ਵਿਰੋਧੀ ਪਾਰਟੀਆਂ ਦੇ ਨੌਜਵਾਨਾਂ ਨੇ ਬੈਂਸ ਦੀ ਅਗਵਾਈ ’ਚ ਕਾਂਗਰਸ ਨਾਲ ਮਿਲਾਇਆ ਹੱਥ ਹਲਕਾ ਆਤਮ ਨਗਰ 'ਚ ਵਿਰੋਧੀ ਪਾਰਟੀਆਂ ਦੇ ਨੌਜਵਾਨਾਂ ਨੇ ਬੈਂਸ ਦੀ ਅਗਵਾਈ ’ਚ ਕਾਂਗਰਸ ਨਾਲ ਹੱਥ ਮਿਲਾਇਆ
Publish Date: Sat, 01 Aug 2026 07:05 PM (IST)
Updated Date: Sat, 01 Aug 2026 07:07 PM (IST)
ਨੌਜਵਾਨ ਹੁਣ ਝੂਠੇ ਦਅਵਿਆਂ ਤੇ ਲਾਅਰੇ ਲਾਉਣ ਵਾਲਿਆਂ ਦੀ ਅਸਲੀਅਤ ਸਮਝ ਚੁੱਕੇ ਨੇ : ਬੈਂਸ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਵਿਧਾਨ ਸਭਾ ਹਲਕਾ ਆਤਮ ਨਗਰ ਦੇ ਨੌਜਵਾਨ ਹੁਣ ਝੂਠੇ ਦਅਵਿਆਂ ਅਤੇ ਲਾਅਰੇ ਲਾਉਣ ਵਾਲਿਆਂ ਦੀ ਅਸਲੀਅਤ ਸਮਝ ਚੁੱਕੇ ਹਨ। ਇਸੇ ਕਰਕੇ ਅੱਜ ਦਰਜਨਾਂ ਨੌਜਵਾਨਾਂ ਨੇ ਕਾਂਗਰਸ ਪਾਰਟੀ ਦੀ ਸੋਚ ਤੇ ਮੇਰੇ ਉੱਤੇ ਜੋ ਅਟੁੱਟ ਭਰੋਸਾ ਪ੍ਰਗਟਾਇਆ ਹੈ, ਮੈਂ ਉਸ ਲਈ ਸਾਰੇ ਨੌਜਵਾਨ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਵਿਰੋਧੀ ਪਾਰਟੀਆਂ ਦੇ ਨੌਜਵਾਨਾਂ ਨੂੰ ਕਾਂਗਰਸ ਵਿੱਚ ਜੀ ਆਇਆਂ ਨੂੰ ਕਰਦਿਆਂ ਅਤੇ ਸਿਰੋਪਾਓ ਬਖਸ਼ ਕੇ ਸਨਮਾਨਿਤ ਕਰਦਿਆਂ ਕੀਤਾ। ਬੈਂਸ ਨੇ ਕਿਹਾ ਕਿ ਹਲਕਾ ਆਤਮ ਨਗਰ ਵਿੱਚ ਕਾਂਗਰਸ ਪਾਰਟੀ ਦਾ ਅਧਾਰ ਦਿਨ-ਬ-ਦਿਨ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਇਲਾਕੇ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਜਜ਼ਬੇ ਤੋਂ ਪ੍ਰਭਾਵਿਤ ਹੋ ਕੇ ਅੱਜ ਦਰਜਨਾਂ ਨੌਜਵਾਨ ਸਾਡੇ ਕਾਫ਼ਲੇ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਡਮ ਡਿੰਪਲ ਵਾਸਨ (ਮਨੁੱਖੀ ਅਧਿਕਾਰ ਸੰਗਠਨ) ਦਾ ਵਿਸ਼ੇਸ਼ ਧੰਨਵਾਦ ਹੈ, ਜਿਨ੍ਹਾਂ ਦੇ ਅਣਥੱਕ ਯਤਨਾਂ ਤੇ ਸਮਾਜ ਸੇਵੀ ਸੋਚ ਦੀ ਬਦੌਲਤ ਨੌਜਵਾਨ ਸ਼ਕਤੀ ਨੂੰ ਇਕਜੁੱਟ ਕਰਕੇ ਪਾਰਟੀ ਨਾਲ ਜੋੜਿਆ ਗਿਆ ਹੈ। ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਨੌਜਵਾਨਾਂ ਦੇ ਹੱਕਾਂ ਲਈ ਮੈਡਮ ਵਾਸਨ ਦਾ ਯੋਗਦਾਨ ਸ਼ਲਾਘਾਯੋਗ ਹੈ। ਬੈਂਸ ਨੇ ਵਿਰੋਧੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਚੇਤਾਵਨੀ ਦਿੱਤੀ ਕਿ ਹਲਕਾ ਆਤਮ ਨਗਰ ਦੀ ਜਨਤਾ ਨਾਲ ਕੀਤਾ ਹਰ ਧੋਖਾ ਹੁਣ ਨੌਜਵਾਨ ਸ਼ਕਤੀ ਬਰਦਾਸ਼ਤ ਨਹੀਂ ਕਰੇਗੀ। ਕਾਂਗਰਸ ਪਾਰਟੀ ਹਰ ਮੋੜ ਤੇ ਹਲਕੇ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜੇਗੀ ਅਤੇ ਆਤਮ ਨਗਰ ਦੇ ਵਿਕਾਸ ਨੂੰ ਮੁੜ ਪਟਰੀ ’ਤੇ ਲਿਆ ਕੇ ਹੀ ਸਾਹ ਲਵੇਗੀ। ਇਸ ਮੌਕੇ ਨਵੇਂ ਸ਼ਾਮਲ ਹੋਏ ਨੌਜਵਾਨਾਂ ਨੇ ਵੀ ਇੱਕ ਸੁਰ ਵਿੱਚ ਆਖਿਆ ਕਿ ਉਹ ਬੈਂਸ ਦੀ ਅਗਵਾਈ ਹੇਠ ਹਲਕੇ ਦੇ ਕੋਨੇ-ਕੋਨੇ ਵਿੱਚ ਕਾਂਗਰਸ ਦੀ ਆਵਾਜ਼ ਬੁਲੰਦ ਕਰਨਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕਰ ਦੇਣਗੇ। ਇਸ ਮੌਕੇ ਵਿਜੇਪਾਲ ਸਿੰਘ, ਪ੍ਰਿੰਸ ਕੁਮਾਰ, ਮਨਦੀਪ ਚੌਧਰੀ, ਜਸਕਰਨ ਸਿੰਘ, ਮਨਦੀਪ ਜੈਤਲੀ, ਕੁਲਵੰਤ ਸਿੰਘ, ਕੰਵਲ ਕਪੂਰ, ਗੁਰਸ਼ਰਨ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਪ੍ਰਭਜੋਤ ਸਿੰਘ, ਪਵਨਦੀਪ ਸਿੰਘ, ਜਸਕੀਰਤ ਸਿੰਘ, ਭੂਪਿੰਦਰ ਸਿੰਘ, ਧਨੰਜੇ ਗੌੜ, ਰਣਜੀਤ ਸਿੰਘ (ਮੀਤੂ), ਗੁਰਪ੍ਰੀਤ ਬਾਂਸਲ, ਤਨਵੀਰ ਬੰਸਲ ਤੇ ਗੁਰਪ੍ਰੀਤ ਜੱਸਲ ਸ਼ਾਮਲ ਹਨ।