
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਜ਼ਦੀਕੀ ਪਿੰਡ ਬੱਸੀਆਂ ਵਿਖੇ ਵਾਪਰੀ ਇੱਕ ਘਟਨਾ ਵਿੱਚ ਬੀਤੀ ਰਾਤ ਇੱਕ ਸੱਪ ਵਲੋਂ ਭੈਣ–ਭਰਾ ਨੂੰ ਡੰਗਣ ਨਾਲ ਇੱਕ ਛੋਟੀ ਬੱਚੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ ਉਸ ਦਾ ਭਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।

ਸੁਸ਼ੀਲ ਵਰਮਾ ,ਪੰਜਾਬੀ ਜਾਗਰਣ, ਰਾਏਕੋਟ : ਨਜ਼ਦੀਕੀ ਪਿੰਡ ਬੱਸੀਆਂ ਵਿਖੇ ਵਾਪਰੀ ਇੱਕ ਘਟਨਾ ਵਿੱਚ ਬੀਤੀ ਰਾਤ ਇੱਕ ਸੱਪ ਵਲੋਂ ਭੈਣ–ਭਰਾ ਨੂੰ ਡੰਗਣ ਨਾਲ ਇੱਕ ਛੋਟੀ ਬੱਚੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ ਉਸ ਦਾ ਭਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਬੱਸੀਆਂ ਵਿਖੇ ਉੱਪਲਾਂ ਪੱਤੀ ਵਿਖੇ ਰਹਿੰਦੇ ਇੱਕ ਦਲਿਤ ਗਰੀਬ ਪਰਿਵਾਰ ’ਤੇ ਉਸ ਸਮੇਂ ਕਹਿਰ ਟੁੱਟ ਪਿਆ, ਜਦ ਲੰਘੀ ਰਾਤ ਘਰ ਦੇ ਵਿਹੜੇ ਵਿੱਚ ਸੁੱਤੇ ਪਏ ਪਰਿਵਾਰ ਦੇ ਦੋ ਬੱਚਿਆਂ ਨੂੰ ਇੱਕ ਜ਼ਹਿਰੀਲੇ ਸੱਪ ਵਲੋਂ ਡੰਗ ਲਿਆ ਗਿਆ।
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਤ ਕਰੀਬ ਤਿੰਨ ਵਜੇ ਜੋਬਨਪ੍ਰੀਤ ਸਿੰਘ (ਉਮਰ 8 ਸਾਲ) ਪੁੱਤਰ ਅਮਨਦੀਪ ਸਿੰਘ ਬੀਤੀ ਰਾਤ ਅਚਾਨਕ ਸੁੱਤਾ ਹੋਇਆ ਉੱਠ ਗਿਆ ਅਤੇ ਨੇੜੇ ਸੁੱਤੀ ਹੋਈ ਆਪਣੀ ਦਾਦੀ ਨੂੰ ਉਠਾ ਕੇ ਦੱਸਿਆ ਕਿ ਉਸ ਦੇ ਹੱਥ ’ਤੇ ਕੁਝ ਲੜ ਗਿਆ ਹੈ, ਜਦ ਪਰਿਵਾਰਕ ਮੈਂਬਰਾਂ ਨੇ ਉੱਠ ਕੇ ਧਿਆਨ ਨਾਲ ਦੇਖਿਆ ਤਾਂ ਮੰਜੇ ਹੇਠਾਂ ਇੱਕ ਸੱਪ ਬੈਠਾ ਹੋਇਆ ਦਿਖਾਈ ਦਿੱਤਾ, ਜਿਸ ਤੋਂ ਉਹ ਖਤਰੇ ਨੂੰ ਭਾਂਪਦੇ ਹੋਏ ਲੜਕੇ ਜੋਬਨਪ੍ਰੀਤ ਸਿੰਘ ਨੂੰ ਘਰੋਂ ਮੁੱਢਲੀ ਸਹਾਇਤਾ ਦੇ ਕੇ ਗੁਆਂਢੀਆਂ ਦੀ ਮਦਦ ਨਾਲ ਤੁਰੰਤ ਰਾਏਕੋਟ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆ ਗਏ, ਜਿੱਥੇ ਲੜਕੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਦੇ ਸੀਐੱਮਸੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਜਿੱਥੇ ਲੜਕੇ ਦਾ ਇਲਾਜ ਚੱਲ ਰਿਹਾ ਹੈ ਪ੍ਰੰਤੂ ਨੇੜੇ ਹੀ ਮੰਜੇ ’ਤੇ ਸੁੱਤੀ ਹੋਈ ਉਸ ਲੜਕੇ ਦੀ ਛੋਟੀ ਭੈਣ ਜਸਪ੍ਰੀਤ ਕੌਰ (ਉਮਰ 6 ਸਾਲ) ਸ਼ਾਇਦ ਇੰਨੀ ਕਿਸਮਤ ਵਾਲੀ ਨਹੀਂ ਸੀ, ਸਵੇਰੇ ਪੰਜ ਵਜੇ ਦੇ ਕਰੀਬ ਲੜਕੀ ਨੇ ਦੱਸਿਆ ਕਿ ਉਸ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ, ਦੇਖਦੇ ਹੀ ਦੇਖਦੇ ਲੜਕੀ ਦੇ ਮੂੰਹ ਵਿੱਚੋਂ ਝੱਗ ਨਿਕਲਣੀ ਸ਼ੁਰੂ ਹੋ ਗਈ। ਘਰ ਵਾਲੇ ਜਦ ਉਸ ਨੂੰ ਰਾਏਕੋਟ ਸਿਵਲ ਹਸਤਾਲ ਲਿਆਂਦਾ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ਸਦਮੇ ਵਿੱਚ ਹੈ ਉੱਥੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।