ਜਗਰਾਓਂ ’ਚ ਇੱਕੋ ਲਾਇਸੈਂਸ ’ਤੇ ਰੇਹੜੀਆਂ ਦੀ ਭਰਮਾਰ ਦਾ ‘ਗੋਲਮਾਲ’ ਜਗਰਾਓਂ ’ਚ ਇੱਕ ਲਾਇਸੈਂਸ ’ਤੇ ਰੇਹੜੀਆਂ ਦੀ ਭਰਮਾਰ ਦਾ ‘ਗੋਲਮਾਲ’
Publish Date: Tue, 25 Aug 2026 08:59 PM (IST)
Updated Date: Tue, 25 Aug 2026 09:00 PM (IST)
ਜਗਰਾਓਂ ਦੇ ਕੌਂਸਲਰ ਨੇ ਹੀ ਖ਼ੁਲਾਸਾ ਕਰਦਿਆਂ ਈਓ ’ਤੇ ਜੜ੍ਹੇ ਦੋਸ਼ ਏਡੀਸੀ ਨੇ ਬਣਦੀ ਕਾਰਵਾਈ ਦੇ ਦਿੱਤੇ ਨਿਰਦੇਸ਼ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਸ਼ਹਿਰ ਵਿਚ ਇੱਕ ਰੇਹੜੀ ਦੇ ਲਾਇਸੈਂਸ ਦੀ ਆੜ੍ਹ ਵਿਚ ਰੇਹੜੀਆਂ ਦੀ ਭਰਮਾਰ ਦੇ ਗੋਲਮਾਲ ਦਾ ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਮੁੱਦਾ ਚੁੱਕਦਿਆਂ ਏਡੀਸੀ ਜਗਰਾਓਂ ਨੂੰ ਸ਼ਿਕਾਇਤ ਦਿੰਦਿਆਂ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਆਪਣੀ ਇਹ ਸ਼ਿਕਾਇਤ ਏਡੀਸੀ ਜਗਰਾਓਂ ਤੋਂ ਇਲਾਵਾ ਏਡੀਸੀ ਯੂਡੀ ਲੁਧਿਆਣਾ, ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਅਤੇ ਸੈਕਟਰੀ ਸਥਾਨਕ ਸਰਕਾਰ ਵਿਭਾਗ ਚੰਡੀਗੜ੍ਹ ਨੂੰ ਭੇਜਦਿਆਂ ਸ਼ਹਿਰ ਭਰ ਵਿਚ ਲੱਗਦੀਆਂ ਨਾਜਾਇਜ਼ ਰੇਹੜੀਆਂ ’ਤੇ ਈਓ ਦੀ ਮਿਲੀਭੁਗਤ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਸਬੰਧੀ ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਜਗਰਾਓਂ ਵਿਚ ਸਟਰੀਟ ਬੈਂਡਿੰਗ ਸਕੀਮ ਨੂੰ ਲਾਗੂ ਕਰਨ ਦੀ ਥਾਂ ਆਪਣੇ ਫਾਇਦੇ ਲਈ ਅਫਸਰਸ਼ਾਹੀ ਵੱਲੋਂ ਠੱਪ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਾਲ 2024 ਵਿਚ ਨਗਰ ਕੌਂਸਲ ਵੱਲੋਂ 854 ਰੇਹੜੀਆਂ ਦੇ ਲਾਇਸੈਂਸ ਜਾਰੀ ਕੀਤੇ ਗਏ ਸਨ। ਉਸ ਤੋਂ ਬਾਅਦ ਨਾ ਹੀ ਲਾਇਸੈਂਸ ਰੀਨਿਊ ਹੋਏ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਚੈਕਿੰਗ ਕੀਤੀ ਗਈ ਜਿਸ ਦੇ ਚੱਲਦਿਆਂ ਰੇਹੜੀ ਵਾਲੇ ਇੱਕ ਲਾਇਸੈਂਸ ਦੀ ਆੜ ਵਿਚ ਕਈ-ਕਈ ਰੇਹੜੀਆਂ ਲਗਾ ਕੇ ਜਿੱਥੇ ਆਪਣੀ ਜੇਬਾਂ ਭਰ ਰਹੇ ਹਨ, ਉੱਥੇ ਨਗਰ ਕੌਂਸਲ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸਭ ਤੋਂ ਵੱਡੀ ਸਮੱਸਿਆ ਨਾਜਾਇਜ਼ ਰੇਹੜੀਆਂ ਕਾਰਨ ਸ਼ਹਿਰ ਭਰ ਵਿਚ ਦਿਨ ਭਰ ਲੱਗਦੇ ਲੰਮੇ ਜਾਮ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਰੇਹੜੀਆਂ ਹਟਾਉਣ ਲਈ ਈਓ ਜਗਰਾਓਂ ਨੂੰ ਕਈ ਵਾਰ ਕਹਿ ਚੁੱਕੇ ਹਨ ਪਰ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਤੋਂ ਸਾਫ਼ ਹੈ ਕਿ ਅਫਸਰਸ਼ਾਹੀ ਦੀ ਰੇਹੜੀ ਵਾਲਿਆਂ ਨਾਲ ਮਿਲੀਭੁਗਤ ਕਾਰਨ ਉਨ੍ਹਾਂ ਦੀ ਮਨਮਰਜ਼ੀ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ੇ ਕਰਕੇ ਪੁਗਾਈ ਜਾਂਦੀ ਹੈ ਜਿਸ ਦਾ ਖ਼ਮਿਆਜਾ ਜਗਰਾਓਂ ਦੇ ਲੋਕ ਭੁਗਤ ਰਹੇ ਹਨ। ਉਨ੍ਹਾਂ ਨੇ ਇਸ ਦੇ ਨਾਲ ਹੀ ਜਗਰਾਓਂ ਦੀ ਰੀਗਲ ਮਾਰਕੀਟ ਨੇੜੇ ਮੁਹੱਲਾ ਕਿਸ਼ੋਰ ਚੰਦ ਦੇ ਨਾਲ ਸਥਿਤ ਡੋਸੇ ਵਾਲੇ ਦੀ ਦੁਕਾਨ ਹੋਣ ਦੇ ਬਾਵਜੂਦ ਬਾਹਰ ਰੇਹੜੀ ਲਗਾਉਣ ਦਾ ਵੀ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਦੁਕਾਨ ਦੇ ਅੱਗੇ ਰਾਤ 12 ਵਜੇ ਤੱਕ ਰੇਹੜੀ ਲਗਾਈ ਜਾਂਦੀ ਹੈ। ਜਿੱਥੇ ਗਾਹਕ ਸ਼ਰਾਬ ਵੀ ਪੀਂਦੇ ਹਨ ਅਤੇ ਰਸਤਾ ਬੰਦ ਕਰ ਦਿੰਦੇ ਹਨ। ਇਸ ਮਾਮਲੇ ਵਿਚ ਵੀ ਲਿਖਤੀ ਸ਼ਿਕਾਇਤ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਈਓ ਮੋਹਿਤ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰੇਹੜੀਆਂ ਸਬੰਧੀ ਨਗਰ ਕੌਂਸਲ ’ਚ ਵੱਖਰੀ ਬ੍ਰਾਂਚ ਹੈ। ਚਾਹੇ ਉਹ ਉਨ੍ਹਾਂ ਦੇ ਅਧੀਨ ਆਉਂਦੀ ਹੈ ਪਰ ਇਸ ਦੇ ਸੈਨਟਰੀ ਇੰਸਪੈਕਟਰ ਨੂੰ ਇਸ ਸਬੰਧੀ ਬਣਦੀ ਕਾਰਵਾਈ ਲਈ ਕਿਹਾ ਜਾਵੇਗਾ।