Jagraon News: ਚਿੱਟੇ ਦੀ ਭੇਟ ਚੜ੍ਹਿਆ ਦੋ ਬੱਚਿਆਂ ਦਾ ਪਿਓ, ਸੱਤ ਮਹੀਨੇ ਪਹਿਲਾਂ ਹੋ ਚੁੱਕੀ ਪਤਨੀ ਦੀ ਮੌਤ
32 ਸਾਲਾ ਨੌਜਵਾਨ ਗੁਰਚਰਨ ਸਿੰਘ ਪੁੱਤਰ ਭੁਪਿੰਦਰ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਦੇ 6 ਅਤੇ 8 ਸਾਲਾ ਦੀ ਉਮਰ ਦੇ ਦੋ ਬੱਚੇ ਹਨ ਅਤੇ ਉਹਨਾਂ ਦਾ ਪਰਿਵਾਰ ਪਹਿਲਾਂ ਵੀ ਕਰੀਬ 7 ਮਹੀਨੇ ਪਹਿਲਾਂ ਮਿ੍ਤਕ ਦੀ ਪਤਨੀ ਦੀ ਹੋਈ ਮੌਤ ਦਾ ਵੀ ਸੰਤਾਪ ਹੰਢਾ ਚੁੱਕਾ ਹੈ।
Publish Date: Sun, 31 May 2026 08:26 PM (IST)
Updated Date: Sun, 31 May 2026 08:29 PM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਸਥਾਨਕ ਸ਼ਹਿਰ ਦੇ ਦੀਪ ਨਗਰ ਵਿਖੇ ਇਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ ਨਾਲ ਹੋਈ ਮੌਤ ਨੇ ਜਿੱਥੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ, ਉੱਥੇ ਨਾਲ ਹੀ ਸਥਾਨਕ ਪੁਲਿਸ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ ਅਤੇ ਇਸ ਨੌਜਵਾਨ ਦੀ ਮੌਤ ਨੇ ਇਲਾਕੇ ਅੰਦਰ ਮੁੱੜ ਇਸ ਮੁੱਦੇ ਨੂੰ ਗਰਮਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਮੰਡੀ ਮੁੱਲਾਂਪੁਰ ਸ਼ਹਿਰ ਦੇ ਮੁਹੱਲਾ ਦੀਪ ਨਗਰ ਵਿਖੇ 32 ਸਾਲਾ ਨੌਜਵਾਨ ਗੁਰਚਰਨ ਸਿੰਘ ਪੁੱਤਰ ਭੁਪਿੰਦਰ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਦੇ 6 ਅਤੇ 8 ਸਾਲਾ ਦੀ ਉਮਰ ਦੇ ਦੋ ਬੱਚੇ ਹਨ ਅਤੇ ਉਹਨਾਂ ਦਾ ਪਰਿਵਾਰ ਪਹਿਲਾਂ ਵੀ ਕਰੀਬ 7 ਮਹੀਨੇ ਪਹਿਲਾਂ ਮਿ੍ਤਕ ਦੀ ਪਤਨੀ ਦੀ ਹੋਈ ਮੌਤ ਦਾ ਵੀ ਸੰਤਾਪ ਹੰਢਾ ਚੁੱਕਾ ਹੈ।
ਉਹਨਾਂ ਦੱਸਿਆ ਕਿ ਗੁਰਚਰਨ ਸਿੰਘ ਰਾਤ ਨੂੰ ਕਿਸੇ ਵਿਅਕਤੀ ਨਾਲ ਦਿਹਾੜੀ ਗਿਆ ਹੋਇਆ ਸੀ ਅਤੇ ਉਹ ਸਵੇਰੇ ਕਰੀਬ 5:30 ਵਜੇ ਘਰ ਵਾਪਸ ਆਉਂਦਿਆਂ ਹੀ ਬਾਥਰੂਮ ਵਿੱਚ ਚਲਾ ਗਿਆ, ਜਦੋਂ ਉਹ ਜਲਦੀ ਵਾਪਸ ਨਾ ਆਇਆ ਤਾਂ ਜਾਕੇ ਦੇਖਿਆ ਕਿ ਬਾਥਰੂਮ ਵਿੱਚ ਉਹ ਮਿ੍ਤਕ ਹਾਲਤ ਵਿੱਚ ਪਿਆ ਸੀ ਅਤੇ ਉਸ ਦੇ ਕੋਲ ਇੱਕ ਸਰਿੰਜ ਵੀ ਪਈ ਸੀ, ਜਿਸ ਕਾਰਨ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਮਿ੍ਤਕ ਦੇ ਪਿਤਾ ਭੁਪਿੰਦਰ ਸਿੰਘ ਨੇ ਬੜੇ ਦੁਖੀ ਮਨ ਨਾਲ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਪੁਲਿਸ ਦੀ ਸਹਾਇਤਾ ਨਾਲ ਵੱਢੀ ਪੱਧਰ ’ਤੇ ਮੁਹਿੰਮ ਵਿੱਢੀ ਹੋਈ ਹੈ ਪਰ ਫਿਰ ਵੀ ਨੌਜਵਾਨਾਂ ਦਾ ਨਸ਼ਿਆ ਦੀ ਭੈੜੀ ਅਲਾਮਤ ਕਾਰਨ ਮਰਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਪੁੱਤਰ ਵਾਂਗ ਕਿਸੇ ਹੋਰ ਦਾ ਪੁੱਤ ਨਸ਼ੇ ਦੀ ਭੇਂਟ ਚੜ੍ਹਕੇ ਮੌਤ ਦੇ ਮੂੰਹ ਨਾ ਜਾ ਪਵੇ। ਜਦੋਂ ਇਸ ਸਬੰਧੀ ਡੀਐੱਸਪੀ ਦਾਖਾ ਕਰਨ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਮਿਲ ਚੁੱਕੀ ਹੈ ਅਤੇ ਪਰਿਵਾਰਿਕ ਮੈਂਬਰਾ ਦੇ ਬਿਆਨਾਂ ਦੇ ਆਧਾਰ ’ਤੇ ਪੜਤਾਲ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।