- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਫਸਾਉਣ ਲਈ ਉਸਦੇ ਘਰੋਂ 30 ਗਰਾਮ ਹੈਰੋਇਨ ਮਿਲਣ ਦਾ ਮਹੰਤ ਗਿਰੀ ਦੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਨੇ ਪਰਦਾਫ਼ਾਸ ਕਰ ਦਿੱਤਾ ਤੇ ਇਸ ਮਾਮਲੇ ’ਚ ਏਐੱਸਆਈ ਸੁਖਦੇਵ ਸਿੰਘ ਉਸਦੇ ਘਰ ਬੈੱਡਾਂ ਦੇ ਗੱਦਿਆਂ ’ਚ ਹੈਰੋਇਨ ਛੁਪਾਉਂਦਾ ਦਿਖਾਈ ਦਿੱਤਾ।

ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ: ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਫਸਾਉਣ ਲਈ ਉਸਦੇ ਘਰੋਂ 30 ਗਰਾਮ ਹੈਰੋਇਨ ਮਿਲਣ ਦਾ ਮਹੰਤ ਗਿਰੀ ਦੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਨੇ ਪਰਦਾਫ਼ਾਸ ਕਰ ਦਿੱਤਾ ਤੇ ਇਸ ਮਾਮਲੇ ’ਚ ਏਐੱਸਆਈ ਸੁਖਦੇਵ ਸਿੰਘ ਉਸਦੇ ਘਰ ਬੈੱਡਾਂ ਦੇ ਗੱਦਿਆਂ ’ਚ ਹੈਰੋਇਨ ਛੁਪਾਉਂਦਾ ਦਿਖਾਈ ਦਿੱਤਾ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਇਕ ਏਐੱਸਆਈ ਨੇ ਗਿਰੀ ਦੇ ਘਰ ’ਚ ਤਲਾਸ਼ੀ ਤੋਂ ਕੁਝ ਸਮਾਂ ਪਹਿਲਾ ਦਾਖਲ ਹੋ ਕੇ ਹੈਰੋਇਨ ਲੁਕਾਈ ਸੀ।
ਐੱਸਐੱਸਪੀ ਡਾ.ਦਰਪਣ ਆਹਲੂਵਾਲੀਆ ਦੇ ਧਿਆਨ ’ਚ ਆਉਣ ’ਤੇ ਉਨ੍ਹਾਂ ਵੱਲੋਂ ਏਐੱਸਆਈ ਸੁਖਦੇਵ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਲਈ ਪੁਲੀਸ ਸੁਪਰਡੈਂਟ ਦੀ ਅਗਵਾਈ ’ਚ ਇਕ ਐੱਸਆਈਟੀ ਬਣਾਈ। ਇਸ ਤੋਂ ਇਲਾਵਾ ਮਹੰਤ ਕਸ਼ਮੀਰ ਗਿਰੀ ਨੂੰ ਵੀ ਮਾਮਲੇ ਤੋਂ ਰਿਹਾਅ ਕਰ ਦਿੱਤਾ ਗਿਆ।
ਸੋਸ਼ਲ ਮੀਡੀਆਂ ’ਤੇ ਵਾਇਰਲ ਵੀਡਿਓ ’ਚ ਸੀਆਈਏ ਸਟਾਫ਼ ਵਿਚ ਤਾਇਨਾਤ ਏਐੱਸਆਈ ਸੁਖਦੇਵ ਸਿੰਘ ਪੁਲਿਸ ਟੀਮ ਦੇ ਆਉਣ ਤੋਂ ਪਹਿਲਾਂ ਸਾਦੇ ਕੱਪੜਿਆਂ ’ਚ ਮਹੰਤ ਕਸ਼ਮੀਰ ਗਿਰੀ ਦੇ ਘਰ ਪੁੱਜਿਆ ਸੀ। ਘਰ ’ਚ ਲੱਗੇ ਇਕ ਲੁਕਵੇਂ ਕੈਮਰੇ ਦੀ ਰਿਕਾਰਡਿੰਗ ’ਚ ਉਹ ਕਮਰੇ ’ਚ ਦਾਖਲ ਹੁੰਦਾ ਅਤੇ ਗੱਦੇ ਹੇਠ ਕੁਝ ਰੱਖਦਾ ਦਿਖਾਈ ਦੇ ਰਿਹਾ ਹੈ। ਇਸ ਘਟਨਾ ਉਪਰੰਤ ਸਦਰ ਪੁਲਿਸ ਸਟੇਸ਼ਨ ਦੇ ਐੱਸਐੱਚਓ ਵਿਜੈਪਾਲ ਸਿੰਘ, ਥਾਣਾ ਸਿਟੀ 2 ਦੇ ਮੁਖੀ ਤਰਵਿੰਦਰ ਕੁਮਾਰ ਬੇਦੀ ਅਤੇ ਹੋਰ ਪੁਲਿਸ ਕਰਮਚਾਰੀ ਉਸੇ ਕਮਰੇ ਦੀ ਤਲਾਸ਼ੀ ਲੈਣ ਪੁੱਜੇ, ਜਿੱਥੋਂ ਉਨ੍ਹਾਂ ਗੱਦੇ ਹੇਠੋਂ ਲਗਪਗ 30 ਗ੍ਰਾਮ ਹੈਰੋਇਨ ਬਰਾਮਦ ਹੋਣ ਦਾ ਦਾਅਵਾ ਕੀਤਾ ਅਤੇ ਮਹੰਤ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਦੱਸਿਆ ਕਿ ਮਹੰਤ ਗਿਰੀ ਦੇ ਡਰਾਈਵਰ ਗੁਰਜੰਟ ਸਿੰਘ ਜੰਟਾ ਨੂੰ ਸਾਢੇ ਸੱਤ ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਤੋਂ ਪੁੱਛਗਿੱਛ ਕਰਨ ਉਪਰੰਤ ਮਹੰਤ ਦਾ ਨਾਂਅ ਸਾਹਮਣੇ ਆਇਆ ਸੀ। ਹਾਲਾਂਕਿ ਘਰ ਵਿਚ ਲੱਗੇ ਇਕ ਗੁਪਤ ਕੈਮਰੇ ਦੀ ਰਿਕਾਰਡਿੰਗ ਸਾਹਮਣੇ ਆਉਣ ਤੋਂ ਬਾਅਦ ਪੂਰੀ ਰਿਕਵਰੀ ਕਾਰਵਾਈ ਸਵਾਲਾਂ ਦੇ ਘੇਰੇ ’ਚ ਆ ਗਈ ਅਤੇ ਇਸ ਦੌਰਾਨ ਸ਼ਹਿਰ ’ਚ ਪੁਲਿਸ ਦੀ ਕਾਰਵਾਈ ’ਤੇ ਵੀ ਪੂਰੀ ਚਰਚਾ ਚੱਲ ਰਹੀ ਹੈ।
ਪੁਲਿਸ ਕਰਮਚਾਰੀ ਦੀ ਅਜਿਹੀ ਗ਼ਲਤੀ ਬਰਦਾਸ਼ਤ ਨਹੀਂ: ਐੱਸਐੱਸਪੀ
ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਹੀ ਅਜਿਹੀਆਂ ਹਰਕਤਾਂ ਕਰ ਰਹੀ ਹੈ ਤਾਂ ਕਿਸ ਤੋਂ ਇਨਸਾਫ਼ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਸਬੰਧੀ ਐੱਸਐੱਸਪੀ ਡਾ.ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਐੱਨਡੀਪੀਐੱਸ ਦੇ ਮਾਮਲਿਆਂ ਕਿਸੇ ਵੀ ਗ਼ੈਰ ਕਾਨੂੰਨੀ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼਼ ਇਕ ਜ਼ੀਰੋ ਟਾਲਰੈਂਸ ਪਾਲਿਸੀ ਹੈ, ਕਿਸੇ ਵੀ ਪੁਲਿਸ ਕਰਮਚਾਰੀ ਵੱਲੋਂ ਕੀਤੀ ਬੇਨਿਯਮੀ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿਸ ਤਹਿਤ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਵੀਡੀਓ ’ਚ ਏਐੱਸਆਈ ਸੁਖਦੇਵ ਸਿੰਘ ਨੂੰ ਮੁਅੱਤਲ ਕਰਕੇ ਮਾਮਲੇ ਦੀ ਜਾਂਚ ਲਈ ਐੱਸਆਈਟੀ ਬਣਾਈ ਗਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਯੁੱਧ ਨਸ਼ਿਆਂ ਵਿਰੁੱਧ’ ਦਾ ਡੱਟ ਕੇ ਸਾਥ ਦੇਣ।