ਲੁਧਿਆਣਾ-ਦਿੱਲੀ ਹਾਈਵੇ 'ਤੇ ਵਾਰਦਾਤ, 3 ਅਣਪਛਾਤੇ ਬਦਮਾਸ਼ਾਂ ਨੇ ਘੇਰ ਕੇ ਲੁੱਟਿਆ ਹੌਂਡਾ ਮੋਟਰਸਾਈਕਲ
ਜਾਣਕਾਰੀ ਅਨੁਸਾਰ ਮੋਤੀ ਨਗਰ ਥਾਣੇ ਵਿੱਚ ਦਰਜ ਮੁਕੱਦਮੇ ਮੁਤਾਬਕ 36 ਸਾਲਾ ਸੁਭਾਸ਼ ਸਿੰਘ ਵਾਸੀ ਗਿਆਸਪੁਰਾ ਪੇਪਰ ਫੈਕਟਰੀ ਵਿੱਚ ਮਾਰਕੀਟਿੰਗ ਦਾ ਕੰਮ ਕਰਦਾ ਹੈ। ਉਸ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਬੀਤੇ ਦਿਨੀ ਰਾਤ ਕਰੀਬ 10 ਵਜੇ ਉਹ ਇਕ ਮਜ਼ਦੂਰ ਨੂੰ ਘਰ ਛੱਡਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਿਹਾ ਸੀ
Publish Date: Sun, 23 Aug 2026 01:42 PM (IST)
Updated Date: Sun, 23 Aug 2026 01:48 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ-ਦਿੱਲੀ ਹਾਈਵੇ ’ਤੇ ਮੋਤੀ ਨਗਰ ਪੁਲ ਦੇ ਉੱਪਰ ਰਾਤ ਸਮੇਂ ਤਿੰਨ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਇਕ ਨੌਜਵਾਨ ਨੂੰ ਘੇਰ ਕੇ ਕੀਮਤੀ ਹੌਂਡਾ ਮੋਟਰਸਾਈਕਲ ਲੁੱਟ ਲਿਆ। ਸ਼ਿਕਾਇਤਕਰਤਾ ਮੁਤਾਬਕ ਬਦਮਾਸ਼ਾਂ ਨੇ ਉਸ ਦੀ ਕਮਰ ਨਾਲ ਪਿਸਤੌਲਨੁਮਾ ਵਸਤੂ ਲਗਾ ਕੇ ਉਸ ਨੂੰ ਡਰਾ ਦਿੱਤਾ, ਜਿਸ ਕਾਰਨ ਉਹ ਘਬਰਾ ਕੇ ਆਪਣਾ ਮੋਟਰਸਾਈਕਲ ਛੱਡ ਕੇ ਹੇਠਾਂ ਉਤਰ ਗਿਆ ਬਾਅਦ ਵਿੱਚ ਮੁਲਜ਼ਮ ਮੋਟਰਸਾਈਕਲ ਅਤੇ ਉਸ ਦੇ ਮੋਢੇ ’ਤੇ ਪਾਇਆ ਬੈਗ ਲੈ ਕੇ ਫਰਾਰ ਹੋ ਗਏ। ਹਾਲਾਂਕਿ ਐਫਆਈਆਰ ਵਿੱਚ ਪਿਸਤੌਲ ਜਾਂ ਕਿਸੇ ਹਥਿਆਰ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲਾ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ਖੋਹਣ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਮੋਤੀ ਨਗਰ ਥਾਣੇ ਵਿੱਚ ਦਰਜ ਮੁਕੱਦਮੇ ਮੁਤਾਬਕ 36 ਸਾਲਾ ਸੁਭਾਸ਼ ਸਿੰਘ ਵਾਸੀ ਗਿਆਸਪੁਰਾ ਪੇਪਰ ਫੈਕਟਰੀ ਵਿੱਚ ਮਾਰਕੀਟਿੰਗ ਦਾ ਕੰਮ ਕਰਦਾ ਹੈ। ਉਸ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਬੀਤੇ ਦਿਨੀ ਰਾਤ ਕਰੀਬ 10 ਵਜੇ ਉਹ ਇਕ ਮਜ਼ਦੂਰ ਨੂੰ ਘਰ ਛੱਡਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਿਹਾ ਸੀ। ਜਦੋਂ ਉਹ ਮੋਤੀ ਨਗਰ ਪੁਲ ਦੇ ਉੱਪਰ ਪੁੱਜਿਆ ਤਾਂ ਮੋਟਰਸਾਈਕਲਾਂ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ।
ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ ਆਪਣਾ ਮੋਟਰਸਾਈਕਲ ਉਸ ਦੇ ਮੋਟਰਸਾਈਕਲ ਦੇ ਨਾਲ ਲਾ ਦਿੱਤਾ ਅਤੇ ਉਸ ਦੀ ਕਮਰ ਨਾਲ ਪਿਸਤੌਲਨੁਮਾ ਵਸਤੂ ਲਗਾ ਦਿੱਤੀ। ਅਚਾਨਕ ਵਾਪਰੀ ਇਸ ਘਟਨਾ ਤੋਂ ਉਹ ਇੰਨਾ ਘਬਰਾ ਗਿਆ ਕਿ ਉਸ ਨੇ ਚੱਲਦਾ ਮੋਟਰਸਾਈਕਲ ਛੱਡ ਦਿੱਤਾ ਅਤੇ ਮੋਟਰਸਾਈਕਲ ਉਹਨਾਂ ਦੇ ਉੱਪਰ ਸੁੱਟ ਕੇ ਹੇਠਾਂ ਉਤਰ ਗਿਆ। ਇਸ ਤੋਂ ਬਾਅਦ ਤਿੰਨੇ ਬਦਮਾਸ਼ ਉਸ ਦਾ ਕੀਮਤੀ ਹੌਂਡਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਸ਼ਿਕਾਇਤਕਰਤਾ ਨੇ ਇਹ ਵੀ ਦੱਸਿਆ ਕਿ ਉਸ ਦੇ ਮੋਢੇ ’ਤੇ ਪਾਇਆ ਬੈਗ ਵੀ ਮੁਲਜ਼ਮ ਲੈ ਗਏ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਵਾਰਦਾਤ ਨੂੰ ਦੋ ਹਫ਼ਤਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਇਸ ਮਾਮਲੇ ਵਿੱਚ ਮੋਤੀ ਨਗਰ ਥਾਣੇ ਦੀ ਪੁਲਿਸ ਨੇ 22 ਅਗਸਤ ਨੂੰ ਮੁਕੱਦਮਾਦਰਜ ਕੀਤਾ ਹੈ। ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 304 ਅਤੇ 3(5) ਬੀਐਨਐਸ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਿਲਹਾਲ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਵਾਰਦਾਤ ਨਾਲ ਜੁੜੇ ਤੱਥਾਂ ਦੀ ਜਾਂਚ ਕਰਦਿਆਂ ਮੁਲਜ਼ਮਾਂ ਤੱਕ ਪਹੁੰਚਣ ਦੇ ਯਤਨ ਕੀਤੇ ਜਾ ਰਹੇ ਹਨ।
ਕਿਸੇ ਨੇ ਨਹੀਂ ਕੀਤੀ ਮਦਦ ਸੁਭਾਸ਼ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰ ਨੂੰ ਛੱਡ ਕੇ ਜਿਵੇਂ ਹੀ ਮੋਤੀ ਨਗਰ ਪੁੱਲ ਦੇ ਉੱਪਰ ਪਹੁੰਚਿਆ ਤਾਂ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੱਛੋਂ ਆਏ ਤਿੰਨ ਨੌਜਵਾਨਾਂ ਨੇ ਉਸਦੇ ਬਰਾਬਰ ਮੋਟਰਸਾਈਕਲ ਲਗਾ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਮੋਟਰਸਾਈਕਲ ਲੈ ਕੇ ਦਿੱਲੀ ਰੋਡ ਵੱਲ ਫਰਾਰ ਹੋ ਗਏ। ਸੁਭਾਸ਼ ਦੇ ਮੁਤਾਬਿਕ ਉਸਨੇ ਬਦਮਾਸ਼ਾਂ ਦਾ ਪਿੱਛਾ ਕਰਨ ਲਈ ਕਈ ਰਾਹਗੀਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਸ ਮਦਦ ਨਹੀਂ ਕੀਤੀ। ਸੁਭਾਸ਼ ਨੇ ਦੱਸਿਆ ਕਿ ਉਸ ਦੇ ਮੋਟਰਸਾਈਕਲ ਵਿੱਚ ਪੈਟਰੋਲ ਬਹੁਤ ਘੱਟ ਸੀ ਅਤੇ ਜੇਕਰ ਕੋਈ ਉਸਦਾ ਸਾਥ ਦਿੰਦਾ ਤਾਂ ਬਦਮਾਸ਼ਾਂ ਨੂੰ ਕੁਝ ਦੂਰੀ ਤੇ ਹੀ ਰੋਕਿਆ ਜਾ ਸਕਦਾ ਸੀ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਉਧਰੋਂ ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਕੇਸ ਦੀ ਡੁੰਗਾਈ ਨਾਲ ਪੜਤਾਲ ਕਰ ਰਹੀ ਹੈ। ਜਿਹੜੀ ਥਾਂ ਤੇ ਵਾਰਦਾਤ ਹੋਈ ਉੱਥੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਸਨ। ਪੁਲਿਸ ਨੌਜਵਾਨ ਵੱਲੋਂ ਪਿਸਤੌਲ ਨੁਮਾ ਵਸਤੂ ਦੀ ਦਿੱਤੀ ਗਈ ਜਾਣਕਾਰੀ ਦੇ ਐਂਗਲ ਦੀ ਵੀ ਪੜਤਾਲ ਕਰ ਰਹੀ ਹੈ ਪਰ ਹਾਲ ਦੀ ਘੜੀ ਪੁਲਿਸ ਨੇ ਐਫਆਈਆਰ ਵਿੱਚ ਅਸਲਾ ਐਕਟ ਦੀਆਂ ਧਾਰਾ ਨਹੀਂ ਲਗਾਈਆਂ ਹਨ।