- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਦੇ ਇੰਚਾਰਜ ਸੁਖਧੀਰ ਸੇਖੋਂ ਨੂੰ ਮਿਲੇਗਾ ਰਾਜ ਅਧਿਆਪਕ ਪੁਰਸਕਾਰ

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਅਧਿਆਪਕ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਲੁਧਿਆਣਾ ਦੇ ਇੰਚਾਰਜ ਸੁਖਧੀਰ ਸੇਖੋਂ ਨੂੰ ਰਾਜ ਅਧਿਆਪਕ ਪੁਰਸਕਾਰ ਮਿਲੇਗਾ। ਸੇਖੋਂ ਨੂੰ ਇਹ ਪੁਰਸਕਾਰ ਉਨ੍ਹਾਂ ਦੀ ਸਕੂਲ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣ ਲਈ ਕੀਤੀ ਸਖ਼ਤ ਮਿਹਨਤ, ਲਗਨ ਤੇ ਜਨੂੰਨ ਸਦਕਾ ਮਿਲ ਰਿਹਾ ਹੈ। ਸਰਕਾਰੀ ਪ੍ਰਾਇਮਰੀ ਸਕੂਲ ਮੋਤੀ ਨਗਰ ਦੇ ਇੰਚਾਰਜ ਸੁਖਧੀਰ ਸੇਖੋਂ ਸਾਲ 2020 ਤੋਂ ਸਕੂਲ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਸਕੂਲ ਦੀ ਇਨਰੋਲਮੈਂਟ ਵਿੱਚ ਵੱਡਾ ਵਾਧਾ ਹੋਇਆ ਹੈ। ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 125 ਤੋਂ ਵਧ ਕੇ 725 ਤੱਕ ਪਹੁੰਚ ਗਈ ਹੈ। ਸਕੂਲ ਦੇ ਵਿਦਿਆਰਥੀ ਹਰ ਸਾਲ ਬੈਡਮਿੰਟਨ ਵਿੱਚ ਰਾਜ ਪੱਧਰ ’ਤੇ ਭਾਗ ਲੈ ਰਹੇ ਹਨ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਨਿੱਜੀ ਸਕੂਲ ਨਾਲ ਸਮਝੌਤਾ ਕਰਕੇ ਏਆਈ ਦੀ ਮਦਦ ਨਾਲ ‘ਮੈਜਿਕਲ ਮੈਥ’ ਦੇ ਸੈਮੀਨਾਰ ਕਰਵਾਏ ਜਾ ਰਹੇ ਹਨ, ਜਦਕਿ ਵਿਦਿਆਰਥੀਆਂ ਨੂੰ ਐਬੈਕਸ ਦੀ ਸਿੱਖਿਆ ਵੀ ਮੁਫ਼ਤ ਦਿੱਤੀ ਜਾ ਰਹੀ ਹੈ। ਸੇਖੋਂ ਨੇ ਸਕੂਲ ਦੀ ਸੁੰਦਰਤਾ ਵਧਾਉਣ ਲਈ ਵੀ ਉਪਰਾਲੇ ਕੀਤੇ ਹਨ। ਸਕੂਲ ਵਿੱਚ ਵੱਡੀ ਗਿਣਤੀ ਵਿੱਚ ਰੁੱਖ-ਬੂਟੇ ਲਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਮਿਡ-ਡੇ ਮੀਲ ਲਈ ਡਾਇਨਿੰਗ ਏਰੀਆ ਅਤੇ ਮਾਪਿਆਂ ਲਈ ਰਿਸੈਪਸ਼ਨ ਏਰੀਆ ਤਿਆਰ ਕੀਤਾ ਹੈ। ਸੇਖੋਂ ਨੇ ਸਕੂਲ ’ਚ ਕੰਪਿਊਟਰ ਲੈਬ ਦੇ ਨਾਲ ਵਿਦਿਆਰਥੀਆਂ ਲਈ ਮੁਫ਼ਤ ਯੋਗਾ, ਆਰਟ, ਕੈਲੀਗ੍ਰਾਫੀ ਤੇ ਕੁਇਜ਼ ਪ੍ਰੋਗਰਾਮ ਵੀ ਚਲਾਏ। ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਨਾਲ ਸਕੂਲ ਵਿੱਚ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਵੀ ਉਤਸ਼ਾਹ ਮਿਲ ਰਿਹਾ ਹੈ। ਉਨ੍ਹਾਂ ਨੇ ਆਪਣੇ ਪੁਰਸਕਾਰ ਨੂੰ ਸਟਾਫ਼ ਤੇ ਬੱਚਿਆਂ ਦੀ ਮਿਹਨਤ ਦਾ ਨਤੀਜਾ ਦੱਸਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।