ਭਾਰਤ ਤਪਦਿਕ ਦੇ ਬੋਝ ’ਚ ਸੰਸਾਰ ’ਚ ਸਭ ਤੋਂ ਅੱਗੇ : ਡਾ. ਜਸਬੀਰ ਕੌਰ
ਭਾਰਤ ਤਪਦਿਕ ਦੇ ਬੋਝ ਵਿੱਚ ਸੰਸਾਰ ’ਚ ਸਭ ਤੋਂ ਅੱਗੇ-ਡਾ ਜਸਬੀਰ ਕੌਰ
Publish Date: Tue, 24 Mar 2026 07:44 PM (IST)
Updated Date: Wed, 25 Mar 2026 04:10 AM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਗੁਰੂ ਤੇਗ਼ ਬਹਾਦਰ ਸਾਹਿਬ ਚੈਰੀਟਬਲ ਹਸਪਤਾਲ ਵਿੱਚ ਤਪਦਿਕ ਤੋਂ ਬਚਾਅ ਸਬੰਧੀ ਇੱਕ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਰਸਿੰਗ ਕਾਲਜ ਦੀ ਨਿਰਦੇਸ਼ਕਾ ਡਾ. ਜਸਬੀਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਪਦਿਕ ਜਾਂ ਟੀਬੀ ਇੱਕ ਛੂਤ ਦੀ ਬਿਮਾਰੀ ਹੈ, ਜੋ ਆਮ ਤੌਰ ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਡਬਲਿਯੂਐੱਚਓ ਵੱਲੋਂ ਟੀਬੀ ਬਾਰੇ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਟੀਬੀ ਦੇ ਬੋਝ ’ਚ ਦੁਨੀਆ ’ਚ ਸਭ ਤੋਂ ਅੱਗੇ ਹੈ। ਉਨ੍ਹਾਂ ਅੱਗੇ ਕਿਹਾ ਕਿ ਮਨੁੱਖਾਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਸਾਈਟਾਂ ਫੇਫੜੇ ਹਨ, ਟੀਬੀ ਹੱਡੀਆਂ ’ਚ ਵੀ ਹੋ ਸਕਦੀ ਹੈ, ਖਾਸ ਕਰ ਕੇ ਰੀੜ੍ਹ ਦੀ ਹੱਡੀ ’ਚ ਤੇ ਲੰਬੀਆਂ ਹੱਡੀਆਂ ਦੇ ਸਿਰੇ ’ਤੇ ਹੋ ਸਕਦੀ ਹੈ। ਟੀਬੀ ਦੀਆਂ ਹੋਰ ਆਮ ਸਾਈਟਾਂ ’ਚ ਲਿੰਫ ਨੋਡਸ, ਦਿਮਾਗ ਅਤੇ ਗੁਰਦੇ ਸ਼ਾਮਲ ਹਨ। ਅਸਲ ਵਿੱਚ, ਕੋਈ ਵੀ ਅਜਿਹਾ ਅੰਗ ਨਹੀਂ ਹੈ ਜਿਸ ਨੂੰ ਟੀਬੀ ਦੁਆਰਾ ਛੂਹਿਆ ਨਹੀਂ ਜਾ ਸਕਦਾ। ਤਪਦਿਕ ਅੱਜ ਇੱਕ ਬਹੁਤ ਹੀ ਇਲਾਜਯੋਗ ਬਿਮਾਰੀ ਹੈ, ਜਿਸ ਨੂੰ ਬਿਹਤਰ ਜਾਗਰੂਕਤਾ ਦੀ ਲੋੜ ਹੈ। ਵਿਸ਼ਵ ਤਪਦਿਕ ਦਿਵਸ ਸਮਾਗਮ ਦੀ ਸ਼ੁਰੂਆਤ ਬੀਐੱਸਸੀ ਨਰਸਿੰਗ ਤੀਜੇ ਸਮੈਸਟਰ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਪੋਸਟਰਾਂ ਦੀ ਪ੍ਰਦਰਸ਼ਨੀ ਨਾਲ ਹੋਈ ਜਿਹਨਾਂ ਵਿੱਚ ਤਪਦਿਕ ਜਾਗਰੂਕਤਾ ਅਤੇ ਰੋਕਥਾਮ ਦੇ ਵੱਖ-ਵੱਖ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਤੋਂ ਬਾਅਦ ਡਾ. ਦਿਸ਼ਾਂਕ ਕਪੂਰ, ਵਾਈਸ ਪ੍ਰਿੰਸੀਪਲ ਅਮਨਦੀਪ ਕੌਰ ਅਤੇ ਪ੍ਰੋ. ਹਰਪ੍ਰੀਤ ਕੌਰ ਨੇ ਵਿਸ਼ਵ ਤਪਦਿਕ ਦਿਵਸ ਦੇ ਵਿਸ਼ੇ ਨੂੰ ਰਸਮੀ ਤੌਰ ਤੇ ਉਜਾਗਰ ਕੀਤਾ ਤੇ ਇਸ ਦੇ ਪ੍ਰਭਾਵ ਅਤੇ ਚੁਣੌਤੀਆਂ ਤੇ ਜ਼ੋਰ ਦਿੰਦੇ ਹੋਏ ਤਪਦਿਕ ’ਤੇ ਕੀਮਤੀ ਸੂਝਾਂ ਸਾਂਝੀਆਂ ਕੀਤੀਆਂ। ਪ੍ਰੋਫੈਸਰ ਹਰਪ੍ਰੀਤ ਕੌਰ ਦੁਆਰਾ ਟੀਬੀ ਦੀ ਜਾਣ-ਪਛਾਣ ਤੇ ਇੱਕ ਭਾਸ਼ਣ ਦਿੱਤਾ ਗਿਆ ਅਤੇ ਕਮਲਜੀਤ ਕੌਰ (ਸਹਾਇਕ ਪ੍ਰੋਫੈਸਰ) ਦੁਆਰਾ ਸਰੀਰ ਵਿੱਚ ਹੋਣ ਵਾਲੇ ਬਦਲਾਵਾਂ ਦਾ ਅਧਿਐਨ, ਚਿੰਨ੍ਹ ਅਤੇ ਲੱਛਣ, ਪੂਜਾ ਸਿਨ੍ਹਾ (ਨਰਸਿੰਗ ਟਿਊਟਰ) ਵੱਲੋਂ ਤਪਦਿਕ ਦੇ ਟੈਸਟਾਂ ਤੇ ਪ੍ਰਬੰਧਨ ਅਤੇ ਮਿਸ ਕਿਰਨ ਨਈਅਰ (ਨਰਸਿੰਗ ਟਿਊਟਰ) ਵੱਲੋਂ ਇਸ ਦੀ ਰੋਕਥਾਮ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਅਭਿਸ਼ੇਕ ਮਸੀਹ (ਨਰਸਿੰਗ ਟਿਊਟਰ) ਵੱਲੋਂ ਰਾਸ਼ਟਰੀ ਟੀਬੀ ਕੰਟਰੋਲ ਪ੍ਰੋਗਰਾਮ ਤੇ ਵੀ ਵਿਸਥਾਰ ’ਚ ਚਰਚਾ ਕੀਤੀ ਗਈ, ਜਿਸ ’ਚ ਟੀਬੀ ਨਾਲ ਲੜਨ ਲਈ ਸਰਕਾਰੀ ਪਹਿਲਕਦਮੀਆਂ ਤੇ ਰਣਨੀਤੀਆਂ ਦੀ ਰੂਪ-ਰੇਖਾ ਦਿੱਤੀ ਗਈ। ਇਸ ਤੋਂ ਇਲਾਵਾ ਬੀਐਸਸੀ ਨਰਸਿੰਗ ਤੀਜੇ ਤੇ ਸੱਤਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਟੀਬੀ ’ਤੇ ਰੋਲ ਪਲੇ ਕੀਤਾ, ਜਿਸ ’ਚ ਇਸ ਦੇ ਲੱਛਣਾਂ, ਸੰਚਾਰ, ਰੋਕਥਾਮ ਤੇ ਪ੍ਰਬੰਧਨ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਸਪਤਾਲ ਤੇ ਨਰਸਿੰਗ ਇੰਸਟੀਚਿਊਟ ਦੀ ਸੁਸਾਇਟੀ ਦੇ ਪ੍ਰਧਾਨ ਅਮਰਦੀਪ ਸਿੰਘ ਬਖ਼ਸ਼ੀ ਵੱਲੋਂ ਸਮਾਗਮ ਦੀ ਸਫਲਤਾ ਲਈ ਆਪਣੀਆਂ ਸ਼ੁੱਭ ਇੱਛਾਵਾਂ ਪ੍ਰਗਟ ਕੀਤੀਆਂ ਗਈਆਂ ਤੇ ਇੰਸਟੀਚਿਊਟ ਦੇ ਡਾਇਰੈਕਟਰ ਡਾ. ਜਸਬੀਰ ਕੌਰ ਵੱਲੋਂ ਪ੍ਰੋਗਰਾਮਮ ਨੂੰ ਸਫਲ ਬਣਾਉਣ ਲਈ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ।