ਝਗੜੇ ਦੌਰਾਨ ਸਿਰ ’ਚ ਇੱਟ ਵੱਜਣ ਨਾਲ ਜ਼ਿੰਦਗੀ ਦੀ ਜੰਗ ਹਾਰਿਆ ਜਸਪ੍ਰੀਤ, ਇਨਸਾਫ਼ ਲਈ ਸੜਕਾਂ ’ਤੇ ਉੱਤਰਿਆ ਪਰਿਵਾਰ
ਕਰੀਬ ਅੱਧੇ ਘੰਟੇ ਤੱਕ ਲੱਗੇ ਜਾਮ ਕਾਰਨ ਫਿਰੋਜ਼ਪੁਰ ਰੋਡ ’ਤੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਮੌਕੇ ’ਤੇ ਪਹੁੰਚੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਪਰਿਵਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਨੌਜਵਾਨ ਦੀ ਮੌਤ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਵਿੱਚ ਕਾਨੂੰਨ ਅਨੁਸਾਰ ਕਤਲ ਦੀ ਧਾਰਾ ਜੋੜੀ ਜਾਵੇਗੀ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਪਰਿਵਾਰ ਨੇ ਧਰਨਾ ਖ਼ਤਮ ਕਰ ਦਿੱਤਾ।
Publish Date: Sun, 20 Sep 2026 03:14 PM (IST)
Updated Date: Sun, 20 Sep 2026 03:17 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਦੇ ਬੈਂਸ ਪਿੰਡ ’ਚ ਗੁਆਂਢੀਆਂ ਨਾਲ ਹੋਇਆ ਝਗੜਾ ਇੱਕ ਨੌਜਵਾਨ ਦੀ ਜਾਨ ਲੈ ਗਿਆ। ਸਿਰ ’ਤੇ ਇੱਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਏ 38 ਸਾਲਾ ਜਸਪ੍ਰੀਤ ਸਿੰਘ ਦੀ ਸੈਕਟਰ-32 ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ਦਾ ਗੁੱਸਾ ਭੜਕ ਉੱਠਿਆ ਅਤੇ ਕਤਲ ਦੀ ਧਾਰਾ 103 ਬੀਐੱਨਐੱਸ ਤਹਿਤ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਫਿਰੋਜ਼ਪੁਰ ਰੋਡ ’ਤੇ ਜਾਮ ਲਾ ਦਿੱਤਾ।
ਕਰੀਬ ਅੱਧੇ ਘੰਟੇ ਤੱਕ ਲੱਗੇ ਜਾਮ ਕਾਰਨ ਫਿਰੋਜ਼ਪੁਰ ਰੋਡ ’ਤੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਮੌਕੇ ’ਤੇ ਪਹੁੰਚੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਪਰਿਵਾਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਨੌਜਵਾਨ ਦੀ ਮੌਤ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਵਿੱਚ ਕਾਨੂੰਨ ਅਨੁਸਾਰ ਕਤਲ ਦੀ ਧਾਰਾ ਜੋੜੀ ਜਾਵੇਗੀ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਪਰਿਵਾਰ ਨੇ ਧਰਨਾ ਖ਼ਤਮ ਕਰ ਦਿੱਤਾ।
ਘਰ ਅੰਦਰ ਪਰਿਵਾਰ ਨਾਲ ਝਗੜਾ, ਬਾਹਰ ਨਿਕਲਿਆ ਤਾਂ ਬਣ ਗਿਆ ਗੁਆਂਢੀਆਂ ਨਾਲ ਵਿਵਾਦ
ਮਿਲੀ ਜਾਣਕਾਰੀ ਅਨੁਸਾਰ 15 ਸਤੰਬਰ ਦੀ ਰਾਤ ਜਸਪ੍ਰੀਤ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਘਰ ਪਹੁੰਚਿਆ ਸੀ। ਪਰਿਵਾਰਕ ਮੈਂਬਰਾਂ ਨਾਲ ਉਸ ਦੀ ਗਾਲੀ-ਗਲੌਚ ਹੋਣ ਲੱਗੀ। ਮਾਮਲਾ ਹੋਰ ਨਾ ਵਧੇ, ਇਸ ਲਈ ਪਰਿਵਾਰ ਨੇ ਘਰ ਦਾ ਮੁੱਖ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਇਸ ਤੋਂ ਬਾਅਦ ਜਸਪ੍ਰੀਤ ਗਲੀ ਵਿੱਚ ਖੜ੍ਹਾ ਹੋ ਕੇ ਰੌਲਾ ਪਾਉਣ ਲੱਗ ਪਿਆ।
ਇਸੇ ਦੌਰਾਨ ਗੁਆਂਢੀ ਗੁਰਦਿਆਲ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਬਾਹਰ ਆ ਗਏ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੂੰ ਲੱਗਾ ਜਸਪ੍ਰੀਤ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਿਹਾ ਹੈ। ਗੱਲ ਤਕਰਾਰ ਤੋਂ ਕੁੱਟਮਾਰ ਤੱਕ ਪਹੁੰਚ ਗਈ। ਕੁਝ ਹੀ ਸਮੇਂ ਬਾਅਦ ਗੁਰਦਿਆਲ ਸਿੰਘ ਦਾ ਪੁੱਤਰ ਪ੍ਰੇਮ ਸਿੰਘ ਵੀ ਉੱਥੇ ਪਹੁੰਚ ਗਿਆ।
ਅਚਾਨਕ ਇੱਟ ਨਾਲ ਸਿਰ ’ਤੇ ਵਾਰ, ਖੂਨ ਨਾਲ ਲਥਪਥ ਹੋ ਕੇ ਡਿੱਗਿਆ
ਸ਼ਿਕਾਇਤਕਰਤਾ ਅਮਰੀਕ ਸਿੰਘ ਮੁਤਾਬਕ ਤਿੰਨਾਂ ਵੱਲੋਂ ਜਸਪ੍ਰੀਤ ਨੂੰ ਘੇਰ ਲਿਆ ਗਿਆ। ਇਸ ਦੌਰਾਨ ਮਨਜੀਤ ਕੌਰ ਵੱਲੋਂ ਕਥਿਤ ਤੌਰ ’ਤੇ ਜ਼ਮੀਨ ਤੋਂ ਇੱਟ ਚੁੱਕ ਕੇ ਜਸਪ੍ਰੀਤ ਦੇ ਸਿਰ ’ਤੇ ਮਾਰੀ ਗਈ। ਵਾਰ ਇੰਨਾ ਗੰਭੀਰ ਸੀ ਕਿ ਉਹ ਖੂਨ ਨਾਲ ਲਥਪਥ ਹੋ ਕੇ ਬੇਹੋਸ਼ ਹੋ ਗਿਆ।
ਅਮਰੀਕ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ ਸੰਭਾਲਣ ਲਈ ਅੱਗੇ ਵਧਿਆ ਤਾਂ ਕਥਿਤ ਤੌਰ ’ਤੇ ਪ੍ਰੇਮ ਸਿੰਘ ਨੇ ਉਸ ਨੂੰ ਕਿਹਾ, “ਆਪਣੇ ਭਰਾ ਨੂੰ ਚੁੱਕ ਲੈ, ਹੁਣ ਇਹ ਦੁਬਾਰਾ ਨਹੀਂ ਉੱਠੇਗਾ।”
ਪਰਿਵਾਰ ਨੇ ਜਸਪ੍ਰੀਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਪਹਿਲਾਂ ਉਸ ਨੂੰ ਅੱਗੇ ਰੈਫਰ ਕੀਤਾ ਗਿਆ ਅਤੇ ਬਾਅਦ ਵਿੱਚ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿੱਚ ਇਲਾਜ ਚੱਲਦਾ ਰਿਹਾ। ਕਈ ਦਿਨ ਜ਼ਿੰਦਗੀ ਲਈ ਜੂਝਣ ਤੋਂ ਬਾਅਦ ਜਸਪ੍ਰੀਤ ਨੇ ਦਮ ਤੋੜ ਦਿੱਤਾ।
ਮੌਤ ਤੋਂ ਬਾਅਦ ਪੁਲਿਸ ’ਤੇ ਕਾਰਵਾਈ ਤੇਜ਼ ਕਰਨ ਦਾ ਦਬਾਅ
ਮਾਮਲੇ ’ਚ ਪਹਿਲਾਂ ਗੁਰਦਿਆਲ ਸਿੰਘ, ਮਨਜੀਤ ਕੌਰ ਅਤੇ ਪ੍ਰੇਮ ਸਿੰਘ ਖ਼ਿਲਾਫ਼ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਸੀ। ਜਸਪ੍ਰੀਤ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਮੰਗ ਕੀਤੀ ਕਿ ਮਾਮਲੇ ਨੂੰ ਸਿਰਫ਼ ਕੁੱਟਮਾਰ ਤੱਕ ਸੀਮਤ ਨਾ ਰੱਖਦਿਆਂ ਕਤਲ ਦੀ ਧਾਰਾ 103 ਬੀਐੱਨਐੱਸ ਤਹਿਤ ਕਾਰਵਾਈ ਕੀਤੀ ਜਾਵੇ।
ਇਸ ਮੰਗ ਨੂੰ ਲੈ ਕੇ ਐਤਵਾਰ ਸਵੇਰੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਫਿਰੋਜ਼ਪੁਰ ਰੋਡ ’ਤੇ ਜਾਮ ਲਾ ਦਿੱਤਾ। ਪੁਲਿਸ ਵੱਲੋਂ ਮੌਕੇ ’ਤੇ ਦਿੱਤੇ ਭਰੋਸੇ ਅਤੇ ਲਿਖਤੀ ਕਾਰਵਾਈ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਦੇ ਮੱਦੇਨਜ਼ਰ ਮਾਮਲੇ ਵਿੱਚ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।