- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਠਵੇਂ ਦਿਨ ਵੀ ਪੱਕਾ ਧਰਨਾ ਜਾਰੀ, 12-13 ਸਤੰਬਰ ਨੂੰ ਮੰਤਰੀਆਂ ਦੇ ਘਿਰਾਓ ਦਾ ਐਲਾਨ

-ਕਿਹਾ, ਏਕਤਾ ਕਾਇਮ ਰੱਖਣ ਲਈ 12-13 ਸਤੰਬਰ ਨੂੰ ਕਰਾਂਗੇ ਮੰਤਰੀਆਂ ਦਾ ਘਿਰਾਓ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਇਆ ਗਿਆ ਪੱਕਾ ਧਰਨਾ ਅੱਜ ਅੱਠਵੇਂ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਨਜੀਤ ਸਿੰਘ ਬੁਢੇਲ ਅਤੇ ਜਸਵੀਰ ਸਿੰਘ ਖਟੜਾ ਨੇ ਕਿਹਾ ਕਿ ਸੂਬਾ ਜਥੇਬੰਦੀ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ 12 ਤੇ 13 ਸਤੰਬਰ ਨੂੰ ਮੰਤਰੀਆਂ ਦੇ ਘਿਰਾਓ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 9 ਸਤੰਬਰ ਨੂੰ ਅਵਤਾਰ ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿਖੇ ਸਥਿਤ ਯਾਦਗਾਰ ’ਤੇ ਕਥਿਤ ਤੌਰ ’ਤੇ ਧੱਕੇ ਨਾਲ ਕਬਜ਼ਾ ਕਰਨ ਦੇ ਵਿਰੋਧ ਵਿੱਚ ਵੀ ਜ਼ੋਰਦਾਰ ਰੂਪ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਅੱਜ ਦੇ ਧਰਨੇ ਨੂੰ ਜਥੇਬੰਦੀ ਵੱਲੋਂ ਦੇਸ਼ ਭਰ ਦੇ ਕਿਸਾਨਾਂ ਦੀ ਏਕਤਾ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਕਿਸਾਨਾਂ ਦੀ ਏਕਤਾ ਨੂੰ ਕਾਇਮ ਰੱਖਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਟੁੱਟਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਚੰਡੀਗੜ੍ਹ ਵਿਖੇ ਮੋਰਚਾ ਚੱਲ ਰਿਹਾ ਹੈ, ਜਿਸ ਵਿੱਚ ਧਾਰਾ 78, 79 ਅਤੇ 80 ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਧਾਰਾ 78 ਕੇਂਦਰ ਸਰਕਾਰ ਨੂੰ ਬੰਧੇਜ ਕਰਦੀ ਹੈ, ਜਦਕਿ ਪਾਣੀਆਂ ਸਬੰਧੀ ਪਹਿਲਾਂ ਲਏ ਗਏ ਫ਼ੈਸਲੇ ਧਾਰਾ 78 ਦੀ ਘੋਰ ਉਲੰਘਣਾ ਕਰਕੇ ਕੀਤੇ ਗਏ ਹਨ।
ਘੁਡਾਣੀ ਨੇ ਕਿਹਾ ਕਿ ਪਾਣੀਆਂ ਸਮੇਤ ਕਿਸਾਨਾਂ ਦੇ ਸਾਂਝੇ ਮਸਲਿਆਂ ਨੂੰ ਲੈ ਕੇ ਸੂਬਿਆਂ ਦੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਂਝੀ ਲੜਾਈ ਹੈ ਅਤੇ ਇਸ ਨੂੰ ਸਾਂਝੇ ਤੌਰ ’ਤੇ ਹੀ ਲੜਿਆ ਜਾਣਾ ਚਾਹੀਦਾ ਹੈ, ਨਾ ਕਿ ਸੂਬਿਆਂ ਵਿਚਕਾਰ ਆਪਸੀ ਕਲੇਸ਼ ਪੈਦਾ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜਥੇਬੰਦੀ ਦੇਸ਼ ਦੇ ਕਿਸਾਨਾਂ ਦੀ ਏਕਤਾ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਕਰੇਗੀ। ਧਰਨੇ ਦੌਰਾਨ ਤੀਰਥ ਸਿੰਘ ਤਲਵੰਡੀ, ਲਵਲੀ ਮਾਜਰੀ, ਮਨਜੀਤ ਕੌਰ ਅਤੇ ਰਾਮ ਸਿੰਘ ਹਠੂਰ ਨੇ ਇਨਕਲਾਬੀ ਗੀਤ ਪੇਸ਼ ਕਰਕੇ ਧਰਨਾਕਾਰੀਆਂ ਵਿੱਚ ਜੋਸ਼ ਭਰਿਆ। ਇਸ ਦੌਰਾਨ ਕਿਸਾਨ ਆਗੂਆਂ ਨੇ ਆਪਣੇ ਹੱਕਾਂ ਅਤੇ ਸਾਂਝੇ ਕਿਸਾਨ ਸੰਘਰਸ਼ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।