ਆਕਸਫੋਰਡ ਸੀਨੀਅਰ ਸਕੂਲ ਦੇ ਵਿਹੜੇ ਆਜ਼ਾਦੀ ਦਿਵਸ ਦੀਆਂ ਰੌਣਕਾਂ ਆਕਸਫੋਰਡ ਸੀਨੀਅਰ ਸਕੂਲ ਦੇ ਵਿਹੜੇ ਆਜ਼ਾਦੀ ਦਿਵਸ ਦੀਆਂ ਰੌਣਕਾਂ
Publish Date: Tue, 18 Aug 2026 06:58 PM (IST)
Updated Date: Wed, 19 Aug 2026 04:03 AM (IST)
ਪੱਕਤਰ ਪ੍ਰੇਰਕ, ਪੰਜਾਬੀ ਜਾਗਰਣ, ਪਾਇਲ : ਸਾਡੇ ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਸ਼ਹਾਦਤਾਂ ਵਾਲੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਆਕਸਫੋਰਡ ਸੀਨੀਅਰ ਸਕੂਲ, ਪਾਇਲ ਵਿਖੇ ਦੇਸ਼ ਭਗਤੀ ਦੇ ਜੋਸ਼, ਉਤਸ਼ਾਹ ਅਤੇ ਮਾਣ ਨਾਲ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੇ ਕਪੂਰ ਅਤੇ ਡੀਨ ਅਕਾਦਮਿਕ ਅਸ਼ੋਕ ਗੁਪਤਾ ਦੇ ਨਿੱਘੇ ਸਵਾਗਤ ਨਾਲ ਹੋਈ। ਇਸ ਉਪਰੰਤ ਸੰਗੀਤ ਵਿਭਾਗ ਵੱਲੋਂ ਦੇਸ਼ ਭਗਤੀ ਦਾ ਗੀਤ, ਨਿਊ ਜਰਸੀ ਹਾਊਸ ਦੇ ਵਿਦਿਆਰਥੀ ਵੱਲੋਂ ਪੰਜਾਬੀ ਕਵਿਤਾ ਅਤੇ ਗ੍ਰੇਡ-1 ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਨ੍ਰਿਤ ਪੇਸ਼ ਕੀਤਾ ਗਿਆ। ਕਿੰਡਰਗਾਰਟਨ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਆਪਣੇ ਭਾਸ਼ਣ ਰਾਹੀਂ ਦੇਸ਼ ਪ੍ਰਤੀ ਪਿਆਰ ਦਾ ਸੰਦੇਸ਼ ਦਿੱਤਾ। ਮਨਚੈਸਟਰ ਹਾਊਸ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੀਵਨ ਦੀ ਝਲਕ ਦਰਸਾਉਂਦਾ ਪ੍ਰਭਾਵਸ਼ਾਲੀ ਐਕਟ ਪੇਸ਼ ਕੀਤਾ ਗਿਆ। ਲਿਵਰਪੂਲ ਹਾਊਸ ਦੇ ਵਿਦਿਆਰਥੀ ਨੇ ਆਜ਼ਾਦੀ ਘੁਲਾਟੀਆਂ ਦੀ ਬਹਾਦਰੀ ਅਤੇ ਕੁਰਬਾਨੀਆਂ ਨੂੰ ਦਰਸਾਉਂਦੀ ਹਿੰਦੀ ਕਵਿਤਾ ਪੇਸ਼ ਕੀਤੀ, ਜਦਕਿ ਗ੍ਰੇਡ-2 ਦੇ ਵਿਦਿਆਰਥੀਆਂ ਵੱਲੋਂ ਵੀ ਸੁੰਦਰ ਕਵਿਤਾ ਪੇਸ਼ ਕੀਤੀ ਗਈ। ਡਾਂਸ ਵਿਭਾਗ ਵੱਲੋਂ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦੀ ਸ਼ਾਨਦਾਰ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। 15 ਅਗਸਤ ਨੂੰ ਵਿਸ਼ੇਸ਼ ਝੰਡਾ ਲਹਿਰਾਉਣ ਸਮਾਗਮ 15 ਅਗਸਤ ਦੇ ਦਿਨ ਸਕੂਲ ਵਿਖੇ ਰਾਸ਼ਟਰੀ ਝੰਡਾ ਪੂਰੇ ਸਤਿਕਾਰ, ਅਨੁਸ਼ਾਸਨ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਲਹਿਰਾਇਆ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਰਾਸ਼ਟਰ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ। ਆਕਸਫੋਰਡ ਸੀਨੀਅਰ ਸਕੂਲ ਦਾ ਇਹ ਆਜ਼ਾਦੀ ਦਿਵਸ ਸਮਾਗਮ ਦੇਸ਼ ਭਗਤੀ, ਅਨੁਸ਼ਾਸਨ, ਖੇਡ ਪ੍ਰਤਿਭਾ, ਸੱਭਿਆਚਾਰ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਰਿਹਾ। ਇਸ ਜਸ਼ਨ ਨੇ ਵਿਦਿਆਰਥੀਆਂ ਦੇ ਮਨਾਂ ਵਿੱਚ ਦੇਸ਼ ਪ੍ਰਤੀ ਪਿਆਰ, ਮਾਣ ਅਤੇ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਇਹ ਆਜ਼ਾਦੀ ਦਿਵਸ ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਡੂੰਘੀ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਦਾ ਪ੍ਰਤੀਕ ਬਣਿਆ।