- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿੱਗ ਬੈਨ ਗਰੁੱਪ ਦੇ ਜੋਗਿੰਦਰ ਸਿੰਘ ਆਹੂਜਾ ਦਾ 89 ਸਾਲ ਦੀ ਉਮਰ 'ਚ ਦੇਹਾਂਤ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਸਨਅਤਕਾਰ ਜੋਗਿੰਦਰ ਸਿੰਘ ਆਹੂਜਾ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਸਾਦਗੀ, ਨਿਮਰਤਾ, ਮਿਹਨਤ ਅਤੇ ਉੱਦਮੀ ਸੋਚ ਵਾਲੀ ਸ਼ਖ਼ਸੀਅਤ ਵਜੋਂ ਯਾਦ ਕੀਤੇ ਜਾਣਗੇ। ਪਾਕਿਸਤਾਨ ਤੋਂ ਹਿਜਰਤ ਕਰਕੇ ਆਉਣ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ ਦੇ ਗਿੱਲ ਰੋਡ 'ਤੇ ਇੱਕ ਛੋਟੀ ਦੁਕਾਨ ਤੋਂ ਆਪਣੇ ਕਾਰੋਬਾਰੀ ਸਫ਼ਰ ਦੀ ਸ਼ੁਰੂਆਤ ਕੀਤੀ। ਮਿਹਨਤ, ਇਮਾਨਦਾਰੀ ਤੇ ਦ੍ਰਿੜ੍ਹ ਇਰਾਦੇ ਨਾਲ ਉਨ੍ਹਾਂ ਨੇ ਅੱਗੇ ਵਧਦਿਆਂ ਬਿਗ ਬੈਨ ਗਰੁੱਪ ਦੀ ਸਥਾਪਨਾ ਕੀਤੀ ਅਤੇ ਕਾਰੋਬਾਰੀ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਕਾਰੋਬਾਰੀ ਸਫ਼ਲਤਾ ਦੇ ਨਾਲ-ਨਾਲ ਜੋਗਿੰਦਰ ਸਿੰਘ ਆਹੂਜਾ ਆਪਣੀ ਨਿਮਰਤਾ, ਮਿਲਾਪੜੇ ਸੁਭਾਅ ਤੇ ਧਾਰਮਿਕ ਵਿਸ਼ਵਾਸਾਂ ਲਈ ਵੀ ਜਾਣੇ ਜਾਂਦੇ ਸਨ। ਉਹ ਗੁਰਬਾਣੀ ਨਾਲ ਡੂੰਘੇ ਤੌਰ 'ਤੇ ਜੁੜੇ ਹੋਏ ਸਨ ਅਤੇ ਨਿਯਮਿਤ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦੇ ਸਨ। ਆਖ਼ਰੀ ਸਮੇਂ ਤੱਕ ਉਨ੍ਹਾਂ ਦੀ ਇਹ ਸ਼ਰਧਾ ਬਣੀ ਰਹੀ। ਉਨ੍ਹਾਂ ਦੀ ਜ਼ਿੰਦਗੀ ਗੁਰਬਾਣੀ ਦੇ ਸਿਧਾਂਤ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦੀ ਪ੍ਰੇਰਨਾ ਨੂੰ ਦਰਸਾਉਂਦੀ ਰਹੀ। ਇਮਾਨਦਾਰੀ ਨਾਲ ਮਿਹਨਤ ਕਰਨਾ, ਪਰਮਾਤਮਾ ਦਾ ਨਾਮ ਜਪਣਾ ਤੇ ਲੋੜਵੰਦਾਂ ਨਾਲ ਸਾਂਝ ਪਾਉਣਾ ਉਨ੍ਹਾਂ ਦੇ ਜੀਵਨ ਦੇ ਮੁੱਖ ਮੁੱਲ ਰਹੇ। ਉਹ ਆਪਣੇ ਪਿੱਛੇ ਪੁੱਤਰ ਤੇਜਵਿੰਦਰ ਸਿੰਘ ਅਤੇ ਦਵਿੰਦਰ ਸਿੰਘ, ਧੀ ਹਰਵਿੰਦਰ ਕੌਰ, ਪੋਤੇ-ਪੋਤੀਆਂ ਤੇ ਆਪਣੇ ਪਰਿਵਾਰਕ ਤੇ ਸਮਾਜਿਕ ਮੁੱਲਾਂ ਦੀ ਵਿਰਾਸਤ ਛੱਡ ਗਏ ਹਨ। ਉਨ੍ਹਾਂ ਦੇ ਦੇਹਾਂਤ ਨਾਲ ਪਰਿਵਾਰ ਅਤੇ ਜਾਣ-ਪਛਾਣ ਵਾਲਿਆਂ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੋਗਿੰਦਰ ਸਿੰਘ ਆਹੂਜਾ ਦੀ ਜ਼ਿੰਦਗੀ ਸਾਦਗੀ ਭਰਿਆ ਜੀਵਨ, ਇਮਾਨਦਾਰ ਕਿਰਤ, ਪਰਮਾਤਮਾ ਪ੍ਰਤੀ ਸ਼ਰਧਾ ਅਤੇ ਦੂਜਿਆਂ ਨਾਲ ਸਾਂਝ ਪਾਉਣ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣੀਆਂ ਰਹਿਣਗੀਆਂ। ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਦੱਸਿਆ ਕਿ ਜੋਗਿੰਦਰ ਸਿੰਘ ਆਹੂੁਜਾ ਦਾ ਅੰਤਿਮ ਸਸਕਾਰ 1 ਅਕਤੂਬਰ 2026 ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ ’ਚ ਹੋਵੇਗਾ।