ਨਸ਼ਾ ਵੇਚਣ ਤੋਂ ਰੋਕਣ ’ਤੇ ਕੁੱਟਮਾਰ ਦੇ ਲਾਏ ਦੋਸ਼, ਕੇਸ ਦਰਜ ਧਮੋਟ ਕਲਾ ਚ ਡਰੱਗ ਮਾਫੀਆ ਨੇ ਨਸ਼ੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਕੀਤਾ ਜਖਮੀ..
Publish Date: Tue, 20 Oct 2026 09:00 PM (IST)
Updated Date: Tue, 20 Oct 2026 09:03 PM (IST)
ਹੈਪੀ ਜੱਲਾ, ਪੰਜਾਬੀ ਜਾਗਰਣ ਪਾਇਲ : ਇਥੋਂ ਨਸ਼ਾ ਵੇਚਣ ਤੋਂ ਰੋਕਣ ’ਤੇ ਇਕ ਪਰਿਵਾਰ ਵੱਲੋਂ ਕੁੱਝ ਵਿਅਕਤੀਆਂ ’ਤੇ ਕੁੱਟਮਾਰ ਦੇ ਦੋਸ਼ ਲਗਾਏ ਗਏ ਹਨ। ਕੁੱਟਮਾਰ ਦੌਰਾਨ ਜਿਥੇ ਪਰਿਵਾਰ ਦੇ ਕੁੱਝ ਜੀਅ ਜ਼ਖ਼ਮੀਂ ਹੋ ਗਏ ਹਨ, ਜਿਨ੍ਹਾਂ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਉਥੇ ਹੀ ਥਾਣਾ ਪਾਇਲ ਦੀ ਪੁਲਿਸ ਨੇ ਜ਼ਖ਼ਮੀਆਂ ਦੇ ਬਿਆਨਾਂ ਦੇ ਅਧਾਰ ’ਤੇ 4 ਹਮਲਾਵਰਾਂ ’ਤੇ ਕੇਸ ਦਰਜ ਕਰ ਲਿਆ ਹੈ ਤੇ ਇਕ ਮੁਲਜ਼ਮ ਦੀ ਗ੍ਰਿਫ਼ਤਾਰੀ ਕਰ ਲਈ ਹੈ ਤੇ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹਸਪਤਾਲ ’ਚ ਜ਼ੇਰੇ ਇਲਾਜ ਪਵਨਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਉਸਦੇ ਪਿਤਾ ਨੇ ਦਸਿਆ ਕਿ ਸਾਡੇ ਪਿੰਡ ਦੇ ਹੀ ਕੁਝ ਵਿਅਕਤੀ ਨਸ਼ਾ ਵੇਚ ਰਹੇ ਹਨ। ਇਸ ਸਬੰਧੀ ਉਨ੍ਹਾਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਵੀ ਜਾਣਕਾਰੀ ਦਿੱਤੀ ਸੀ, ਜਿਸ ਦੀ ਭਿਣਕ ਲੱਗਦਿਆਂ ਹੀ ਉਨ੍ਹਾਂ ਵਿਅਕਤੀਆਂ ਨੇ ਸਾਡੇ ’ਤੇ ਗਡਾਂਸੇ ਅਤੇ ਕੁਹਾੜੀਆਂ ਨਾਲ ਹਮਲਾ ਕਰ ਦਿੱਤਾ ਤੇ ਸਾਡੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਸਬੰਧੀ ਪਹਿਲਾਂ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਸੀ ਪਰ ਹਾਲੇ ਤਕ ਹਮਲਾਵਰਾਂ ’ਤੇ ਕੋਈ ਵੀ ਨੱਥ ਨਹੀਂ ਪਾਈ ਜਾ ਰਹੀ ਅਤੇ ਪਿੰਡ ਦੇ ਸਰਪੰਚ ਨਾਲ ਹੱਥੋਪਾਈ ਕੀਤੀ ਗਈ ਪਰੰਤੂ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ। ਇਸ ਮੌਂਕੇ ਸਿਵਲ ਹਸਪਤਾਲ ਪਾਇਲ ਪਹੁੰਚੇ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਪਾਇਲ ਅੰਦਰ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ, ਅਕਾਲੀ ਅਤੇ ਕਾਂਗਰਸ ਸਰਕਾਰ ਵੇਲੇ ਵੀ ਇਹ ਪਿੰਡ ਨਸ਼ੇ ਕਰ ਕੇ ਸੁਰਖੀਆਂ ਵਿੱਚ ਰਿਹਾ ਤੇ ਕਈ ਡਰੱਗ ਵੇਚਣ ਵਾਲਿਆਂ ਦੇ ਘਰ ਵੀ ਢਾਹੇ ਗਏ ਪਰੰਤੂ ਇੱਥੇ ਡਰੱਗ ਮਾਫੀਆ ਇਹਨਾਂ ਬੇਖੌਫ ਹੈ ਕਿ ਉਹ ਪੁਲਿਸ ਪ੍ਰਸ਼ਾਸਨ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕਰਦਾ ਹੈ। ਜਦੋ ਇਸ ਸਬੰਧੀ ਐੱਸਐੱਚਓ ਹਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਪੁਲਿਸ ਚਾਰ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਜਿਨ੍ਹਾਂ ’ਚੋ ਇਕ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਤੇ ਬਾਕੀ ਦੀ ਭਾਲ ’ਚ ਪੁਲਿਸ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲਿਸ ਅਧਿਕਾਰੀਆ ਦੀਆ ਅਨੁਸਾਰ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾਵੇਗਾ।