ਕੰਵਰਪਾਲ ਸੀਨੀਅਰ ਤੇ ਜੱਗੀ ਨਗਰ ਕੌਂਸਲ ਦੇ ਮੀਤ ਪ੍ਰਧਾਨ ਬਣੇ
ਜਗਰਾਓਂ ਨਗਰ ਕੌਂਸਲ ਦੇ ਕੰਵਰਪਾਲ ਸੀਨੀਅਰ ਅਤੇ ਜੱਗੀ ਮੀਤ ਪ੍ਰਧਾਨ ਬਣੇ
Publish Date: Mon, 19 Jan 2026 07:41 PM (IST)
Updated Date: Tue, 20 Jan 2026 04:16 AM (IST)

-ਕਾਂਗਰਸ ਦੇ ਇਕ ਧੜੇ ਨੇ ਕੀਤੀ ਹਮਾਇਤ, ਦੂਜੇ ਧੜੇ ਵੱਲੋਂ ਬਾਈਕਾਟ -ਵਿਧਾਇਕਾ ਸਮੇਤ ਸਿਰਫ 10 ਕੌਂਸਲਰਾਂ ਨੇ ਕੀਤੀ ਚੋਣ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਕਾਂਗਰਸ ਦੇ ਇੱਕ ਧੜੇ ਦੀ ਹਮਾਇਤ ਸਦਕਾ ਨਗਰ ਕੌਂਸਲ ਤੇ ਆਮ ਆਦਮੀ ਪਾਰਟੀ ਅੱਜ ਕਾਬਜ ਹੋ ਗਏ। ਕਾਂਗਰਸ ਦੇ 4 ਕੌਂਸਲਰਾਂ ਦੀ ਦਰਿਆਦਿਲੀ ਕਾਰਨ ਆਮ ਆਦਮੀ ਪਾਰਟੀ ਦੇ ਕੌਂਸਲਰ ਕੰਵਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਜਗਜੀਤ ਸਿੰਘ ਜੱਗੀ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ। ਹਾਲਾਂਕਿ ਕਾਂਗਰਸ ਦੇ ਦੂਜੇ ਵੱਡੇ ਧੜੇ ਨੇ ਇਸ ਚੋਣ ਦਾ ਬਾਈਕਾਟ ਕਰਦਿਆਂ ਸ਼ਕਤੀ ਪ੍ਰਦਰਸ਼ਨ ਰਾਹੀਂ ਆਪਣਾ ਬਹੁਮਤ ਵੀ ਦਿਖਾਇਆ। ਅੱਜ ਇਸ ਚੋਣ ਨੂੰ ਸਿਰਫ 9 ਕੌਂਸਲਰਾਂ ਅਤੇ ਵਿਧਾਇਕਾ ਨੇ ਸਿਰੇ ਲਗਾਇਆ। ਜਦਕਿ ਕਾਂਗਰਸ ਦੇ 11 ਕੌਂਸਲਰਾਂ ਨੇ ਬਾਈਕਾਟ ਕੀਤਾ। 1 ਮਹਿਲਾ ਕੌਂਸਲਰ ਦੀ ਮੌਤ ਹੋ ਚੁੱਕੀ ਹੈ ਅਤੇ 1 ਮਹਿਲਾ ਕੌਂਸਲਰ ਮੀਟਿੰਗ ਵਿਚ ਨਾ ਪੁੱਜੇ। ਪੁਲਿਸ ਪਹਿਰੇ ਹੇਠ ਜਗਰਾਓਂ ਦੇ ਐੱਸਡੀਐੱਮ ਉਪਿੰਦਰਜੀਤ ਕੌਰ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਦੀ ਹੋਈ ਮੀਟਿੰਗ ਵਿਚ ਕੌਂਸਲਰ ਅਨਮੋਲ ਗੁਪਤਾ ਨੇ ਸੀਨੀਅਰ ਮੀਤ ਪ੍ਰਧਾਨ ਲਈ ਕੌਂਸਲਰ ਕੰਵਰਪਾਲ ਸਿੰਘ ਦਾ ਨਾਮ ਪੇਸ਼ ਕੀਤਾ। ਜਿਸ ’ਤੇ ਕੌਂਸਲਰਾਂ ਨੇ ਹਾਮੀ ਭਰਦਿਆਂ ਉਨ੍ਹਾਂ ਦੇ ਹੱਕ ਵਿਚ ਹੱਥ ਖੜ੍ਹੇ ਕੀਤੇ। ਇਸ ਤੋਂ ਬਾਅਦ ਕੌਂਸਲਰ ਜਗਜੀਤ ਸਿੰਘ ਜੱਗੀ ਨੂੰ ਜੂਨੀਅਰ ਮੀਤ ਪ੍ਰਧਾਨ ਲਈ ਵੀ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਮੌਕੇ ਕਾਂਗਰਸ ਧੜੇ ਦੇ ਸੁਧਾ ਭਾਰਦਵਾਜ, ਰਾਜਿੰਦਰ ਕੌਰ ਠੁਕਰਾਲ, ਅਨੀਤਾ ਸਭਰਵਾਲ, ਪਰਮਿੰਦਰ ਕੌਰ ਕਲਿਆਣ ਤੋਂ ਇਲਾਵਾ ਅਮਰਜੀਤ ਸਿੰਘ ਮਾਲਵਾ, ਸਤੀਸ਼ ਕੁਮਾਰ ਪੱਪੂ ਆਦਿ ਹਾਜ਼ਰ ਸਨ। ਕੰਵਰਪਾਲ ਸਿੰਘ ਅਤੇ ਜਗਜੀਤ ਸਿੰਘ ਜੱਗੀ ਦੇ ਚੁਣੇ ਜਾਣ ਦੇ ਨਾਲ ਹੀ ਉਨ੍ਹਾਂ ਦੇ ਸਮਰਥਕ ਢੋਲ, ਲੱਡੂ ਅਤੇ ਹਾਰ ਲੈ ਕੇ ਪਹੁੰਚ ਗਏ। ਉਨ੍ਹਾਂ ਦੋਵਾਂ ਦਾ ਹੀ ਸ਼ਾਨਦਾਰ ਸਵਾਗਤ ਕਰਦਿਆਂ ਖੁਸ਼ੀ ਮਨਾਈ। ਇਸ ਦੌਰਾਨ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਚਾਹੇ ਦੂਸਰਾ ਧੜਾ ਗੈਰ ਹਾਜ਼ਰ ਰਿਹਾ ਪਰ ਸ਼ਹਿਰ ਦੀ ਬੇਹਤਰੀ ਲਈ ਜਿਨ੍ਹਾਂ ਨੇ ਇਸ ਚੋਣ ਨੂੰ ਸਿਰੇ ਲਗਾਇਆ ਹੈ,ਉਨ੍ਹਾਂ ਦੇ ਸਹਿਯੋਗ ਸਦਕਾ ਹੁਣ ਜਗਰਾਓਂ ਦਾ ਵਿਕਾਸ ਹੋਵੇਗਾ। ਜਿਸ ਵਿਕਾਸ ਨੂੰ ਉਹ ਸਾਲਾਂ ਪਹਿਲਾਂ ਹੀ ਕਰਨਾ ਚਾਹੁੰਦੇ ਸਨ ਪਰ ਦੂਜੇ ਕਾਬਜ ਧੜੇ ਦੇ ਅੜਿੱਕਿਆਂ ਕਾਰਨ ਸ਼ਹਿਰ ਦੀ ਹਾਲਤ ਬਦਤਰ ਹੋ ਗਈ। ਹੁਣ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਨਵੇਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਹੀ ਸ਼ਹਿਰ ਦੀ ਬੇਹਤਰੀ ਲਈ ਕੰਮਾਂ ਦਾ ਆਗਾਜ਼ ਹੋ ਜਾਵੇਗਾ। ਜਗਰਾਓਂ ਦੇ ਲੋਕਾਂ ਨੂੰ ਹੁਣ ਮੁਸੀਬਤਾਂ ਨਹੀਂ ਝਲਣੀਆਂ ਪੈਣਗੀਆਂ। ਇਸ ਮੌਕੇ ਪ੍ਰੋ. ਸੁਖਵਿੰਦਰ ਸਿੰਘ, ਕਰਮਜੀਤ ਕੈਂਥ, ਰਾਜ ਭਾਰਦਵਾਜ, ਨੋਨੀ ਸੈਂਭੀ, ਰਵਿੰਦਰ ਸਭਰਵਾਲ ਆਦਿ ਹਾਜ਼ਰ ਸਨ। ਨਰਾਸ਼ ਹੋਏ ਕੌਂਸਲਰ ਮਾਲਵਾ ਮੀਟਿੰਗ ਵਿਚਾਲਿਓਂ ਚਲੇ ਗਏ ਜਗਰਾਓਂ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਲਈ ਕੌਂਸਲਰ ਅਮਰਜੀਤ ਸਿੰਘ ਮਾਲਵਾ ਮਜ਼ਬੂਤ ਦਾਅਵੇਦਾਰ ਸਨ। ਅੱਜ ਸਵੇਰ ਤਕ ਵੀ ਉਨ੍ਹਾਂ ਦੇ ਨਾਮ ’ਤੇ ਹੀ ਪੱਕੀ ਮੋਹਰ ਲੱਗੀ ਹੋਈ ਸੀ ਪਰ ਐਨ ਮੌਕੇ ’ਤੇ ਕਾਂਗਰਸ ਦੇ ਵੱਡੇ ਧੜੇ ਵੱਲੋਂ ਚੋਣ ਦਾ ਬਾਈਕਾਟ ਕਰਨ ਦੀ ਭਣਕ ਲੱਗਣ ਅਤੇ ਗਿਣਤੀ ਦੇ ਮਸਾਂ ਕੁ ਇਕੱਠੇ ਹੋਏ 9 ਕੌਂਸਲਰਾਂ ਵਿਚੋਂ ਕੁਝ ਕੌਂਸਲਰਾਂ ਵੱਲੋਂ ਅਮਰਜੀਤ ਮਾਲਵਾ ਦੀ ਵਿਰੋਧਤਾ ਕੀਤੀ ਤਾਂ ਕੌਂਸਲਰ ਕੰਵਰਪਾਲ ਦਾ ਨਾਮ ਫਾਈਨਲ ਕੀਤਾ ਗਿਆ। ਮੀਟਿੰਗ ਵਿਚ ਜਿਉਂ ਹੀ ਕੌਂਸਲਰ ਕੰਵਰਪਾਲ ਦੇ ਨਾਮ ’ਤੇ ਮੋਹਰ ਲੱਗੀ ਤਾਂ ਕੌਂਸਲਰ ਮਾਲਵਾ ਨੇ ਵੀ ਇਸ ਫੈਸਲੇ ਨੂੰ ਮੰਨਿਆ ਪਰ ਉਹ ਮੀਟਿੰਗ ਦੀ ਕਾਰਵਾਈ ਵਿਚਾਲੇ ਛੱਡ ਕੇ ਇਹ ਕਹਿ ਚਲੇ ਗਏ ਕਿ ਉਨ੍ਹਾਂ ਨੂੰ ਜ਼ਰੂਰੀ ਕੰਮ ਹੈ। ------