- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਜ਼ਾਨਾ ਲੱਗ ਰਹੇ ਲੰਮੇ ਬਿਜਲੀ ਕੱਟਾਂ ਤੋਂ ਉਦਯੋਗਪਤੀ ਪ੍ਰੇਸ਼ਾਨ, ਚੀਫ਼ ਇੰਜੀਨੀਅਰ ਅੱਗੇ ਰੱਖੀਆਂ ਮੁਸ਼ਕਲਾਂ

ਰੋਜ਼ਾਨਾ ਲੱਗ ਰਹੇ ਲੰਮੇ ਬਿਜਲੀ ਕੱਟਾਂ ਤੋਂ ਸਨਅਤਕਾਰ ਪਰੇਸ਼ਾਨ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਵਿੱਚ ਰੋਜ਼ਾਨਾ ਲੱਗ ਰਹੇ ਲੰਮੇ ਬਿਜਲੀ ਕੱਟਾਂ ਕਾਰਨ ਉਦਯੋਗਿਕ ਇਕਾਈਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਸਪਲਾਈ ਵਿੱਚ ਲਗਾਤਾਰ ਵਿਘਨ ਕਾਰਨ ਉਤਪਾਦਨ ਪ੍ਰਭਾਵਿਤ ਹੋਣ ਦੇ ਨਾਲ-ਨਾਲ ਉਦਯੋਗਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਦੇ ਰੁਜ਼ਗਾਰ ਅਤੇ ਤਿਆਰ ਮਾਲ ਦੀ ਸਪਲਾਈ ’ਤੇ ਵੀ ਅਸਰ ਪੈਣ ਦਾ ਖਦਸ਼ਾ ਬਣ ਗਿਆ ਹੈ। ਇਸ ਸਬੰਧੀ ਵੱਖ-ਵੱਖ ਉਦਯੋਗਿਕ ਸੰਸਥਾਵਾਂ ਦੇ ਪ੍ਰਮੁੱਖਾਂ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਕੇਂਦਰੀ ਜ਼ੋਨ ਦੇ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹੰਸ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਆਪਣੀਆਂ ਸਮੱਸਿਆਵਾਂ ਰੱਖੀਆਂ।
ਸਨਅਤਕਾਰਾਂ ਨੇ ਦੱਸਿਆ ਕਿ ਰੋਜ਼ਾਨਾ ਸ਼ਾਮ 8 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹਿਣ ਤੋਂ ਇਲਾਵਾ ਦਿਨ ਦੇ ਸਮੇਂ ਵੀ ਕਈ-ਕਈ ਘੰਟਿਆਂ ਦੇ ਪਾਵਰ ਕੱਟ ਲੱਗ ਰਹੇ ਹਨ। ਇਸ ਕਾਰਨ ਕਾਰਖ਼ਾਨਿਆਂ ਵਿੱਚ ਉਤਪਾਦਨ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਮੇ ਬਿਜਲੀ ਕੱਟਾਂ ਕਾਰਨ ਮਸ਼ੀਨਰੀ ਦਾ ਕੰਮ ਰੁਕਣ ਨਾਲ ਨਾ ਸਿਰਫ਼ ਉਤਪਾਦਨ ਵਿੱਚ ਗਿਰਾਵਟ ਆ ਰਹੀ ਹੈ, ਸਗੋਂ ਗਾਹਕਾਂ ਨੂੰ ਸਮੇਂ ਸਿਰ ਮਾਲ ਦੀ ਸਪਲਾਈ ਕਰਨਾ ਵੀ ਮੁਸ਼ਕਲ ਹੋ ਗਿਆ ਹੈ।
ਚੈਂਬਰ ਆਫ਼ ਇੰਡਸਟਰੀਅਲ ਐਂਡ ਟ੍ਰੇਡਿੰਗ ਐਂਟਰਪ੍ਰੇਨਿਊਰ ਦੇ ਪ੍ਰਧਾਨ ਕੁਲਵੰਤ ਸਿੰਘ ਚੌਹਾਨ ਐਨਕੇਐਚ, ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂੰਫ਼ੈਚਕਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਨਵਯੁਗ, ਸਾਈਕਲ ਸਨਅਤ ਨਾਲ ਸਬੰਧਤ ਪ੍ਰਮੁੱਖ ਉਦਯੋਗਪਤੀ ਅਵਤਾਰ ਸਿੰਘ ਭੋਗਲ, ਟੈਕਸਟਾਈਲ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਆਹੂਜਾ, ਸਨਅਤਕਾਰ ਰਿਸ਼ਭ ਸਾਹਨੀ ਅਤੇ ਕੰਵਲਜੀਤ ਸਿੰਘ ਸਮੇਤ ਹੋਰ ਕਾਰੋਬਾਰੀਆਂ ਨੇ ਕਿਹਾ ਕਿ ਦਿਨ ਅਤੇ ਰਾਤ ਦੇ ਨਿਰਧਾਰਤ ਪਾਵਰ ਕੱਟਾਂ ਨੇ ਸਨਅਤਾਂ ਦੀਆਂ ਮੁਸ਼ਕਲਾਂ ਕਈ ਗੁਣਾ ਵਧਾ ਦਿੱਤੀਆਂ ਹਨ। ਸਨਅਤਕਾਰਾਂ ਨੇ ਕਿਹਾ ਕਿ ਬਿਜਲੀ ਦੀ ਅਣਨਿਯਮਿਤ ਸਪਲਾਈ ਕਾਰਨ ਉਤਪਾਦਨ ’ਚ ਭਾਰੀ ਘਾਟ ਦਰਜ ਕੀਤੀ ਜਾ ਰਹੀ ਹੈ। ਜੇਕਰ ਇਹ ਸਥਿਤੀ ਲੰਮੇ ਸਮੇਂ ਤੱਕ ਜਾਰੀ ਰਹੀ ਤਾਂ ਉਦਯੋਗਿਕ ਇਕਾਈਆਂ ਵਿੱਚ ਕੰਮ ਕਰ ਰਹੀ ਲੇਬਰ ਲਈ ਵੀ ਸੰਕਟ ਪੈਦਾ ਹੋ ਸਕਦਾ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਜੇ ਮਜ਼ਦੂਰਾਂ ਨੂੰ ਨਿਯਮਤ ਤੌਰ ’ਤੇ ਕੰਮ ਨਹੀਂ ਮਿਲੇਗਾ ਤਾਂ ਉਹ ਆਪਣੇ ਪੈਤ੍ਰਿਕ ਪਿੰਡਾਂ ਵੱਲ ਵਾਪਸ ਜਾਣ ਲਈ ਮਜਬੂਰ ਹੋ ਸਕਦੇ ਹਨ। ਇਸ ਨਾਲ ਸਨਅਤਾਂ ਦੀ ਸਪਲਾਈ ਚੇਨ ’ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। ਕਾਰੋਬਾਰੀਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਵਿਆਹਾਂ ਤੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਅਜਿਹੇ ਸਮੇਂ ਵਿੱਚ ਗਾਰਮੈਂਟ, ਟੈਕਸਟਾਈਲ, ਸਾਈਕਲ ਪਾਰਟਸ ਅਤੇ ਵੱਖ-ਵੱਖ ਮਸ਼ੀਨੀ ਉਦਯੋਗਾਂ ਵਿੱਚ ਉਤਪਾਦਨ ਦੀ ਮੰਗ ਵਧਦੀ ਹੈ। ਜੇ ਸਨਅਤਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਨਾ ਮਿਲੀ ਤਾਂ ਸਮੇਂ ਸਿਰ ਆਰਡਰ ਪੂਰੇ ਕਰਨਾ ਮੁਸ਼ਕਲ ਹੋਵੇਗਾ। ਇਸ ਦਾ ਸਿੱਧਾ ਅਸਰ ਉਦਯੋਗਾਂ ਦੇ ਕਾਰੋਬਾਰ, ਮਾਲ ਦੀ ਸਪਲਾਈ ਅਤੇ ਪੇਮੈਂਟ ਦੇ ਫਲੋ ’ਤੇ ਪੈ ਸਕਦਾ ਹੈ।
ਸਨਅਤਕਾਰਾਂ ਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਨ ਤੋਂ ਬਾਅਦ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਅਤੇ ਡਿਪਟੀ ਚੀਫ਼ ਇੰਜੀਨੀਅਰ ਸੁਰਜੀਤ ਸਿੰਘ ਨੇ ਕਾਰੋਬਾਰੀ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਬਿਨਾਂ ਕਿਸੇ ਦੇਰੀ ਦੇ ਹੱਲ ਕਰਨ ਲਈ ਯਤਨ ਕੀਤੇ ਜਾਣਗੇ। ਚੀਫ਼ ਇੰਜੀਨੀਅਰ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਕਈ ਬਿਜਲੀ ਘਰਾਂ ਵਿੱਚ ਉਤਪਾਦਨ ਅਤੇ ਸਪਲਾਈ ਸਬੰਧੀ ਸਮੱਸਿਆਵਾਂ ਪੈਦਾ ਹੋਈਆਂ, ਜਿਸ ਕਾਰਨ ਕੁਝ ਥਾਵਾਂ ’ਤੇ ਬਿਜਲੀ ਕੱਟ ਲਾਉਣੇ ਪਏ। ਹੁਣ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਸਨਅਤਾਂ ਨੂੰ ਬਿਨਾਂ ਕੱਟ ਦੇ ਨਿਰੰਤਰ ਬਿਜਲੀ ਸਪਲਾਈ ਦੇਣ ’ਤੇ ਧਿਆਨ ਦਿੱਤਾ ਜਾਵੇਗਾ।