- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਲੀਡ:ਬਿਜਲੀ ਕੱਟਾਂ ਖ਼ਿਲਾਫ਼ ਡਾਇੰਗ ਕਾਰਖ਼ਾਨੇ ਬੰਦ ਕਰਕੇ ਉਦਯੋਗਪਤੀਆਂ ਨੇ ਲੇਬਰ ਸਮੇਤ ਕੀਤਾ 1 ਘੰਟਾ ਚੱਕਾ ਜਾਮ

-ਕਿਹਾ, 10 ਘੰਟੇ ਬਿਜਲੀ ਮਿਲਣ ਦੇ ਬਾਵਜੂਦ ਬਿੱਲ 20 ਫ਼ੀਸਦੀ ਤੱਕ ਵਧੇ, ਵਰਧਮਾਨ ਚੌਕ ’ਚ ਧਰਨੇ ਦੌਰਾਨ ਕੱਢੀ ਭੜਾਸ, ਵਾਹਨਾਂ ਦੀਆਂ ਲੱਗੀਆਂ ਕਤਾਰਾਂ, ਪੁਲਿਸ ਨੇ ਬਦਲੇ ਰੂਟ
41,42,43,44
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਬਿਜਲੀ ਕੱਟਾਂ ਤੋਂ ਦੁਖੀ ਲੁਧਿਆਣਾ ਦੇ ਡਾਇੰਗ ਕਾਰਖ਼ਾਨਿਆਂ ਦੇ ਮਾਲਕਾਂ ਨੇ ਆਪਣੇ ਕਾਰਖ਼ਾਨੇ ਬੰਦ ਕਰਕੇ ਆਪਣੇ ਲੇਬਰ ਸਮੇਤ ਸੋਮਵਾਰ ਨੂੰ ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਵਰਧਮਾਨ ਮਿਲ ਚੌਂਕ ਵਿੱਚ ਚੱਕਾ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ਸਰਕਾਰ ਦੀ ਕਹਿਣੀ ਤੇ ਕਥਨੀ ਵਿੱਚ ਫ਼ਰਕ ਹੋਣ ’ਤੇ ਰੋਸ ਪ੍ਰਗਟਾਇਆ।
ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਡਾਇੰਗ ਉਦਯੋਗ ਬਿਜਲੀ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਡਾਇੰਗ ਪ੍ਰਕਿਰਿਆ ਨੂੰ ਲਗਾਤਾਰ ਚਲਾਉਣ ਲਈ ਮਸ਼ੀਨਾਂ, ਬਾਇਲਰ ਤੇ ਹੋਰ ਸਾਜ਼ੋ-ਸਾਮਾਨ ਨੂੰ ਨਿਰੰਤਰ ਬਿਜਲੀ ਦੀ ਲੋੜ ਹੁੰਦੀ ਹੈ। ਵਾਰ-ਵਾਰ ਬਿਜਲੀ ਜਾਣ ਕਾਰਨ ਨਾ ਸਿਰਫ਼ ਉਤਪਾਦਨ ਰੁਕਦਾ ਹੈ, ਸਗੋਂ ਚੱਲ ਰਹੇ ਪ੍ਰੋਸੈਸ ਨੂੰ ਵੀ ਨੁਕਸਾਨ ਪਹੁੰਚਦਾ ਹੈ।
ਧਰਨੇ ਦੌਰਾਨ ਮੁਜ਼ਾਹਰਾਕਾਰੀਆਂ ਨੇ ਕਰੀਬ 1 ਘੰਟੇ ਤੱਕ ਚੰਡੀਗੜ੍ਹ ਰੋਡ ’ਤੇ ਆਵਾਜਾਈ ਰੋਕ ਕੇ ਰੱਖੀ। ਇਸ ਕਾਰਨ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ। ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਟਰੈਫਿਕ ਪੁਲਿਸ ਵੱਲੋਂ ਮੌਕੇ ’ਤੇ ਬਦਲਵੇਂ ਰੂਟਾਂ ਦਾ ਪ੍ਰਬੰਧ ਕੀਤਾ ਗਿਆ।
ਬਿਜਲੀ ਕੱਟਾਂ ਤੋਂ ਪਰੇਸ਼ਾਨ ਉਦਯੋਗਪਤੀਆਂ ਨੇ ਆਪਣਾ ਰੋਸ ਜ਼ਾਹਰ ਕਰਨ ਲਈ ਵਰਧਮਾਨ ਮਿਲ ਚੌਂਕ ਨੂੰ ਚੁਣਿਆ। ਚੰਡੀਗੜ੍ਹ ਰੋਡ ਲੁਧਿਆਣਾ ਦੇ ਪ੍ਰਮੁੱਖ ਉਦਯੋਗਿਕ ਅਤੇ ਆਵਾਜਾਈ ਮਾਰਗਾਂ ਵਿੱਚੋਂ ਇੱਕ ਹੋਣ ਕਾਰਨ ਧਰਨੇ ਦਾ ਅਸਰ ਦੂਰ ਤੱਕ ਦੇਖਣ ਨੂੰ ਮਿਲਿਆ। ਕਰੀਬ ਤਿੰਨ ਘੰਟੇ ਤੱਕ ਸੜਕ ਜਾਮ ਰਹਿਣ ਕਾਰਨ ਆਮ ਵਾਹਨ ਚਾਲਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਡਾਇੰਗ ਯੂਨਿਟਾਂ ਨੂੰ ਦਿਨ ਵਿੱਚ ਮੁਸ਼ਕਲ ਨਾਲ ਕਰੀਬ 10 ਘੰਟੇ ਹੀ ਬਿਜਲੀ ਮਿਲ ਰਹੀ ਹੈ, ਜਦਕਿ 8 ਤੋਂ 14 ਘੰਟਿਆਂ ਤੱਕ ਦੇ ਕੱਟ ਲੱਗਣ ਕਾਰਨ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਬਿਜਲੀ ਦੇ ਬਿੱਲਾਂ ਵਿੱਚ ਕਰੀਬ 20 ਫ਼ੀਸਦੀ ਵਾਧਾ ਕਰ ਦਿੱਤਾ ਗਿਆ ਹੈ ਅਤੇ ਦੂਜੇ ਪਾਸੇ ਲੋੜ ਅਨੁਸਾਰ ਬਿਜਲੀ ਉਪਲੱਬਧ ਨਹੀਂ ਕਰਵਾਈ ਜਾ ਰਹੀ। ਇਸ ਕਾਰਨ ਉਦਯੋਗਾਂ ਦੀ ਲਾਗਤ ਵਧ ਰਹੀ ਹੈ ਅਤੇ ਆਰਡਰ ਸਮੇਂ ਸਿਰ ਪੂਰੇ ਕਰਨਾ ਮੁਸ਼ਕਲ ਹੋ ਰਿਹਾ ਹੈ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਬਿਜਲੀ ਕੱਟਾਂ ਦਾ ਸਿੱਧਾ ਅਸਰ ਉਤਪਾਦਨ ’ਤੇ ਪੈ ਰਿਹਾ ਹੈ। ਜਦੋਂ ਕਈ ਘੰਟਿਆਂ ਤੱਕ ਬਿਜਲੀ ਬੰਦ ਰਹਿੰਦੀ ਹੈ, ਤਾਂ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਦਾ ਅਤੇ ਮਸ਼ੀਨਾਂ ਬੰਦ ਰਹਿਣ ਕਾਰਨ ਉਦਯੋਗ ਨੂੰ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ। ਇਸ ਦੇ ਬਾਵਜੂਦ ਬਿਜਲੀ ਦੇ ਬਿੱਲਾਂ ਵਿੱਚ ਵਾਧਾ ਕਰਨਾ ਉਦਯੋਗਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਉਦਯੋਗਪਤੀਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ 24 ਘੰਟੇ ਬਿਜਲੀ ਸਪਲਾਈ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿਨ ਵਿੱਚ ਸਿਰਫ਼ 10 ਘੰਟੇ ਹੀ ਬਿਜਲੀ ਮਿਲੇਗੀ ਤਾਂ ਉਤਪਾਦਨ ਕਿਵੇਂ ਚੱਲੇਗਾ ਅਤੇ ਉਦਯੋਗ ਆਪਣੇ ਗਾਹਕਾਂ ਨੂੰ ਸਮੇਂ ਸਿਰ ਮਾਲ ਕਿਵੇਂ ਦੇਣਗੇ।ਉਨ੍ਹਾਂ ਮੰਗ ਕੀਤੀ ਕਿ ਉਦਯੋਗਾਂ ਲਈ ਬਿਜਲੀ ਸਪਲਾਈ ਦਾ ਸਪਸ਼ਟ ਸ਼ਡਿਊਲ ਜਾਰੀ ਕੀਤਾ ਜਾਵੇ ਅਤੇ ਲੰਬੇ ਅਣਐਲਾਨੇ ਕੱਟਾਂ ਤੋਂ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਉਦਯੋਗ ਪਹਿਲਾਂ ਹੀ ਕੱਚੇ ਮਾਲ, ਮਜ਼ਦੂਰੀ, ਟਰਾਂਸਪੋਰਟ ਅਤੇ ਹੋਰ ਖਰਚਿਆਂ ਦੇ ਵਾਧੇ ਨਾਲ ਜੂਝ ਰਹੇ ਹਨ। ਬਿਜਲੀ ਦੀ ਅਨਿਸ਼ਚਿਤ ਸਪਲਾਈ ਨੇ ਸੰਕਟ ਨੂੰ ਹੋਰ ਗੰਭੀਰ ਕਰ ਦਿੱਤਾ ਹੈ।
-ਬਾਕਸ-
-ਡਾਇੰਗ ਕਾਰਖ਼ਾਨੇ 20 ਤੱਕ ਬੰਦ ਰੱਖਣ ਦੀ ਬਜਾਏ, 15 ਤੋਂ ਖੋਲ੍ਹਣ ਦਾ ਫੈਸਲਾ
ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਅਤੇ ਬਿਜਲੀ ਸੰਕਟ ਕਰਕੇ ਲੁਧਿਆਣਾ ਦੇ ਰੰਗਾਈ ਕਾਰਖ਼ਾਨੇਦਾਰਾਂ ਨੇ ਸਰਬਸੰਮਤੀ ਨਾਲ 14 ਸਤੰਬਰ ਤੋਂ 20 ਸਤੰਬਰ ਤੱਕ ਆਪਣੇ ਕਾਰਖ਼ਾਨੇ ਬੰਦ ਰੱਖਣ ਦਾ ਐਲਾਨ ਕੀਤਾ ਸੀ। ਪਰ ਪ੍ਰਦਰਸ਼ਨ ਤੋਂ ਬਾਅਦ ਰੰਗਾਈ ਕਾਰ਼ਖਾਨੇਦਾਰਾਂ ਨੇ 20 ਸਤੰਬਰ ਤੱਕ ਆਪਣੇ ਕਾਰਖ਼ਾਨੇ ਬੰਦ ਰੱਖਣ ਦਾ ਐਲਾਨ ਵਾਪਸ ਲੈ ਲਿਆ ਹੈ ਅਤੇ 15 ਸਤੰਬਰ ਤੋਂ ਲੁਧਿਆਣਾ ਦੇ ਸਾਰੇ ਰੰਗਾਈ ਕਾਰ਼ਖਾਨੇ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ।
-ਬਾਕਸ-
-ਰਾਜਸੀ ਆਗੂਆਂ ਨੇ ਵੀ ਦਿੱਤਾ ਸਮਰਥਨ, ਸਰਕਾਰ ਨੂੰ ਘੇਰਨ ਦੀ ਚਿਤਾਵਨੀ
ਡਾਇੰਗ ਉਦਯੋਗ ਨਾਲ ਜੁੜੇ ਕਾਰਖਾਨੇਦਾਰਾਂ ਵੱਲੋਂ ਕੀਤੇ ਇਸ ਰੋਸ ਪ੍ਰਦਰਸ਼ਨ ਨੂੰ ਕਈ ਰਾਜਸੀ ਆਗੂਆਂ ਦਾ ਵੀ ਸਮਰਥਨ ਮਿਲਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿੱਲ, ਸੂਬਾ ਆਗੂ ਪ੍ਰਵੀਨ ਬਾਂਸਲ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਉਦਯੋਗਾਂ ਨੂੰ ਦਰਪੇਸ਼ ਬਿਜਲੀ ਸੰਕਟ ਦਾ ਮੁੱਦਾ ਉਠਾਉਂਦਿਆਂ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਉਦਯੋਗਾਂ ਨੂੰ ਨਿਰਵਿਘਨ ਬਿਜਲੀ ਨਾ ਮਿਲਣ ਨਾਲ ਰੁਜ਼ਗਾਰ ਅਤੇ ਸੂਬੇ ਦੀ ਅਰਥਵਿਵਸਥਾ ’ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ।
-ਬਾਕਸ-
-ਪਟਿਆਲਾ ਤੇ ਚੰਡੀਗੜ੍ਹ ਵਿਖੇ ਵੀ ਰੋਸ ਪ੍ਰਗਟਾਉਣ ਪੁੱਜਣ ਦਾ ਐਲਾਨ
ਪੰਜਾਬ ਡਾਇਰਸ ਐਸੋਸੀਏਸ਼ਨ ਦੇ ਨਿਰਦੇਸ਼ਕ ਕਮਲ ਚੌਹਾਨ ਅਤੇ ਸੈਕਟਰੀ ਬੌਬੀ ਜਿੰਦਲ ਨੇ ਕਿਹਾ ਕਿ ਲੁਧਿਆਣਾ ਦਾ ਟੈਕਸਟਾਈਲ ਅਤੇ ਡਾਇੰਗ ਉਦਯੋਗ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਜੇਕਰ ਬਿਜਲੀ ਕੱਟ ਇਸੇ ਤਰ੍ਹਾਂ ਜਾਰੀ ਰਹੇ ਤਾਂ ਛੋਟੀਆਂ ਅਤੇ ਦਰਮਿਆਨੀਆਂ ਉਦਯੋਗਿਕ ਇਕਾਈਆਂ ਲਈ ਆਪਣਾ ਕੰਮ ਚਲਾਉਣਾ ਔਖਾ ਹੋ ਜਾਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਦਯੋਗਾਂ ਨੂੰ ਤਰਜੀਹ ਦੇ ਆਧਾਰ ’ਤੇ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਕੱਟਾਂ ਦੀ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ, ਤਾਂ ਉਦਯੋਗਿਕ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੇ ਪਟਿਆਲਾ ਜਾ ਕੇ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਕਾਰਖ਼ਾਨਿਆਂ ਨੂੰ ਜਿੰਦਰੇ ਲਾ ਕੇ ਚਾਬੀਆਂ ਦੇ ਦੇਵਾਂਗੇ
ਪੰਜਾਬ ਡਾਇਰਸ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਮੱਕੜ ਨੇ ਕਿਹਾ ਕਿ ਅੱਜ ਮਜ਼ਬੂਰ ਹੋ ਕੇ ਸਾਨੂੰ ਸੜਕ ’ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ। ਜੇਕਰ ਸਾਡੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ,ਤਾਂ ਅਸੀਂ ਆਪਣੇ ਕਾਰਖ਼ਾਨਿਆਂ ਨੂੰ ਤਾਲੇ ਲਗਾ ਕੇ ਚਾਬੀਆਂ ਸਰਕਾਰ ਨੂੰ ਸੌਂਪ ਦੇਣਗੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਸੰਕਟ ਦੇ ਸਥਾਈ ਹੱਲ ਲਈ ਉੱਚ ਪੱਧਰੀ ਮੀਟਿੰਗ ਬੁਲਾਈ ਜਾਵੇ ਅਤੇ ਉਦਯੋਗਿਕ ਖੇਤਰਾਂ ਵਿੱਚ ਲੱਗ ਰਹੇ ਲੰਬੇ ਕੱਟਾਂ ਨੂੰ ਤੁਰੰਤ ਖਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਵਿੱਚ ਸੁਧਾਰ ਆਉਂਦਾ ਹੈ, ਤਾਂ ਉਦਯੋਗ ਪੂਰੀ ਸਮਰੱਥਾ ਨਾਲ ਚੱਲ ਸਕਦੇ ਹਨ, ਉਤਪਾਦਨ ਵਧ ਸਕਦਾ ਹੈ ਅਤੇ ਹਜ਼ਾਰਾਂ ਮਜ਼ਦੂਰਾਂ ਦਾ ਰੁਜ਼ਗਾਰ ਵੀ ਸੁਰੱਖਿਅਤ ਰਹੇਗਾ।
-ਬਾਕਸ-
-ਡੀਸੀਪੀ ਨਾਲ ਗੱਲਬਾਤ ਤੋਂ ਬਾਅਦ ਖੋਲਿ੍ਹਆ ਰਾਹ
ਡਾਇੰਗ ਕਾਰਖ਼ਾਨੇਦਾਰਾਂ ਵੱਲੋਂ ਅੱਜ ਦੁਪਹਿਰ ਲੁਧਿਆਣ ਦੀ ਚੰਡੀਗੜ੍ਹ ਸੜਕ ਨੂੰ ਜ਼ਾਮ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਦਿਹਾਤੀ ਗੁਰਸੇਵਕ ਸਿੰਘ ਬਰਾੜ ਪ੍ਰਦਰਸ਼ਨਕਾਰੀਆ ਨਾਲ ਗੱਲਬਾਤ ਕਰਨ ਦੇ ਲਈ ਪੁੱਜੇ। ਉਨ੍ਹਾਂ ਨੇ ਪ੍ਰਦਰਸ਼ਕਾਰੀਆਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪੁੱਜਦਾ ਕਰਨ ਦਾ ਭਰੌਸਾ ਦਿੱਤਾ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸੜਕ ਆਵਾਜਾਈ ਲਈ ਖੋਲ੍ਹ ਦਿੱਤੀ।
-ਬਾਕਸ-
-ਅਣ-ਐਲਾਨੇ ਕੱਟਾਂ ਖਿਲਾਫ਼ ਅਕਾਲੀਆਂ ਵੱਲੋਂ ਬਿਜਲੀ ਘਰ ਘੇਰਨ ਦਾ ਐਲਾਨ
45) ਅਕਾਲੀ ਦਲ ਦੀ ਮੀਟਿੰਗ ਦੌਰਾਨ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਤੇ ਹਲਕਾ ਇੰਚਾਰਜ।
ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ, ਜਗਬੀਰ ਸਿੰਘ ਸੋਖੀ, ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਆਰਡੀ ਸ਼ਰਮਾ, ਅਮਿਤ ਗੁਸਾਂਈਂ ਨੇ ਕਿਹਾ ਕਿ ਅਣ ਐਲਾਨੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਲੁਧਿਆਣਾ ਨਾਲ ਸੰਬੰਧਿਤ ਸਾਰੇ 6 ਵਿਧਾਨ ਸਭਾ ਹਲਕਿਆਂ ’ਚ 16 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਬਿਜਲੀ ਘਰਾਂ ਦੇ ਬਾਹਰ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਅਕਾਲੀ ਦਲ ਦੇ ਵਰਕਰਾਂ, ਸਨਅਤਕਾਰਾਂ, ਵਪਾਰੀਆਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਧਰਨਿਆਂ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ। ਸੂਬੇ ’ਚ ਸਨਅਤੀ ਖੇਤਰ ਦੇ ਨਾਲ-ਨਾਲ ਘਰੇਲੂ ਖਪਤਕਾਰਾਂ ਨੂੰ ਵੀ ਲਗਾਤਾਰ ਅਣ-ਐਲਾਨੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਆਮ ਲੋਕਾਂ, ਵਪਾਰੀਆਂ, ਸਨਅਤਕਾਰਾਂ ਤੇ ਛੋਟੇ ਕਾਰੋਬਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਲੋਕਾਂ ਨੂੰ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੰਘਰਸ਼ ਕਿਸੇ ਇੱਕ ਵਰਗ ਦਾ ਨਹੀਂ, ਸਗੋਂ ਪੰਜਾਬ ਦੇ ਹਰ ਉਸ ਨਾਗਰਿਕ ਦਾ ਹੈ ਜੋ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਸਰਕਾਰ ਵੱਲ ਵੇਖ ਰਿਹਾ ਹੈ। ਜੇਕਰ ਸਰਕਾਰ ਨੇ ਬਿਜਲੀ ਕੱਟਾਂ ਦੀ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਤਾਂ ਅਕਾਲੀ ਦਲ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।