- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਿੱਦੜਵਿੰਡੀ ’ਚ ਬਿਜਲੀ ਮੰਤਰੀ ਵੱਲੋਂ ਸਾਢੇ 5 ਕਰੋੜੀ ਗਰਿੱਡ ਦਾ ਉਦਘਾਟਨ

ਸੰਜੀਵ ਗੁਪਤਾ, ਪੰਜਾਬੀ ਜਾਗਰਣ
ਜਗਰਾਓਂ : ਬੇਟ ਇਲਾਕੇ ਦੇ ਪਿੰਡ ਗਿੱਦੜਵਿੰਡੀ ’ਚ ਸੂਬੇ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਨਵੇਂ 66 ਕੇਵੀ ਗਰਿੱਡ ਸਬ ਸਟੇਸ਼ਨ ਦਾ ਉਦਘਾਟਨ ਕੀਤਾ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਰੱਖੇ ਗਏ ਇਸ ਸਮਾਗਮ ਵਿਚ ਪਾਵਰਕਾਮ ਦੇ ਸੀਐੱਮਡੀ ਡਾ. ਬਸੰਤ ਗਰਗ ਅਤੇ ਸੀਨੀਅਰ ਅਧਿਕਾਰੀ ਵੀ ਪਹੁੰਚੇ ਸਨ। ਇਸ ਮੌਕੇ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਇਕੱਲੇ ਗਿੱਦੜਵਿੰਡੀ ’ਚ ਨਹੀਂ, ਪੰਜਾਬ ਭਰ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬੇਹਤਰ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਬਹੁਕਰੋੜੀ ਨਵੇਂ ਗਰਿੱਡ ਸਬ ਸਟੇਸ਼ਨ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣਾ ਹੈ। ਜਿਸ ਦੇ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਗਿੱਦੜਵਿੰਡੀ ’ਚ 5 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਜਿਸ ਸਦਕਾ ਗਿੱਦੜਵਿੰਡੀ ਹੀ ਨਹੀਂ ਲੋਧੀਵਾਲ, ਤਿਹਾੜਾ, ਸ਼ੇਰੇਵਾਲ, ਸੋਧੀਵਾਲ, ਮਲਸੀਆਂ ਬਾਜਾਂ, ਕੱਨੀਆਂ, ਰਸੂਲਪੁਰ ਜਾਂਡੀ, ਤਰਫ਼ ਕੋਟਲੀ ਅਤੇ ਅਬੂਪੁਰਾ ਸਮੇਤ 10 ਪਿੰਡਾਂ ਦੇ ਹਜ਼ਾਰਾਂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।
ਉਨ੍ਹਾਂ ਇਸ ਸਬ ਸਟੇਸ਼ਨ ਲਈ ਪਿੰਡ ਵਾਸੀਆਂ ਵੱਲੋਂ ਕੁੱਲ 1 ਏਕੜ 2 ਕਨਾਲ ਜ਼ਮੀਨ ਦੇਣ ’ਤੇ ਪਿੰਡ ਵਾਸੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਇਸ ਨੂੰ ਲੋਕ ਹਿੱਤ ਦੀ ਸ਼ਾਨਦਾਰ ਮਿਸਾਲ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ 6.30 ਕਿਲੋਮੀਟਰ ਲੰਬੀ 66 ਕੇ.ਵੀ. ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ, ਜਿਸ ਲਈ 29 ਟਾਵਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਟਰਾਂਸਮਿਸ਼ਨ ਲਾਈਨ ਅਤੇ 66 ਕੇਵੀ ਲਾਈਨ ਬੇਅ ‘ਤੇ ਕੁੱਲ 2 ਕਰੋੜ 52 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਬ ਸਟੇਸ਼ਨ, ਜਿਸ ਵਿੱਚ 12.5 ਐੱਮਵੀਏ ਸਮਰੱਥਾ ਵਾਲਾ ਪਾਵਰ ਟਰਾਂਸਫਾਰਮਰ ਅਤੇ 7 ਆਊਟਗੋਇੰਗ 11 ਕੇਵੀ ਫੀਡਰ ਸ਼ਾਮਲ ਹਨ, ’ਤੇ 1 ਕਰੋੜ 78 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਤੋਂ ਇਲਾਵਾ ਸਬ ਸਟੇਸ਼ਨ ਇਮਾਰਤ ਸਮੇਤ ਸਿਵਲ ਕੰਮਾਂ ’ਤੇ 1 ਕਰੋੜ 30 ਲੱਖ ਰੁਪਏ ਖਰਚ ਕੀਤੇ ਗਏ ਹਨ। ਵਿਧਾਨ ਸਭਾ ਹਲਕਾ ਜਗਰਾਓਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੇ ਪਿੰਡ ਗਿੱਦੜਪਿੰਡੀ ਵਿਖੇ 66 ਕੇਵੀ ਗਰਿੱਡ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਉਨ੍ਹਾਂ ਦੇ ਹਲਕੇ ਦੇ ਜਿੰਨੇ ਵੀ ਕੰਮ ਸਨ, ਉਹ ਸਾਰੇ ਮਨਜ਼ੂਰ ਕੀਤੇ ਹਨ।