Jagraon News : ਗੁੜਗਾਉਂ ਜੇਲ੍ਹ ’ਚੋਂ ਰਿਮਾਂਡ ’ਤੇ ਲਿਆਂਦੇ ਗੈਂਗਸਟਰ ਦਾ ਕਾਰਨਾਮਾ, ਥਾਣੇ ਦੀ ਕੰਧ ਟੱਪ ਕੇ ਭੱਜਦਿਆਂ ਗੈਂਗਸਟਰ ਕੌਸ਼ਲ ਚੌਧਰੀ ਦੀਆਂ ਟੁੱਟੀਆਂ ਲੱਤਾਂ
ਬੱਦੋਵਾਲ ਮਿਲਟਰੀ ਕੈਂਪ ਦੇ ਸਾਹਮਣੇ ਲਗਜ਼ਰੀ ਕਾਰਾਂ ਦੇ ਰੈਂਟਲ ਸ਼ੋਅ ਰੂਮ ’ਤੇ ਫਾਇਰਿੰਗ ਕਰਨ ਦੀ ਵਾਰਦਾਤ ਵਿਚ ਗੁੜਗਾਉਂ ਜੇਲ੍ਹ ਤੋਂ ਰਿਮਾਂਡ ਤੇ ਲਿਆਂਦੇ ਨਾਮੀ ਗੈਂਗਸਟਰ ਕੌਸ਼ਲ ਚੌਧਰੀ ਪੁਲਿਸ ਨੂੰ ਧੱਕਾ ਦੇ ਕੇ ਮੁੱਲਾਂਪੁਰ ਥਾਣੇ ਦੀ ਕੰਧ ਟੱਪ ਗਿਆ। ਕੰਧ ਤੋਂ ਡਿੱਗਦਿਆਂ ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਫੜ ਲਿਆ।
Publish Date: Sat, 17 Jan 2026 07:32 PM (IST)
Updated Date: Sat, 17 Jan 2026 07:37 PM (IST)
ਸੰਜੀਵ ਗੁੁਪਤਾ, ਪੰਜਾਬੀ ਜਾਗਰਣ, ਜਗਰਾਓਂ : ਬੱਦੋਵਾਲ ਮਿਲਟਰੀ ਕੈਂਪ ਦੇ ਸਾਹਮਣੇ ਲਗਜ਼ਰੀ ਕਾਰਾਂ ਦੇ ਰੈਂਟਲ ਸ਼ੋਅ ਰੂਮ ’ਤੇ ਫਾਇਰਿੰਗ ਕਰਨ ਦੀ ਵਾਰਦਾਤ ਵਿਚ ਗੁੜਗਾਉਂ ਜੇਲ੍ਹ ਤੋਂ ਰਿਮਾਂਡ ਤੇ ਲਿਆਂਦੇ ਨਾਮੀ ਗੈਂਗਸਟਰ ਕੌਸ਼ਲ ਚੌਧਰੀ ਪੁਲਿਸ ਨੂੰ ਧੱਕਾ ਦੇ ਕੇ ਮੁੱਲਾਂਪੁਰ ਥਾਣੇ ਦੀ ਕੰਧ ਟੱਪ ਗਿਆ। ਕੰਧ ਤੋਂ ਡਿੱਗਦਿਆਂ ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਫੜ ਲਿਆ। ਇਸ ਦੌਰਾਨ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਜਿਸ ਨੂੰ ਇਲਾਜ ਲਈ ਸੁਧਾਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 10 ਜਨਵਰੀ ਦੀ ਸਵੇਰੇ 10:30 ਵਜੇ ਬੱਦੋਵਾਲ ਮਿਲਟਰੀ ਕੈਂਪ ਦੇ ਸਾਹਮਣੇ ਕਾਰਾਂ ਦੇ ਲਗਜ਼ਰੀ ਰੈਂਟਲ ਸ਼ੋਅ ਰੂਮ ਰਾਇਲ ਲਿਮੋਜ਼ ਦੇ ਬਾਹਰ ਦੋ ਮੋਟਰਸਾਈਕਲ ਸਵਾਰਾਂ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਦੌਰਾਨ ਉਹ ਗੈਂਗਸਟਰ ਪਵਨ ਸ਼ੌਕੀਨ ਅਤੇ ਮੁਹੱਬਤ ਰੰਧਾਵਾ ਦੇ ਨਾਮ ਲਿਖੀਆਂ ਪਰਚੀਆਂ ਸੁੱਟ ਕੇ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਮੁੱਲਾਂਪੁਰ ਪੁਲਿਸ ਵੱਲੋਂ ਗੁੜਗਾਉਂ ਜ਼ੇਲ੍ਹ ਵਿਚ ਬੰਦ ਗੈਂਗਸਟਰ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਉਸਨੂੰ ਲੁਧਿਆਣਾ ਅਦਾਲਤ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਬੀਤੀ ਰਾਤ ਥਾਣਾ ਮੁੱਲਾਂਪੁਰ ਦਾਖਾ ਵਿਖੇ ਰਿਮਾਂਡ ’ਤੇ ਹਵਾਲਾਤ ’ਚ ਬੰਦ ਕੌਸ਼ਲ ਚੌਧਰੀ ਨੇ ਡਿਊਟੀ ’ਤੇ ਤਾਇਨਾਤ ਪੁਲਿਸ ਨੂੰ ਪਿਸ਼ਾਬ ਕਰਨ ਲਈ ਲੈ ਕੇ ਜਾਣ ਨੂੰ ਕਿਹਾ। ਜਦੋਂ ਪੁਲਿਸ ਉਸ ਨੂੰ ਬਾਥਰੂਮ ਲੈ ਕੇ ਜਾ ਰਹੀ ਸੀ ਤਾਂ ਉਸ ਨੇ ਫੁਰਤੀ ਨਾਲ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਮਾਰਦਿਆਂ ਥਾਣੇ ਦੀ ਕੰਧ ’ਤੇ ਜਾ ਚੜ੍ਹਿਆ ਅਤੇ ਭੱਜਣ ਲਈ ਛਾਲ ਮਾਰ ਦਿੱਤੀ।
ਹਰਕਤ ਵਿਚ ਆਈ ਪੁਲਿਸ ਨੇ ਪਿੱਛਾ ਕੀਤਾ ਅਤੇ ਕੰਧ ਤੋਂ ਛਾਲ ਮਾਰਦਿਆਂ ਕੌਸ਼ਲ ਚੌਧਰੀ ਸੜਕ ’ਤੇ ਜਖ਼ਮੀ ਹਾਲਤ ਵਿਚ ਡਿੱਗਿਆ ਪਿਆ ਸੀ। ਉਸਨੂੰ ਭਾਰੀ ਸੁਰੱਖਿਆ ਵਿਚ ਨੇੜਲੇ ਕਸਬਾ ਸੁਧਾਰ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਕੌਸ਼ਲ ਚੌਧਰੀ ਦੇ ਥਾਣੇ ਵਿਚੋਂ ਭੱਜਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਘਟਨਾ ਦੌਰਾਨ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ।