- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ਦੇ ਕਾਕੋਵਾਲ ਰੋਡ ਸਥਿਤ ਗਗਨਦੀਪ ਕਾਲੋਨੀ ਵਿੱਚ ਬੀਤੀ ਦੇਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਸਰਕਾਰੀ ਏਕੇ-47 ਰਾਈਫਲ ਨਾਲ ਇੱਕ ਤੋਂ ਬਾਅਦ ਇੱਕ ਚਾਰ ਗੋਲੀਆਂ ਹਵਾ ਵਿੱਚ ਚਲਾ ਦਿੱਤੀਆਂ।

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਕਾਕੋਵਾਲ ਰੋਡ ਸਥਿਤ ਗਗਨਦੀਪ ਕਾਲੋਨੀ ਵਿੱਚ ਬੀਤੀ ਦੇਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਪੁਲਿਸ ਮੁਲਾਜ਼ਮ ਨੇ ਆਪਣੇ ਸਰਕਾਰੀ ਏਕੇ-47 ਰਾਈਫਲ ਨਾਲ ਇੱਕ ਤੋਂ ਬਾਅਦ ਇੱਕ ਚਾਰ ਗੋਲੀਆਂ ਹਵਾ ਵਿੱਚ ਚਲਾ ਦਿੱਤੀਆਂ। ਗਨੀਮਤ ਰਹੀ ਕਿ ਇਸ ਘਟਨਾ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਗੋਲੀਆਂ ਚਲਾਉਣ ਵਾਲਾ ਪੁਲਿਸ ਮੁਲਾਜ਼ਮ ਇੱਕ ਸਥਾਨਕ ਕਾਰਕੁਨ ਨਾਲ ਗੰਨਮੈਨ ਵਜੋਂ ਤਾਇਨਾਤ ਹੈ।
ਮਾਮਲੇ ਦੀ ਜਾਣਕਾਰੀ ਅਨੁਸਾਰ ਵਰੁਣ ਕੁਮਾਰ ਨਾਮਕ ਵਿਅਕਤੀ ਦਾ ਗਗਨਦੀਪ ਕਾਲੋਨੀ ਦੇ ਰਹਿਣ ਵਾਲੇ ਰਾਜ ਕੁਮਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸੇ ਵਿਵਾਦ ਨੂੰ ਲੈ ਕੇ ਦੇਰ ਰਾਤ ਵਰੁਣ ਆਪਣੇ ਦੋਸਤ ਅਤੇ ਪੁਲਿਸ ਮੁਲਾਜ਼ਮ ਲਵਪ੍ਰੀਤ ਸਿੰਘ ਨੂੰ ਨਾਲ ਲੈ ਕੇ ਰਾਜ ਕੁਮਾਰ ਕੋਲ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਦੋਵੇਂ ਸ਼ਰਾਬ ਦੇ ਨਸ਼ੇ ਵਿੱਚ ਸਨ।
ਮੌਕੇ ’ਤੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਇਸ ਦੌਰਾਨ ਲਵਪ੍ਰੀਤ ਸਿੰਘ ਨੇ ਕਥਿਤ ਤੌਰ ’ਤੇ ਕਾਰ ਵਿੱਚੋਂ ਆਪਣੀ ਸਰਕਾਰੀ ਏ ਕੇ-47 ਰਾਈਫਲ ਕੱਢੀ ਅਤੇ ਹਵਾ ਵਿੱਚ ਚਾਰ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਰਾਜ ਕੁਮਾਰ ਨੂੰ ਧਮਕੀਆਂ ਵੀ ਦਿੱਤੀਆਂ ਅਤੇ ਆਪਣੇ ਸਾਥੀ ਨਾਲ ਉੱਥੋਂ ਚਲਾ ਗਿਆ।
ਘਟਨਾ ਤੋਂ ਬਾਅਦ ਰਾਜ ਕੁਮਾਰ ਨੇ ਐਤਵਾਰ ਤੜਕੇ ਥਾਣਾ ਜੋਧੇਵਾਲ ਪਹੁੰਚ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵੱਲੋਂ ਸ਼ਿਕਾਇਤ ਵਿੱਚ ਲਾਏ ਗਏ ਦੋਸ਼ਾਂ ਦੀ ਜਾਂਚ ਕਰਨ ਤੋਂ ਬਾਅਦ ਗੰਨਮੈਨ ਲਵਪ੍ਰੀਤ ਸਿੰਘ ਅਤੇ ਉਸ ਦੇ ਦੋਸਤ ਵਰੁਣ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਏਡੀਸੀਪੀ (ਆਪਰੇਸ਼ਨਜ਼) ਸੰਦੀਪ ਵਡੇਰਾ ਨੇ ਦੱਸਿਆ ਕਿ ਮਾਮਲੇ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲਿਸ ਮੁਲਾਜ਼ਮ ਲਵਪ੍ਰੀਤ ਸਿੰਘ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਜਾ ਰਹੀ ਹੈ।