- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਉਡਦਾ ਪੰਜਾਬ ਉਡ ਗਿਆ ਹੈ, ਹੁਣ ਪੜ੍ਹਦਾ ਅਤੇ ਤੰਦਰੁਸਤ ਪੰਜਾਬ ਖੜ੍ਹਾ ਹੋ ਚੁੱਕਾ ਹੈ। ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਦਾ ਨਸ਼ਾ ਮੁਕਤ ਸੂਬਾ ਹੋਵੇਗਾ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਕਿਸੇ ਸਮੇਂ ਨਸ਼ਿਆਂ ਨਾਲ ਚਾਰ ਚੁਫੇਰਿਓਂ ਘਿਰਿਆ ਪੰਜਾਬ ਹੁਣ ਪੜ੍ਹਦਾ ਅਤੇ ਤੰਦਰੁਸਤ ਪੰਜਾਬ ਬਣ ਰਿਹਾ ਹੈ, ਉਡਦਾ ਪੰਜਾਬ ਤਾਂ ਉਡ ਗਿਆ। ਐਤਵਾਰ ਨੂੰ ਮੁੱਲਾਂਪੁਰ ਦੇ ਕਿੰਗਜ ਵਿਲਾ ਪੈਲੇਸ ਵਿਚ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 500 ਦਿਨ ਪੂਰੇ ਹੋਣ ਅਤੇ ਵਿਲੇਜ ਡਿਫੈਂਸ ਕਮੇਟੀਆਂ ਦੀ ਵਰ੍ਹੇਗੰਢ ’ਤੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀ ਕੁਝ ਕਰਨ ਦਾ ਤਹੱਈਆ ਕਰ ਲੈਣ ਤਾਂ ਉਸ ਦੀ ਸਫਲਤਾ ਤੱਕ ਸੌਂਦੇ ਨਹੀਂ। ਅਜਿਹਾ ਹੀ ਪੰਜਾਬ ਨੂੰ 500 ਦਿਨ ਪਹਿਲਾਂ ਨਸ਼ਾ ਮੁਕਤ ਬਣਾਉਣ ਦਾ ਜੋ ਅਹਿਦ ਲਿਆ ਸੀ, ਉਹ ਪੂਰਾ ਹੋਣ ਨੇੜੇ ਹੈ। ਹਾਲਾਂਕਿ ਉਸ ਸਮੇਂ ਲੋਕ ਆਖਦੇ ਸਨ ਕਿ ਨਸ਼ਾ ਖ਼ਤਮ ਕਰਨਾ ਨਾਮੁਮਕਿਨ ਹੈ ਪਰ ਇਸ ਦੇ ਖ਼ਾਤਮੇ ਲਈ ਲੋਕ ਲਹਿਰ ਸਥਾਪਤ ਕੀਤੀ ਗਈ। ਲੋਕਾਂ ਦੇ ਸਹਿਯੋਗ ਸਦਕਾ ਹੀ ਇਹ ਮੁਹਿੰਮ ਇਸ ਕਦਰ ਸਫਲਤਾ ਵੱਲ ਵੱਧ ਰਹੀ ਹੈ ਕਿ 70 ਹਜਾਰ ਨਸ਼ਾ ਤਸੱਕਰ ਅੱਜ ਜ਼ੇਲ੍ਹਾਂ ਵਿਚ ਡੱਕੇ ਗਏ ਹਨ। ਜਿਸ ਦੇ ਲਈ 13 ਹਜਾਰ ਪਿੰਡਾਂ ਦੇ ਸਵਾ ਲੱਖ ਵਲੰਟੀਅਰਾਂ ਨੇ ਸੂਬੇ ਦੀ ਪੁਲਿਸ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਦਿਨ ਰਾਤ ਇੱਕ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਨਸ਼ਿਆਂ ਦੀ ਦਲਦਲ ਵਿਚ ਫਸੇ ਪੰਜਾਬ ’ਤੇ ਉਡਦਾ ਪੰਜਾਬ ਵਰਗੀਆਂ ਫਿਲਮਾਂ ਬਣ ਗਈਆਂ ਸਨ। ਅੱਜ ਉਡਦਾ ਪੰਜਾਬ ਉਡ ਗਿਆ ਹੈ, ਹੁਣ ਪੜ੍ਹਦਾ ਅਤੇ ਤੰਦਰੁਸਤ ਪੰਜਾਬ ਖੜ੍ਹਾ ਹੋ ਚੁੱਕਾ ਹੈ। ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਦਾ ਨਸ਼ਾ ਮੁਕਤ ਸੂਬਾ ਹੋਵੇਗਾ।
ਮੁੱਲਾਂਪੁਰ ਦੇ ਕਿੰਗਜ਼ ਵਿਲਾ ਪੈਲੇਸ ਵਿਚ ਕਰਵਾਏ ਸਮਾਗਮ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਡਾ. ਬਲਵੀਰ ਸਿਘ, ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ, ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਡੀਜੀਪੀ ਗੌਰਵ ਯਾਦਵ ਨੇ ਵੀ ਇਸ ਸਮਾਗਮ ਵਿਚ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਦੀ ਸਫਲਤਾ ਅਤੇ ਭਵਿੱਖ ਦੀ ਰਣਨੀਤੀ ’ਤੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਵਿਚ ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ, ਡੀਆਈਜੀ ਸੰਦੀਪ ਗੋਇਲ, ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾ. ਅੰਕੁਰ ਗੁਪਤਾ ਜਿੱਥੇ ਮੌਜੂਦ ਰਹੇ, ਉਥੇ ਇਸ ਸਮਾਗਮ ’ਚ ਪੰਜਾਬ ਦੇ ਸਾਰੇ ਡੀਸੀ ਅਤੇ ਐਸਐਸਪੀ ਨੇ ਆਨਲਾਈਨ ਸ਼ਮੂਲੀਅਤ ਕੀਤੀ।
ਪੰਜਾਬ ਸਿੱਖਿਆ ਵਿਚ 27ਵੇਂ ਤੋਂ ਪਹਿਲੇ ਨੰਬਰ ’ਤੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿੱਖਿਆ ਪੱਖੋਂ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਪੰਜਾਬ 27ਵੇਂ ਨੰਬਰ ’ਤੇ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਸਾਲਾਂ ਵਿਚ ਸਕੂਲ ਆਫ਼ ਐਮੀਨੈਂਸ ਦੀ ਸਥਾਪਨਾ ਦੇ ਨਾਲ ਸਕੂਲ ਦੇ ਅਧਿਆਪਕਾਂ ਨੂੰ ਵਿਦੇਸ਼ਾਂ ਅਤੇ ਦੇਸ਼ ਵਿਚ ਟੇ੍ਰਨਿੰਗ ਪ੍ਰੋਗਰਾਮ ਰਾਹੀਂ ਦਿਖਾਈ ਗਈ ਨਵੀਂ ਰਾਹ ਅਤੇ ਸਿੱਖਿਆ ਸਹੂਲਤਾਂ ਵਿਚ ਕੀਤੇ ਗਏ ਸੁਧਾਰ ਸਦਕਾ ਅੱਜ ਪੰਜਾਬ ਸਿੱਖਿਆ ਦੇ ਖੇਤਰ ਵਿਚ ਪਹਿਲੇ ਨੰਬਰ ਤੇ ਹੈ।
ਸੂਬੇ ’ਚ ਕੋਈ ਵੀ ਇਲਾਜ ਤੋਂ ਵਾਂਝਾ ਨਹੀਂ ਰਿਹਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿਚ ਸਿਹਤ ਸਹੂਲਤਾਂ ਦੀ ਗੱਲ ਕਰਦਿਆਂ ਕਿਹਾ ਕਿ ਮਹਿੰਗੇ ਇਲਾਜ ਕਾਰਨ ਬਹੁਤੇ ਪਰਿਵਾਰਾਂ ਵਿਚ ਮੈਂਬਰ ਖਾਸਕਰ ਬਜ਼ੁਰਗ ਇਲਾਜ ਪੱਖੋਂ ਰਹਿ ਜਾਂਦੇ ਸਨ ਪਰ ਸਰਕਾਰ ਵੱਲੋਂ 10 ਲੱਖ ਰੁਪਏ ਦੀ ਬੀਮਾ ਯੋਜਨਾ ਨੇ ਇਸ ਦੁਖ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ। ਇਸ ਬੀਮਾ ਯੋਜਨਾ ਕਾਰਡ ਰਾਹੀਂ ਪੰਜਾਬ ਦੇ ਲੋਕਾਂ ਦਾ ਹੋਏ ਮੁਫਤ ਇਲਾਜ ਦੇ 937 ਕਰੋੜ ਰੁਪਏ ਦਾ ਖਰਚਾ ਸਰਕਾਰ ਅਦਾ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕ ਸਿਹਤ ਸਹੂਲਤਾਂ ਵਿਚ ਕ੍ਰਾਂਤੀ ਹੈ। 1100 ਆਮ ਆਦਮੀ ਕਲੀਨਿਕਾਂ ਵਿਚ ਹੁਣ ਤੱਕ 5 ਕਰੋੜ ਲੋਕ ਇਲਾਜ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ 300 ਹੋਰ ਨਵੇਂ ਆਮ ਆਦਮੀ ਕਲੀਨਿਕ ਤਿਆਰ ਹੋ ਰਹੇ ਹਨ।
ਖੇਡਾਂ ਪ੍ਰਤੀ ਸਰਕਾਰ ਦੀ ਖਾਸ ਨਜ਼ਰ ਰੰਗ ਲਿਆਈ
ਮੁੱਖ ਮੰਤਰੀ ਨੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਧੁਨਿਕ ਖੇਡ ਗਰਾਊਂਡ ਅਤੇ ਖੇਡ ਸਟੇਡੀਅਮ ਦੀ ਸਥਾਪਨਾ ਨੂੰ ਵੱਡੀ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਡ ਮੈਦਾਨਾਂ ਵਿਚ ਤਿੰਨ-ਤਿੰਨ ਪੀੜੀਆਂ, ਦਾਦਾ, ਪੁੁੱਤ ਅਤੇ ਪੋਤਾ ਖੇਡਾਂ ਖੇਡਦੇ ਹਨ। ਇਹੀ ਨਹੀਂ ਖੇਡਾਂ ਵਤਨ ਪੰਜਾਬ ਦੀਆਂ ਨਸ਼ਿਆਂ ਦੇ ਖ਼ਾਤਮੇ ਵਿਚ ਵੱਡਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਹਰ ਥਾਂ ਸਰਦਾਰੀ ਹੈ। ਖੇਡਾਂ ਦੀ ਗੱਲ ਕਰੀਏ ਤਾਂ ਦੇਸ਼ ਦੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮ ਗਿੱਲ, ਕੁੜੀਆਂ ਦੀ ਕ੍ਰਿਕਟ ਟੀਮ ਦੇ ਕਪਤਾਨ ਹਰਮਨਪ੍ਰੀਤ ਕੌਰ ਅਤੇ ਹਾਕੀ ਦੇ ਕਪਤਾਨ ਹਰਮਨਪ੍ਰੀਤ ਸਿੰਘ ਤਿੰਨੋਂ ਹੀ ਪੰਜਾਬ ਦੇ ਹਨ। ਹਾਕੀ ਦੀ ਟੀਮ ਵਿਚ ਤਾਂ 11 ’ਚੋਂ 9 ਖਿਡਾਰੀ ਪੰਜਾਬ ਦੇ ਹਨ।