ਆਰਮੀ ਵੱਲੋਂ ਆਰਡਰ ਰੱਦ ਕਰਨਾ ਪੰਜਾਬ ਲਈ ਨਾਮੋਸ਼ੀ ਵਾਲਾ ਸਮਾਂ : ਬੈਂਸ
ਇੰਡੀਅਨ ਆਰਮੀ ਵੱਲੋਂ ਆਰਡਰ ਰੱਦ ਕਰਨਾ ਪੰਜਾਬ ਲਈ ਨਾਮੋਸ਼ੀ ਵਾਲਾ ਸਮਾਂ-ਬੈਂਸ
Publish Date: Sun, 29 Mar 2026 08:20 PM (IST)
Updated Date: Mon, 30 Mar 2026 04:12 AM (IST)

ਕਿਹਾ- ਭ੍ਰਿਸ਼ਟ ਅਫ਼ਸਰਾਂ ਨੇ ਨਿੱਜੀ ਮੁਨਾਫ਼ੇ ਲਈ ਦੇਸ਼ ਦੇ ਜਵਾਨਾਂ ਨਾਲ ਕੀਤਾ ਧ੍ਰੋਹ ‘ਆਪ’ ਸਰਕਾਰ ਸਸਪੈਂਡ ਅਧਿਕਾਰੀਆਂ ਖਿਲਾਫ਼ ਫੌਜਦਾਰੀ ਮੁਕੱਦਮਾ ਦਰਜ ਕਰੇ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿੱਚ ਦੁੱਧ ਪਾਊਡਰ ਦੀ ਕੁਆਲਿਟੀ ਫੇਲ੍ਹ ਹੋਣ ਅਤੇ ਭਾਰਤੀ ਫ਼ੌਜ ਵੱਲੋਂ ਆਰਡਰ ਰੱਦ ਕੀਤੇ ਜਾਣ ਦੇ ਮਾਮਲੇ ਵਿੱਚ ਪੰਜਾਬ ਦੀ ਆਪ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਤੇ ਤਿੱਖਾ ਹਮਲਾ ਬੋਲਿਆ ਹੈ, ਜੋ ਪੰਜਾਬ ਲਈ ਨਮੋਸੀ ਵਾਲੀ ਗੱਲ ਹੈ। ਬੈਂਸ ਨੇ ਕਿਹਾ ਕਿ ਇਹ ਪੰਜਾਬ ਲਈ ਬਹੁਤ ਵੱਡੀ ਨਾਮੋਸ਼ੀ ਦੀ ਗੱਲ ਹੈ ਕਿ ਸਾਡੀ ਫ਼ੌਜ ਨੂੰ ਭੇਜੇ ਜਾਣ ਵਾਲੇ ਦੁੱਧ ਵਿੱਚ ਮਿਲਾਵਟ ਪਾਈ ਗਈ ਹੈ। ਬੈਂਸ ਨੇ ਯਾਦ ਕਰਵਾਇਆ ਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਵੇਰਕਾ ਮਿਲਕ ਪਲਾਂਟ ਵਿੱਚ ਵੱਡਾ ਸਟਿੰਗ ਆਪ੍ਰੇਸ਼ਨ ਕਰ ਕੇ ਦੁੱਧ ਵਿੱਚ ਹੋ ਰਹੀ ਹੇਰਾਫੇਰੀ ਤੇ ਮਿਲਾਵਟਖੋਰੀ ਨੂੰ ਰੰਗੇ ਹੱਥੀਂ ਫੜਿਆ ਸੀ। ਉਨ੍ਹਾਂ ਕਿਹਾ ਉਸ ਸਮੇਂ ਦੀ ਸਰਕਾਰ ਨੇ ਮੇਰੇ ਵੱਲੋਂ ਦਿੱਤੇ ਸਬੂਤਾਂ ਤੇ ਕਾਰਵਾਈ ਕਰਨ ਅਤੇ ਮਿਲਾਵਟਖੋਰਾਂ ਨੂੰ ਨੱਥ ਪਾਉਣ ਦੀ ਬਜਾਏ, ਉਲਟਾ ਸੱਚਾਈ ਸਾਹਮਣੇ ਲਿਆਉਣ ਬਦਲੇ ਮੇਰੇ ਤੇ ਹੀ ਪਰਚਾ ਦਰਜ ਕਰ ਦਿੱਤਾ ਸੀ। ਜੇਕਰ ਉਸ ਵੇਲੇ ਹੀ ਇਨ੍ਹਾਂ ਭ੍ਰਿਸ਼ਟ ਅਫਸਰਾਂ ਨੂੰ ਨੱਥ ਪਾਈ ਹੁੰਦੀ, ਤਾਂ ਅੱਜ ਵੇਰਕਾ ਵਰਗੀ ਭਰੋਸੇਯੋਗ ਸੰਸਥਾ ਦਾ ਇਹ ਹਾਲ ਨਾ ਹੁੰਦਾ। ਬੈਂਸ ਨੇ ਕਿਹਾ ਕਿ ਅੱਜ ਦੀ ਸਰਕਾਰ ਸਿਰਫ਼ ਜੀਐਮ ਅਤੇ ਹੋਰ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਮੌਜੂਦਾ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਇਨ੍ਹਾਂ ਅਦਾਰਿਆਂ ਦੀ ਚੈਕਿੰਗ ਕਿਉਂ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਿਰਫ਼ ਸਸਪੈਂਸ਼ਨ ਕਾਫੀ ਨਹੀਂ, ਸਗੋਂ ਲੋਕਾਂ ਦੀ ਸਿਹਤ ਅਤੇ ਫ਼ੌਜ ਦੇ ਜਵਾਨਾਂ ਨਾਲ ਖਿਲਵਾੜ ਕਰਨ ਦੇ ਜੁਰਮ ਵਿੱਚ ਇਨ੍ਹਾਂ ਅਧਿਕਾਰੀਆਂ ਤੇ ਧਾਰਾ 307 (ਕਤਲ ਦੀ ਕੋਸ਼ਿਸ਼) ਵਰਗੇ ਸਖ਼ਤ ਮੁਕੱਦਮੇ ਦਰਜ ਹੋਣੇ ਚਾਹੀਦੇ ਹਨ।ਬੈਂਸ ਨੇ ਕਿਹਾ ਕਿ ਵੇਰਕਾ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦੀ ਸੰਸਥਾ ਹੈ। ਇਸ ਦੀ ਕੁਆਲਿਟੀ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਦੋਸ਼ੀ ਅਫਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਅਤੇ ਇਸ ਪਿੱਛੇ ਬੈਠੇ ਸਿਆਸੀ ਸਰਪ੍ਰਸਤਾਂ ਦੇ ਨਾਂ ਨੰਗੇ ਨਾ ਕੀਤੇ ਗਏ, ਤਾਂ ਕਾਂਗਰਸ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਸੜਕਾਂ ਤੇ ਉਤਰੇਗੀ।