ਮਾਤਾ ਨੈਣਾ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਜੀਪ ਟਿੱਪਰ ਨਾਲ ਟਕਰਾਈ ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਦੀ ਜੀਪ ਟਿੱਪਰ ਨਾਲ ਟਕਰਾਈ
Publish Date: Tue, 17 Nov 2026 08:19 PM (IST)
Updated Date: Wed, 18 Nov 2026 04:06 AM (IST)
* ਇਕ ਔਰਤ ਸਮੇਤ ਦੋ ਨਾਬਾਲਗਾਂ ਨੇ ਤੋੜਿਆ ਦਮ * 25 ਤੋਂ ਵੱਧ ਲੋਕ ਜ਼ਖ਼ਮੀ; ਡਰਾਈਵਰ ਦੀ ਹਾਲਤ ਵੀ ਨਾਜ਼ੁਕ ਪੀ 08 : ਮ੍ਰਿਤਕ ਮਧੂ ਦੇਵੀ ਦੀ ਫਾਈਲ ਫੋਟੋ। ਪੀ 09 : ਮ੍ਰਿਤਕ ਗੌਰਵ ਦੀ ਫਾਈਲ ਫੋਟੋ। ਪੀ 10 : ਮ੍ਰਿਤਕ ਮੁੰਨਾ ਦੀ ਫਾਈਲ ਫੋਟੋ। ਪੀ 11 : ਟਿੱਪਰ ’ਚ ਟਕਰਾ ਕੇ ਹਾਦਸਾਗ੍ਰਸਤ ਹੋਈ ਜੀਪ। ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ ਸ੍ਰੀ ਮਾਛੀਵਾੜਾ ਸਾਹਿਬ : ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰ ਕੇ ਘਰ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕਅੱਪ ਜੀਪ ਪਵਾਤ ਪੁਲ ਨੇੜੇ ਸੜਕ ਕਿਨਾਰੇ ਖੜ੍ਹੇ ਇਕ ਟਿੱਪਰ ਨਾਲ ਜਾ ਟਕਰਾਈ। ਦੇਰ ਰਾਤ ਵਾਪਰੇ ਇਸ ਭਿਆਨਕ ਹਾਦਸੇ ’ਚ ਇਕ ਔਰਤ ਮਧੂ ਦੇਵੀ (35) ਤੇ ਦੋ ਨਾਬਾਲਗ ਲੜਕਿਆਂ ਗੌਰਵ (17) ਅਤੇ ਮੁੰਨਾ (13) ਦੀ ਜਾਨ ਚਲੀ ਗਈ, ਜਦਕਿ 25 ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਾਣਕਾਰੀ ਮੁਤਾਬਕ ਤਿੰਨੇ ਮ੍ਰਿਤਕ ਗੁਰੋਂ ਕਾਲੋਨੀ ਦੇ ਵਾਸੀ ਸਨ। ਦੱਸਿਆ ਜਾ ਰਿਹਾ ਹੈ ਕਿ ਛੱਠ ਪੂਜਾ ਮੌਕੇ ਇਲਾਕੇ ’ਚ ਰਹਿੰਦੇ ਪਰਵਾਸੀ ਪਰਿਵਾਰਾਂ ਦੇ ਮੈਂਬਰ ਸਵੇਰੇ ਗੜ੍ਹੀ ਪੁਲ ਤੋਂ ਪੂਜਾ ਤੇ ਵਰਤ ਦੀਆਂ ਰਸਮਾਂ ਪੂਰੀਆਂ ਕਰਨ ਉਪਰੰਤ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ। ਜੀਪ ’ਚ 30 ਤੋਂ ਵੱਧ ਵਿਅਕਤੀ ਸਵਾਰ ਸਨ। ਰਾਤ ਕਰੀਬ 10 ਵਜੇ ਤੋਂ ਬਾਅਦ ਜਦੋਂ ਇਹ ਜੱਥਾ ਮਾਛੀਵਾੜਾ ਵੱਲ ਵਾਪਸ ਆ ਰਿਹਾ ਸੀ ਤਾਂ ਪਵਾਤ ਪੁਲ ਨੇੜੇ ਸੜਕ ’ਤੇ ਖੜ੍ਹੇ ਟਿੱਪਰ ਨਾਲ ਪਿਕਅੱਪ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਈ ਸਵਾਰੀਆਂ ਜੀਪ ’ਚੋਂ ਬਾਹਰ ਜਾ ਡਿੱਗੀਆਂ, ਜਦਕਿ ਹੋਰ ਸਵਾਰੀਆਂ ਵਾਹਨ ਅੰਦਰ ਹੀ ਇਕ-ਦੂਜੇ ਨਾਲ ਟਕਰਾ ਕੇ ਗੰਭੀਰ ਜ਼ਖ਼ਮੀ ਹੋ ਗਈਆਂ। ਹਾਦਸੇ ਦੌਰਾਨ ਜੀਪ ਦੇ ਅਗਲੇ ਹਿੱਸੇ ’ਚ ਬੈਠੀ ਮਧੂ ਦੇਵੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਉਸ ਨਾਲ ਬੈਠੇ ਗੌਰਵ ਤੇ ਮੁੰਨਾ ਨੂੰ ਗੰਭੀਰ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਜੀਪ ਚਲਾ ਰਿਹਾ ਕਮਲੇਸ਼ ਵੀ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ ਤੇ ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਰਾਹਤ ਕਾਰਜਾਂ ਨਾਲ ਜੁੜੇ ਲੋਕ ਮੌਕੇ ’ਤੇ ਪਹੁੰਚੇ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਤੇ ਮਾਮਲੇ ਦੀ ਜਾਂਚ ਦੇ ਨਾਲ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਤੇ ਜ਼ਖ਼ਮੀ ਆਪਸ ’ਚ ਗੁਆਂਢੀ ਦੱਸੇ ਜਾਂਦੇ ਹਨ, ਜਿਸ ਕਾਰਨ ਪੂਰੇ ਇਲਾਕੇ ’ਚ ਦੁੱਖ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਹਾਦਸੇ ’ਚ ਜ਼ਖ਼ਮੀ ਹੋਣ ਵਾਲਿਆਂ ਦੇ ਨਾਂ ਹਾਦਸੇ ’ਚ ਜ਼ਖ਼ਮੀ ਹੋਣ ਵਾਲਿਆਂ ’ਚ ਲਕਸ਼ਮੀ, ਨੀਲਮ ਦੇਵੀ, ਗੁੱਡੂ ਦੇਵੀ, ਚੰਦਾ ਦੇਵੀ, ਕੁਮਕੁਮ, ਮਨਾਰੀ ਦੇਵੀ, ਚਾਂਦਨੀ, ਰਾਜਾ, ਕ੍ਰਿਸ਼ਨ, ਸ਼ਸ਼ੀ, ਪਿੰਕੀ, ਨੀਲਮ, ਫੂਲਾ ਦੇਵੀ, ਚੰਚਲ ਕੁਮਾਰੀ, ਸਾਨਵੀ ਤੇ ਜੀਪ ਚਾਲਕ ਕਮਲੇਸ਼ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਹੋਰ ਜ਼ਖ਼ਮੀਆਂ ਨੂੰ ਵੀ ਵੱਖ-ਵੱਖ ਹਸਪਤਾਲਾਂ ’ਚ ਇਲਾਜ ਲਈ ਭੇਜਿਆ ਗਿਆ।