- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਨ੍ਹੇਰੇ ’ਚ ਰੁਕਿਆਂ ਉਦਯੋਗ ਦਾ ਪਹੀਆ-ਬਿਜਲੀ ਦੀ ਘਾਟ ਹੋਣ ਕਰਕੇ ਰਾਤ ਸਮੇਂ ਐਮਐਸਐਮਈ ਕਾਰਖ਼ਾਨਿਆਂ ਵਾਲੇ ਫੀਡਰ ਕੀਤੇ ਬੰਦ

- ਮਹਾਨਗਰ ਦੇ ਡਾਇੰਗ ਤੇ ਪ੍ਰੋਸੈਸਿੰਗ ਉਦਯੋਗਾਂ ਦਾ ਉਤਪਾਦਨ ਬੁਰੀ ਤਰ੍ਹਾਂ ਨਾਲ ਹੋ ਰਿਹਾ ਪ੍ਰਭਾਵਿਤ
- ਵੱਧ ਬਿਜਲੀ ਵਰਤਣ ਵਾਲੇ ਫਰਨਸ ਕਾਰਖ਼ਾਨਿਆਂ ਦੀ ਬਿਜਲੀ ਸਪਲਾਈ ਵਿੱਚ ਨਹੀਂ ਕੀਤੀ ਕਟੌਤੀ
ਪੁਨੀਤ ਬਾਵਾ, ਪੰਜਾਬੀ ਜਾਗਰਣ
ਲੁਧਿਆਣਾ : ਪੰਜਾਬ ਰਾਜ ਬਿਜਲੀ ਨਿਗਮ ਦੇ ਦੋਗਲੇ ਫ਼ਰਮਾਨ ਨੇ ਪੰਜਾਬ ਦੇ ਐੱਮਐੱਸਐੱਮਈ ਕਾਰਖ਼ਾਨਿਆਂ ਨੂੰ ਰਾਤ ਸਮੇਂ ਬੰਦ ਰੱਖਣ ਲਈ ਮਜਬੂਰ ਕਰ ਦਿੱਤਾ ਹੈ। ਰਾਤ ਪੈਂਦਿਆਂ ਹੀ ਐੱਮਐੱਸਐੱਮਈ ਕਾਰਖ਼ਾਨਿਆਂ ਵਿੱਚ ਵੀ ਹਨ੍ਹੇਰਾ ਪਸਰ ਰਿਹਾ ਹੈ। ਕੈਟਾਗਰੀ-2 ਦੇ ਉਦਯੋਗਿਕ ਫੀਡਰਾਂ ਦੀ ਬਿਜਲੀ ਲਗਾਤਾਰ ਤੀਸਰੇ ਦਿਨ ਵੀ ਬੰਦ ਹੋਣ ਕਰ ਕੇ ਕਾਰਖ਼ਾਨੇਦਾਰ ਡਾਹਢੇ ਨਿਰਾਸ਼ ਹਨ ਅਤੇ ਉਹ ਬਿਜਲੀ ਨਿਗਮ ਤੇ ਸਰਕਾਰ ਨੂੰ ਜੰਮ ਕੇ ਕੋਸ ਰਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਰਾਜ ਬਿਜਲੀ ਨਿਗਮ ਨੇ 50 ਤੋਂ 100 ਕਿਲੋਵਾਟ ਬਿਜਲੀ ਕੁਨੈਕਸ਼ਨ ਵਾਲੇ ਕੈਟਾਗਰੀ-2 ਦੇ ਉਦਯੋਗਿਕ ਫੀਡਰਾਂ ਨੂੰ ਰਾਤ ਸਮੇਂ ਬੰਦ ਕਰ ਦਿੱਤਾ ਹੈ। ਜਦਕਿ ਫਰਨਸਾਂ ਤੇ ਹੋਰ ਵੱਡੀ ਖ਼ਪਤ ਵਾਲੇ ਕਾਰਖ਼ਾਨਿਆਂ ਨੂੰ ਬਿਜਲੀ ਸਪਲਾਈ ਕਰਨ ਵਾਲੇ ਕੈਟਾਗਰੀ-3 ਦੇ ਉਦਯੋਗਿਕ ਫੀਡਰਾਂ ਨੂੰ ਜਿਉਂ ਦਾ ਤਿਉਂ ਚਾਲੂ ਕਰਨ ਦਾ ਫ਼ਰਮਾਨ ਜਾਰੀ ਕੀਤਾ ਹੈ। ਵੱਡੇ ਅਤੇ ਛੋਟੇ ਕਾਰ਼ਖਾਨੇਦਾਰਾਂ ਨੂੰ ਆਪਸ ਵਿੱਚ ਵੰਡਣ ਦੀ ਨੀਤੀ ਕਰਕੇ ਕਾਰਖ਼ਾਨੇਦਾਰ ਮਾਯੂਸ ਹਨ। ਰਾਤ ਦੇ ਸਮੇਂ ਉਦਯੋਗਿਕ ਖੇਤਰਾਂ ਵਿੱਚ ਬਿਜਲੀ ਕੱਟਾਂ ਕਾਰਨ ਉਦਯੋਗਪਤੀਆਂ ਦੀਆਂ ਚਿੰਤਵਾਵਾਂ ਵਿੱਚ ਵਾਨਾ ਹੋ ਗਿਆ ਹੈ। ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਉਦਯੋਗਿਕ ਇਲਾਕਿਆਂ ਵਿੱਚ ਜਾਰੀ ਕੀਤੇ ਜਾ ਰਹੇ ਸੁਨੇਹਿਆਂ ਰਾਹੀਂ ਉਦਯੋਗਾਂ ਨੂੰ ਰਾਤ 9 ਵਜੇ ਤੋਂ ਸਵੇਰੇ 7 ਵਜੇ ਤੱਕ ਬਿਜਲੀ ਬੰਦ ਰੱਖਣ ਜਾਂ ਘੱਟ ਤੋਂ ਘੱਟ ਲੋਡ ਵਰਤਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਸੂਬਾ ਇਸ ਵੇਲੇ ਬਿਜਲੀ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦਾ ਸਭ ਤੋਂ ਵੱਧ ਅਸਰ ਉਦਯੋਗਾਂ ’ਤੇ ਪੈ ਰਿਹਾ ਹੈ। ਸੋਮਵਾਰ ਨੂੰ ਜਾਰੀ ਸੁਨੇਹੇ ਅਨੁਸਾਰ ਕੈਟਾਗਰੀ-2 ਦੇ ਉਦਯੋਗਿਕ ਫੀਡਰਾਂ ’ਤੇ ਰਾਤ 9 ਵਜੇ ਤੋਂ ਸਵੇਰੇ 7 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਤਹਿਤ 11 ਕੇਵੀ ਸਨਰਾਈਜ਼, ਯੋਗੀ ਡਾਇੰਗ, ਮੈਡੀਕੇਅਰ, ਫਾਈਨ ਫਿਨਿਸ਼, ਕੋਹਲੀ, ਬਾਲਾਜੀ, ਜਸਵਾਲ ਕੰਪਲੈਕਸ, ਸਹਿਯੋਗ ਡਾਇੰਗ, ਸੀਕੇ ਪ੍ਰੋਸੈਸਰ, ਰਾਮਾ ਕ੍ਰਿਸ਼ਨਾ, ਬੀਆਰ ਨਿਟਫਿਬ, ਸਰਲ ਡਾਇੰਗ, ਲਵਲੀ ਡਾਇੰਗ ਅਤੇ ਜੀਟੀਬੀ ਨਗਰ ਸਮੇਤ ਕਈ ਉਦਯੋਗਿਕ ਫੀਡਰ ਪ੍ਰਭਾਵਿਤ ਰਹਿਣਗੇ। ਪੰਜਾਬੀ ਵਿੱਚ ਜਾਰੀ ਇੱਕ ਹੋਰ ਸੁਨੇਹੇ ਵਿੱਚ ਉਦਯੋਗਾਂ ਨੂੰ ਰਾਤ ਦੇ ਸਮੇਂ ਸਿਰਫ਼ ਲਾਈਟਾਂ ਤੇ ਸੁਰੱਖਿਆ ਕੈਮਰੇ ਹੀ ਚਲਾਉਣ ਅਤੇ ਕਿਸੇ ਵੀ ਮਸ਼ੀਨ ਦਾ ਸੰਚਾਲਨ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਬਿਜਲੀ ਨਿਗਮ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਿਰਧਾਰਤ ਹੱਦ ਤੋਂ ਵੱਧ ਬਿਜਲੀ ਲੋਡ ਵਰਤਿਆ ਗਿਆ, ਤਾਂ ਸਬੰਧਿਤ ਫੀਡਰ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ।
- ਪੰਜਾਬ ਡਾਇਰਜ਼ ਐਸੋਸੀਏਸ਼ਨ ਵੱਲੋਂ ਬਿਜਲੀ ਨਿਗਮ ਦੇ ਰਵੱਈਏ ਦੀ ਨਿਖੇਧੀ
ਪੰਜਾਬ ਡਾਇਰਜ਼ ਐਸੋਸੀਏਸ਼ਨ ਦੇ ਸਕੱਤਰ ਬੌਬੀ ਜਿੰਦਲ ਅਤੇ ਐਸੋਸੀਏਸ਼ਨ ਦੇ ਡਾਇਰੈਕਟਰ ਕਮਲ ਚੌਹਾਨ ਨੇ ਕਿਹਾ ਕਿ ਬਿਜਲੀ ਨਿਗਮ ਵੱਲੋਂ ਜੋ ਵੱਡੇ ਬਿਜਲੀ ਕੁਨੈਸ਼ਨਾਂ ਵਾਲੀਆਂ ਫਰਨਸਾਂ ਨੂੰ ਰਾਤ ਸਮੇਂ ਚਾਲੂ ਰੱਖਣ ਦਾ ਐਲਾਨ ਕੀਤਾ ਹੈ ਅਤੇ ਛੋਟੇ ਬਿਜਲੀ ਕੁਨੈਕਸ਼ਨ ਵਾਲੇ ਐੱਮਐੱਸਐੱਮਈ ਕਾਰਖ਼ਾਨਿਆਂ ਨੂੰ ਰਾਤ ਸਮੇਂ ਬਿਜਲੀ ਦੀ ਵਰਤੋਂ ਨਾ ਕਰਨ ਦਾ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤਾ ਹੈ। ਇਸ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਨੇ ਕਾਰਖ਼ਾਨੇਦਾਰਾਂ ਨੂੰ ਆਪਸ ਵਿਚ ਵੰਡਣ ਦਾ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰਾਤ ਸਮੇਂ ਬਿਜਲੀ ਬੰਦ ਰੱਖਣ ਦੇ ਨਿਰਦੇਸ਼ ਮਿਲ ਰਹੇ ਹਨ, ਜਿਸ ਕਾਰਨ ਡਾਇੰਗ ਅਤੇ ਪ੍ਰੋਸੈਸਿੰਗ ਉਦਯੋਗਾਂ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਇਕਾਈਆਂ ਤਿੰਨ ਸ਼ਿਫਟਾਂ ਵਿੱਚ ਕੰਮ ਕਰਦੀਆਂ ਹਨ ਅਤੇ ਰਾਤ ਦੀ ਸ਼ਿਫਟ ਬੰਦ ਹੋਣ ਨਾਲ ਉਤਪਾਦਨ ਸਮਰੱਥਾ ਵਿੱਚ ਵੱਡੀ ਗਿਰਾਵਟ ਆ ਰਹੀ ਹੈ। ਇਸ ਦਾ ਸਿੱਧਾ ਅਸਰ ਸਮੇਂ ਸਿਰ ਆਰਡਰ ਪੂਰੇ ਕਰਨ ਅਤੇ ਨਿਰਯਾਤ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਦਯੋਗ ਪਹਿਲਾਂ ਹੀ ਕਈ ਚੁਣੌਤੀਆਂ ਨਾਲ ਜੂਝ ਰਹੇ ਹਨ। ਹੁਣ ਵਾਰ-ਵਾਰ ਲੱਗ ਰਹੇ ਬਿਜਲੀ ਕੱਟਾਂ ਨੇ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਕਰਮਚਾਰੀਆਂ ਦੀਆਂ ਸ਼ਿਫਟਾਂ ਬਦਲਣੀਆਂ ਪੈ ਰਹੀਆਂ ਹਨ, ਮਸ਼ੀਨਾਂ ਵਿਹਲੀਆਂ ਖੜ੍ਹੀਆਂ ਹਨ ਅਤੇ ਉਤਪਾਦਨ ਲਾਗਤ ਲਗਾਤਾਰ ਵਧ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਤੋਂ ਮੰਗ ਕੀਤੀ ਹੈ ਕਿ ਉਦਯੋਗਾਂ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਦੀ ਘਾਟ ਹੈ ਤਾਂ ਇਸ ਦਾ ਕੋਈ ਬਦਲਵਾਂ ਹੱਲ ਲੱਭਿਆ ਜਾਵੇ, ਕਿਉਂਕਿ ਪੰਜਾਬ ਦੀ ਉਦਯੋਗਿਕ ਅਰਥਵਿਵਸਥਾ ਦਾ ਵੱਡਾ ਹਿੱਸਾ ਲਗਾਤਾਰ ਉਤਪਾਦਨ ’ਤੇ ਨਿਰਭਰ ਕਰਦਾ ਹੈ। ਜੇਕਰ ਇਹ ਹਾਲਾਤ ਲੰਬੇ ਸਮੇਂ ਤੱਕ ਜਾਰੀ ਰਹੇ, ਤਾਂ ਇਸ ਦਾ ਅਸਰ ਰੁਜ਼ਗਾਰ, ਨਿਰਯਾਤ ਤੇ ਨਵੇਂ ਨਿਵੇਸ਼ ’ਤੇ ਵੀ ਪੈ ਸਕਦਾ ਹੈ।