- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਗਰਣ ਫਿਲਮ ਫੈਸਟੀਵਲ ’ਚ ਹਿੱਸਾ ਲੈਣ ਵਾਲਿਆਂ ਨੂੰ ਮਿਲਣਗੇ ਇਨਾਮ

-ਫ਼ਿਲਮੀ ਅਦਾਕਾਰਾ ਸ਼ਰਨ ਕੌਰ ਦਰਸ਼ਕਾਂ ਦੇ ਹੋਵੇਗੀ ਰੂ-ਬ-ਰੂ
-2 ਤੋਂ 4 ਅਕਤੂਬਰ ਤੱਕ ਚੱਲਣ ਵਾਲੇ ਫਿਲਮ ਫੈਸਟੀਵਲ ਲਈ ਲੋਕਾਂ ’ਚ ਉਤਸ਼ਾਹ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੇ ਐੱਮਬੀਡੀ ਸਿਨੇਪੋਲਿਸ ਮਾਲ ਵਿੱਚ 2 ਤੋਂ 4 ਅਕਤੂਬਰ ਤੱਕ ਜਾਗਰਣ ਫਿਲਮ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਸਿਨੇਮਾ ਦੀ ਦੁਨੀਆ ਨਾਲ ਜੁੜੇ ਭਾਰਤ ਦੇ ਸਭ ਤੋਂ ਵੱਡੇ ਚਲੰਤ ਫਿਲਮ ਫੈਸਟੀਵਲ ਦੇ ਲੁਧਿਆਣਾ ਫੈਸਟੀਵਲ ਵਿੱਚ ਹਿੱਸਾ ਲੈਣ ਵਾਲੇ ਦਰਸ਼ਕਾਂ ਨੂੰ ਜਿੱਥੇ ਮੁਫ਼ਤ ਵਿੱਚ ਪੰਜਾਬੀ, ਹਿੰਦੀ, ਲਘੂ ਫਿਲਮ ਦੇਖਣ ਨੂੰ ਮਿਲਣਗੀਆਂ,ਉੱਥੇ ਹੀ ਫਿਲਮਾਂ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ’ਤੇ ਡਰਾਅ ਰਾਹੀਂ ਇਨਾਮ ਵੀ ਮਿਲਣਗੇ। ਇਸ ਸਬੰਧੀ ਜਾਗਰਣ ਵੱਲੋਂ ਛੇਤੀ ਹੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਫਿਲਮ ਫੈਸਟੀਵਲ ਦੌਰਾਨ ਹਿੰਦੀ ਤੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਸ਼ਾਰਟ ਫਿਲਮਾਂ, ਡਾਕਿਊਮੈਂਟਰੀਜ਼ ਅਤੇ ਵਿਸ਼ੇਸ਼ ਸੈਸ਼ਨ ਵੀ ਦਰਸ਼ਕਾਂ ਲਈ ਪੇਸ਼ ਕੀਤੇ ਜਾਣਗੇ। ਫਿਲਮ ਫੈਸਟੀਵਲ ਦੇ ਆਖਰੀ ਦਿਨ 4 ਅਕਤੂਬਰ ਨੂੰ ਪੰਜਾਬੀ ਫਿਲਮਾਂ ਦੀ ਅਦਾਕਾਰਾ ਸ਼ਰਨ ਕੌਰ ਦਰਸ਼ਕਾਂ ਦੇ ਰੂਬਰੂ ਹੋਵੇਗੀ। ਇਸ ਤੋਂ ਇਲਾਵਾ ਹੋਰ ਦਿਨਾਂ ਵਿੱਚ ਵੀ ਕਈ ਮਸ਼ਹੂਰ ਹਸਤੀਆਂ ਦਰਸ਼ਕਾਂ ਨਾਲ ਮੁਲਾਕਾਤ ਕਰਨ ਲਈ ਵਿਸ਼ੇਸ਼ ਤੌਰ ’ਤੇ ਪੁੱਜਣਗੀਆਂ।
ਲੁਧਿਆਣਾ ਸ਼ਹਿਰ ਦੇ ਸਿਨੇਮਾ ਪ੍ਰੇਮੀਆਂ ਵਿਚ ਹਰ ਸਾਲ ਇਸ ਫੈਸਟੀਵਲ ਨੂੰ ਲੈ ਕੇ ਉਤਸ਼ਾਹ ਰਹਿੰਦਾ ਹੈ। ਤਿੰਨ ਦਿਨਾਂ ਦੌਰਾਨ ਫਿਲਮਾਂ ਦੀ ਸਕ੍ਰੀਨਿੰਗ ਦੇ ਨਾਲ ਬਾਲੀਵੁੱਡ ਅਤੇ ਸਿਨੇਮਾ ਜਗਤ ਨਾਲ ਜੁੜੀਆਂ ਸ਼ਖਸੀਅਤਾਂ ਨਾਲ ਗੱਲਬਾਤ ਦੇ ਸੈਸ਼ਨ ਵੀ ਕਰਵਾਏ ਜਾਣਗੇ।ਫੈਸਟੀਵਲ ਦਾ ਉਦਘਾਟਨ 2 ਅਕਤੂਬਰ ਦੀ ਸ਼ਾਮ ਨੂੰ ਹੋਵੇਗਾ। ਪਹਿਲੇ ਦਿਨ ਪੰਜਾਬੀ ਫਿਲਮ ‘ਪਿੰਡੀ ਦੇ ਗੁਰਚਰਨ’ ਦੀ ਸਕ੍ਰੀਨਿੰਗ ਨਾਲ ਫੈਸਟੀਵਲ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਾਰਟ ਫਿਲਮਾਂ ਅਤੇ ਹੋਰ ਫਿਲਮਾਂ ਦਰਸ਼ਕਾਂ ਲਈ ਪੇਸ਼ ਕੀਤੀਆਂ ਜਾਣਗੀਆਂ।
-ਬਾਕਸ-
-ਤਿੰਨ ਦਿਨਾਂ ਦਾ ਫ਼ਿਲਮ ਸ਼ੈਡਿਊਲ
2 ਅਕਤੂਬਰ : ਸ਼ਾਮ 5 ਵਜੇ ‘ਪਿੰਡੀ ਦੇ ਗੁਰਚਰਨ’, 7.15 ਵਜੇ ਸ਼ਾਰਟ ਸ਼ੋਅ ਕੇਸ ਵਿਚ ‘ਏ ਵੇ’, ‘ਸਾਈਲੈਂਟ ਸੈਕਰਿਫਾਈਸ’, ‘ਸ਼ੈਡੋਜ਼ ਆਫ ਦ ਮੂਨਲਾਈਟ ਨਾਈਟ’ ਅਤੇ ‘ਏ ਲਿਟਲ ਗੋਲਡਫਿਸ਼’ ਦਿਖਾਈਆਂ ਜਾਣਗੀਆਂ। ਰਾਤ 8.30 ਵਜੇ ‘ਨਾ ਅਵਧਤੀ ਗੋਸ਼ਟਾ’ ਦੀ ਸਕ੍ਰੀਨਿੰਗ ਹੋਵੇਗੀ।
3 ਅਕਤੂਬਰ : ਸਵੇਰੇ 9.45 ਵਜੇ ‘ਜੂਨੀਅਰ ਚਿੜੀਆ’, ਦੁਪਹਿਰ 12 ਵਜੇ ਸ਼ਾਰਟ ਸ਼ੋਕੇਸ ਵਿਚ ‘ਕੇਸਿਕ ਕੁਲਕ (ਦ ਕੱਟ ਈਅਰ)’, ‘ਦਿਨ ਤੇ ਰਾਤ’ ਤੇ ‘ਅਵਾਗੁੰਥਨ’ ਦਿਖਾਈਆਂ ਜਾਣਗੀਆਂ। ਦੁਪਹਿਰ 1.45 ਵਜੇ ਮੈਕ ਸੈਸ਼ਨ, ਦੁਪਹਿਰ 2.30 ਵਜੇ ‘ਬਹਾਦੁਰ’ ਦੀ ਸਕ੍ਰੀਨਿੰਗ ਹੋਵੇਗੀ। ਸ਼ਾਮ 6 ਵਜੇ ਵਿਸ਼ੇਸ਼ ਸੈਕਸ਼ਨ ‘ਸਰਹੱਦ’ ਮੈਂ ‘ਵਾਪਸ ਆਊਂਗਾ’ ਅਤੇ ਰਾਤ 9 ਵਜੇ ਹੰਗਰੀ ਡੈਬਿਊ ‘ਮਾਈ ਟਰਨ’ ਪੇਸ਼ ਕੀਤੀ ਜਾਵੇਗੀ।
4 ਅਕਤੂਬਰ : ਆਖਰੀ ਦਿਨ ਦੀ ਸ਼ੁਰੂਆਤ ਸਵੇਰੇ 9.30 ਵਜੇ ਡਾਕਿਊਮੈਂਟਰੀ ਸ਼ੋਕੇਸ ਨਾਲ ਹੋਵੇਗੀ, ਜਿਸ ਵਿਚ ‘ਡਿਸਪੈਚਿਸ ਫਰਾਮ ਦ ਵਾਲ ਕਾਰਨਰ’ ਅਤੇ ‘ਫਾਈਂਡਿੰਗ ਗ੍ਰੈਂਡ ਪਾ’ ਦਿਖਾਈਆਂ ਜਾਣਗੀਆਂ। ਸਵੇਰੇ 11.15 ਵਜੇ ਸ਼ਾਰਟ ਸ਼ੋਕੇਸ ਵਿਚ ‘ਦ ਮਿਡਨਾਈਟ ਥੈਰੇਪਿਸਟ’, ‘ਦ ਐਂਡਲੈੱਸ ਸਕਾਲਰ’, ‘ਸਾਇੰਸ ਆਫ ਸੈਕਰਡ ਲੈਂਡ’ ਅਤੇ ‘ਦ ਲਾਸਟ ਬ੍ਰੀਥ’ ਪੇਸ਼ ਕੀਤੀਆਂ ਜਾਣਗੀਆਂ। ਦੁਪਹਿਰ 12.30 ਵਜੇ ਫਿਲਮ‘ਹਨੂੰਮਾਨ ਅੰਸ਼ ਦਿਖਾਈ ਜਾਵੇਗੀ, ਸ਼ਾਮ 4.15 ਵਜੇ ਏਰੀਨਾ ਐਨੀਮੇਸ਼ਨ ਵੱਲੋਂ ਏਆਈ ਸੈਸ਼ਨ ਅਤੇ ਸ਼ਾਮ 5.30 ਵਜੇ ਪੀਬੀਡੀ, 6.30 ਵਜੇ ਅਨੁਰਾਗ ਦਿਖਾਈ ਜਾਵੇਗੀ ਤੇ ਰਾਤ 8.30 ਵਜੇ ਫਿਲਮ ਫੈਸਟੀਵਲ ਦੀ ਸਮਾਪਤੀ ‘ਪਾਤਕੀ’ ਫਿਲਮ ਨਾਲ ਹੋਵੇਗੀ।
-ਬਾਕਸ-
-ਆਨਲਾਈਨ ਵੀ ਰਿਜ਼ਰਵ ਕਰ ਸਕਦੇ ਹੋ ਸੀਟ
ਫੈਸਟੀਵਲ ਦੌਰਾਨ ਫਿਲਮਾਂ ਦੇਖਣ ਲਈ ਸੀਟ ਰਿਜ਼ਰਵੇਸ਼ਨ ਦੀ ਸਹੂਲਤ ਵੀ ਉਪਲਬਧ ਰਹੇਗੀ। ਫਿਰੋਜ਼ਪੁਰ ਰੋਡ ਸਥਿਤ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਦੇ ਸਿਟੀ ਦਫ਼ਤਰ ਤੋਂ ਪਾਸ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਬੁੱਕ ਮਾਈ ਸ਼ੋਅ ਦੇ ਕਿਊਆਰ ਕੋਡ ਨੂੰ ਸਕੈਨ ਕਰਕੇ ਆਨਲਾਈਨ ਵੀ ਸੀਟ ਰਿਜ਼ਰਵ ਕਰਵਾਈ ਜਾ ਸਕਦੀ ਹੈ। ਫਿਲਮ ਫੈਸਟੀਵਲ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ।