਨੈਲ ਸਿੰਘ, ਸਦਰ ਥਾਣਾ ਮੁਖੀ ਵਿਜੈਪਾਲ ਸਿੰਘ ਤੇ ਕੋਟ ਚੌਕੀ ਇੰਚਾਰਜ ਸੁਰਜੀਤ ਸਿੰਘ ਦੀ ਅਹਿਮ ਭੂਮਿਕਾ ਰਹੀ।
ਆਹਲੂਵਾਲੀਆ ਨੇ ਦੱਸਿਆ ਕਿ 30 ਅਗਸਤ ਨੂੰ ਰਾਜਪੁਰਾ ਦੇ ਟਰਾਂਸਪੋਰਟਰ ਸੁਮਿਤ ਸਹਿਗਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਕੰਪਨੀ ਦਾ ਸਕਰੈਪ ਨਾਲ ਭਰਿਆ ਟਰੱਕ 29 ਅਗਸਤ ਦੀ ਰਾਤ ਥਾਣਾ ਸਦਰ ਖੰਨਾ ਦੇ ਇਲਾਕੇ ’ਚੋਂ ਲੁੱਟ ਲਿਆ ਗਿਆ। ਕਰੀਬ ਪੰਜ ਮੁਲਜ਼ਮਾਂ ਨੇ ਟਰੱਕ ਡਰਾਈਵਰ ਬਚਨ ਸਿੰਘ ਨੂੰ ਅਗਵਾ ਕਰਕੇ ਉਸ ਨਾਲ ਕੁੱਟਮਾਰ ਕੀਤੀ ਸੀ ਤੇ ਬਾਅਦ ’ਚ ਸੁੰਨਸਾਨ ਥਾਂ ’ਤੇ ਛੱਡ ਦਿੱਤਾ ਸੀ। ਮੁਲਜ਼ਮ ਸਕਰੈਪ ਨਾਲ ਭਰਿਆ ਟਰੱਕ ਲੈ ਕੇ ਫਰਾਰ ਹੋ ਗਏ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕਰਕੇ ਜਾਂਚ ਸ਼ੁਰੂ ਕਰਵਾਈ ਗਈ। ਪੁਲਿਸ ਨੇ ਪਹਿਲਾਂ ਚੇਤਨ ਕੁਮਾਰ ਲਾਡੀ ਤੇ ਉਸ ਦੇ ਪਿਤਾ ਪ੍ਰੇਮ ਪ੍ਰਕਾਸ਼, ਵਾਸੀ ਭਾਮੀਆਂ, ਲੁਧਿਆਣਾ, ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ’ਚ ਦੋਵਾਂ ਨੇ ਖੁਲਾਸਾ ਕੀਤਾ ਕਿ ਤਰੁਣ ਕੁਮਾਰ ਉਰਫ਼ ਤਰੁਣ ਸਿੰਘ ਗਿਰੋਹ ਦਾ ਮਾਸਟਰਮਾਈਂਡ ਹੈ ਅਤੇ ਉਸ ਦੀ ਅਗਵਾਈ ’ਚ ਹੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ।
ਐੱਸਐੱਸਪੀ ਡਾ. ਆਹਲੂਵਾਲੀਆ ਨੇ ਅੱਗੇ ਦੱਸਿਆ ਕਿ ਪੁਲਿਸ ਜਾਂਚ ਦੌਰਾਨ ਪਤਾ ਲੱਗਾ ਕਿ ਮਾਸਟਰਮਾਈਂਡ ਤਰੁਣ ਕੁਮਾਰ ਵਾਰਦਾਤ ਤੋਂ ਬਾਅਦ ਪੱਛਮੀ ਬੰਗਾਲ ਫ਼ਰਾਰ ਹੋ ਗਿਆ ਸੀ। ਤਕਨੀਕੀ ਸਾਧਨਾਂ ਦੀ ਮੱਦਦ ਨਾਲ ਪੁਲਿਸ ਨੇ ਉਸ ਦੀ ਲੋਕੇਸ਼ਨ ਟਰੇਸ ਕੀਤੀ ਤੇ ਰੇਲਵੇ ਪੁਲਿਸ ਨਾਲ ਤਾਲਮੇਲ ਕਰਕੇ ਉਸਨੂੰ ਜਲਪਾਈਗੁੜੀ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ। ਪੁਲਿਸ ਮੁਤਾਬਕ ਮੁਲਜ਼ਮ ਨੇ ਲੁਧਿਆਣਾ ਵਾਸੀ ਜਸਪ੍ਰੀਤ ਸਿੰਘ ਦੇ ਨਾਮ ’ਤੇ ਫ਼ਰਜ਼ੀ ਪਛਾਣ ਨਾਲ ਰੇਲ ਟਿਕਟ ਬੁੱਕ ਕਰਵਾਈ ਹੋਈ ਸੀ ਤੇ ਅੱਗੇ ਫ਼ਰਾਰ ਹੋਣ ਦੀ ਤਿਆਰੀ ’ਚ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਕੋਲੋਂ ਸਕਰੈਪ ਵੇਚ ਕੇ ਹਾਸਲ ਕੀਤੇ 1.10 ਲੱਖ ਰੁਪਏ ਬਰਾਮਦ ਕੀਤੇ ਗਏ। ਖੰਨਾ ਪੁਲਿਸ ਉਸ ਨੂੰ ਪੱਛਮੀ ਬੰਗਾਲ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਏਅਰਪੋਰਟ ਲੈ ਕੇ ਪਹੁੰਚੀ। ਇਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ’ਤੇ ਲੁੱਟਿਆ ਗਿਆ ਟਰੱਕ ਹਰਿਆਣਾ ਦੇ ਚੀਕਾ ਤੋਂ ਬਰਾਮਦ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ’ਚ ਸਾਹਮਣੇ ਆਇਆ ਕਿ ਟਰੱਕ ’ਚ ਕਰੀਬ ਸਾਢੇ ਚਾਰ ਲੱਖ ਰੁਪਏ ਦੀ ਕੀਮਤ ਦਾ ਸਕਰੈਪ ਲੱਦਿਆ ਹੋਇਆ ਸੀ। ਪੁਲਿਸ ਮੁਤਾਬਕ ਇਹ ਸਕਰੈਪ ਹਰਿਆਣਾ ਦੇ ਗੁੜਗਾਓਂ ਵਾਸੀ ਸਕਰੈਪ ਕਾਰੋਬਾਰੀ ਗਣੇਸ਼ ਕੁਮਾਰ ਤੇ ਉਸ ਦੇ ਪੁੱਤਰ ਵਿਕਾਸ ਰਾਏ ਨੂੰ ਵੇਚਿਆ ਗਿਆ ਸੀ। ਇਹ ਦੋਵੇਂ ਵਪਾਰੀ ਲੁੱਟ ਖੋਹ ਤੇ ਚੋਰੀ ਦਾ ਸਾਮਾਨ ਸਸਤੇ ਭਾਅ ਉਪਰ ਖ਼ਰੀਦ ਲੈਂਦੇ ਸੀ।
ਐੱਸਐੱਸਪੀ ਨੇ ਦੱਸਿਆ ਕਿ ਗਿਰੋਹ ਦਾ ਮੁੱਖ ਨਿਸ਼ਾਨਾ ਲੋਹੇ ਤੇ ਹੋਰ ਕੀਮਤੀ ਸਕਰੈਪ ਨਾਲ ਭਰੇ ਟਰੱਕ ਹੁੰਦੇ ਸਨ। ਮੁਲਜ਼ਮ ਟਰੱਕ ਲੁੱਟਣ ਤੋਂ ਬਾਅਦ ਡਰਾਈਵਰ ਨੂੰ ਸੁੰਨਸਾਨ ਥਾਂ ’ਤੇ ਛੱਡ ਦਿੰਦੇ ਸਨ ਅਤੇ ਬਾਅਦ ’ਚ ਟਰੱਕ ਵਿੱਚ ਲੱਦਿਆ ਸਕਰੈਪ ਵੇਚ ਦਿੱਤਾ ਜਾਂਦਾ ਸੀ। ਟਰੱਕ ਨੂੰ ਵੀ ਕਿਸੇ ਸੁੰਨਸਾਨ ਸਥਾਨ ’ਤੇ ਖੜ੍ਹਾ ਕਰਕੇ ਫਰਾਰ ਹੋ ਜਾਂਦੇ ਸਨ।
ਪੁਲਿਸ ਅਨੁਸਾਰ ਚੇਤਨ ਕੁਮਾਰ ਲਾਡੀ ਖ਼ਿਲਾਫ਼ ਪਹਿਲਾਂ ਹੀ ਪੰਜ ਮਾਮਲੇ ਦਰਜ ਹਨ, ਜਦਕਿ ਤਰੁਣ ਕੁਮਾਰ ਉਰਫ਼ ਤਰੁਣ ਸਿੰਘ ਖ਼ਿਲਾਫ਼ ਨੌਂ ਮਾਮਲੇ ਦਰਜ ਹਨ। ਪ੍ਰੇਮ ਪ੍ਰਕਾਸ਼ ਖ਼ਿਲਾਫ਼ ਲੁਧਿਆਣਾ ’ਚ ਨਸ਼ਾ ਤਸਕਰੀ ਦਾ ਇੱਕ ਮਾਮਲਾ ਦਰਜ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।