ਜਗਰਾਓਂ ਪੁਲਿਸ ਦਾ ਆਪ੍ਰੇਸ਼ਨ ‘ਪ੍ਰਹਾਰ’ ’ਤਹਿਤ ਅਪਰਾਧੀਆਂ ’ਤੇ ਵਾਰ
ਜਗਰਾਓਂ ਪੁਲਿਸ ਦਾ ਆਪ੍ਰੇਸ਼ਨ ‘ਪ੍ਰਹਾਰ’ ’ਤਹਿਤ ਅਪਰਾਧੀਆਂ ’ਤੇ ਵਾਰ
Publish Date: Wed, 21 Jan 2026 06:40 PM (IST)
Updated Date: Thu, 22 Jan 2026 04:07 AM (IST)

-ਦਰਜਨਾਂ ਪੁਲਿਸ ਟੀਮਾਂ ਨੇ 65 ਵਿਅਕਤੀ ਕੀਤੇ ਰਾਊਂਡਅਪ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਪੁਲਿਸ ਨੇ ਆਪ੍ਰੇਸ਼ਨ ਪ੍ਰਹਾਰ ਤਹਿਤ ਸੜਕਾਂ ’ਤੇ ਆਉਂਦਿਆਂ ਦਰਜਨਾਂ ਟੀਮਾਂ ਵੱਲੋਂ 65 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਇਨ੍ਹਾਂ ਵਿਚ ਕਈ ਗੈਂਗਸਟਰ, ਉਨ੍ਹਾਂ ਦੇ ਸਾਥੀ ਅਤੇ ਅਪਰਾਧਕ ਵਾਰਦਾਤਾਂ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਜਗਰਾਓਂ ਵਿਖੇ ਪੁਲਿਸ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਖੁਦ ਆਪਣੀ ਅਗਵਾਈ ਵਿਚ ਚੈਕਿੰਗ ਅਭਿਆਨ ਛੇੜਿਆ। ਇਸ ਮੌਕੇ ਉਨ੍ਹਾਂ ਨਾਲ ਐੱਸਪੀ ਰਾਜਨ ਸ਼ਰਮਾ, ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ, ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ, ਥਾਣਾ ਸਦਰ ਦੇ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਵੀ ਸਨ। ਜਿਨ੍ਹਾਂ ਵੱਲੋਂ ਇਸ ਨਾਕੇ ਤੋਂ ਲੰਘ ਰਹੇ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਚੈਕਿੰਗ ਅਤੇ ਤਲਾਸ਼ੀ ਲਈ ਗਈ। ਇਸ ਸਮੇਂ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੇ ਆਪ੍ਰੇਸ਼ਨ ਪ੍ਰਹਾਰ ਤਹਿਤ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਵੀ ਸ਼ਮੂਲੀਅਤ ਕਰਦਿਆਂ ਵੱਡਾ ਆਪ੍ਰੇਸ਼ਨ ਚਲਾਇਆ, ਜਿਸ ਵਿਚ ਦੋ ਦਰਜਨ ਤੋਂ ਵੱਧ ਪੁਲਿਸ ਟੀਮਾਂ ਨੇ ਇਲਾਕੇ ਭਰ ਵਿਚ ਛਾਪਾਮਾਰੀ ਕਰਦਿਆਂ ਕਰੀਬ 65 ਵਿਅਕਤੀਆਂ ਨੂੰ ਰਾਊਂਡਅਪ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਿਰਾਸਤ ਵਿਚ ਲਏ ਇਨ੍ਹਾਂ ਵਿਅਕਤੀਆਂ ਵਿਚ ਕਈ ਗੈਂਗਸਟਰ, ਗੈਂਗਸਟਰਾਂ ਦਾ ਸਾਥ ਦੇਣ ਵਾਲੇ ਸਹਿਯੋਗੀ ਅਤੇ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਹਨ। ਇਨ੍ਹਾਂ ਵਿਚ ਕਈ ਮੁਕੱਦਮਿਆਂ ਵਿਚ ਫਰਾਰ ਚਲੇ ਆ ਰਹੇ ਮੁਜਰਮ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਆਪ੍ਰੇਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਆਵਾਮ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬਧ ਹੈ ਅਤੇ ਕ੍ਰਾਈਮ ਦੀ ਸੋਚ ਰੱਖਣ ਵਾਲਿਆਂ ਨੂੰ ਸਬਕ ਸਿਖਾਉਣ ਜਾਣਦੀ ਹੈ। ਅੱਜ ਦੀ ਇਹ ਕਾਰਵਾਈ ਉਸੇ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਦਿਨ ਰਾਤ ਦਰਜਨਾਂ ਟੀਮਾਂ ਜ਼ਿਲ੍ਹੇ ਵਿਚ ਨਾਕਾਬੰਦੀ ਅਤੇ ਛਾਪਾਮਾਰੀ ਕਰ ਰਹੀਆਂ ਹਨ।