ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਤਾਕਤਾਂ ਸਰਗਰਮ : ਸਿਮਕ ਅਹਿਮ ਖ਼ਬਰ-ਮੁਕੰਦਪੁਰ ਵਿਖੇ ਸ੍ਰੋਮਣੀ ਅਕਾਲੀ ਦਲ ਦੀ ਮੀਟਿੰਗ
Publish Date: Wed, 23 Sep 2026 09:25 PM (IST)
Updated Date: Thu, 24 Sep 2026 04:03 AM (IST)
* ਮੁਕੰਦਪੁਰ ਵਿਖੇ ਸ੍ਰੋਮਣੀ ਅਕਾਲੀ ਦਲ ਦੀ ਮੀਟਿੰਗ ਫ਼ੋਟੋ ਨੰਬਰ-51 ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ : ਸ਼੍ਰੋਮਣੀ ਅਕਾਲੀ ਦਲ (ਬ) ਦੀ ਇੱਕ ਅਹਿਮ ਮੀਟਿੰਗ ਪਿੰਡ ਮੁਕੰਦਪੁਰ ਵਿਖੇ ਹੋਈ, ਜਿਸ ਵਿੱਚ ਪਾਰਟੀ ਦੀ ਮਜ਼ਬੂਤੀ, ਨੌਜਵਾਨਾਂ ਦੀ ਭੂਮਿਕਾ ਅਤੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ, ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿਮਕ, ਐੱਸਜੀਪੀਸੀ ਮੈਂਬਰ ਚਰਨ ਸਿੰਘ ਆਲਮਗੀਰ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਸਰਕਲ ਪ੍ਰਧਾਨ ਨਗਿੰਦਰ ਸਿੰਘ ਬਿੱਟੂ ਅਤੇ ਕੁਲਜੀਤ ਸਿੰਘ ਬੁਲਾਰਾ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ। ਸਿਮਕ ਤੇ ਡੱਲਾ ਨੇ ਕਿਹਾ ਕਿ ਪੰਜਾਬੀ ਅਤੇ ਸਿੱਖ ਕੌਮ ਨੇ ਜਦੋਂ ਵੀ ਨੁਕਸਾਨ ਝੱਲਿਆ ਹੈ, ਉਹ ਆਪਸੀ ਵੰਡ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਅੰਦਰੂਨੀ ਅਤੇ ਬਾਹਰੀ ਤਾਕਤਾਂ ਸਰਗਰਮ ਹਨ ਅਤੇ ਨੌਜਵਾਨਾਂ ਨੂੰ ਇਨ੍ਹਾਂ ਹਾਲਾਤ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸੇ ਇੱਕ ਵਿਅਕਤੀ ਦੀ ਗਲਤੀ ਲਈ ਪੂਰੀ ਪਾਰਟੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸਿਮਕ ਨੇ ਕਿਹਾ ਕਿ ਪੰਜਾਬ ਨੂੰ ਵਾਰ-ਵਾਰ ਸਿਆਸੀ ਤਜਰਬਿਆਂ ਦੀ ਪ੍ਰਯੋਗਸ਼ਾਲਾ ਬਣਾਉਣ ਦੀ ਬਜਾਏ ਨੌਜਵਾਨਾਂ ਨੂੰ ਆਪਣੇ ਫ਼ੈਸਲੇ ਕਰਨ ਤੋਂ ਪਹਿਲਾਂ ਵੱਖ-ਵੱਖ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਦੇ ਕੰਮਕਾਜ ਦਾ ਅਧਿਐਨ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਪੰਜਾਬ ਵਿੱਚ ਨਵੇਂ ਉਦਯੋਗਿਕ ਪ੍ਰਾਜੈਕਟ, ਰੁਜ਼ਗਾਰ, ਸਿੱਖਿਆ ਸੰਸਥਾਵਾਂ ਅਤੇ ਬਿਜਲੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕੀਤੇ ਕੰਮਾਂ ਦਾ ਹਿਸਾਬ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਆਗੂਆਂ ਨੇ ਵੀ ਪਾਰਟੀ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ, ਵਰਕਰਾਂ ਨਾਲ ਤਾਲਮੇਲ ਵਧਾਉਣ ਅਤੇ ਪਿੰਡ ਪੱਧਰ ’ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਸਬੰਧੀ ਵਿਚਾਰ ਪੇਸ਼ ਕੀਤੇ। ਸਿਮਕ ਨੇ 26 ਤਰੀਕ ਨੂੰ ਛਪਾਰ ਮੇਲੇ ਮੌਕੇ ਅਕਾਲੀ ਦਲ ਦੀ ਹੋ ਰਹੀ ਕਾਨਫਰੰਸ ਵਿੱਚ ਵੀ ਹੁਮ ਹੁਮਾ ਕੇ ਪਹੁੰਚ ਕੇ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ ਦੀ ਅਪੀਲ ਕੀਤੀ। ਇਸ ਮੌਕੇ ਤੇਜਿੰਦਰ ਸਿੰਘ ਢੋਡੇ ਸਾਬਕਾ ਸਰਪੰਚ, ਪ੍ਰਦੀਪ ਸਿੰਘ ਜੜਤੋਲੀ, ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਜੂ, ਐਸਓਆਈ ਦੇ ਮਾਲਵਾ ਜੋਨ ਦੋ ਦੇ ਪ੍ਰਧਾਨ ਅਰਸ ਮਾਣਕਵਾਲ, ਕੇਸਰ ਸਿੰਘ ਮਹਿਮੀ, ਸੁੱਖਾ ਲੰਬੜਦਾਰ, ਵਿਕੀ, ਸਾਧੂ ਸਿੰਘ ਸਾਬਕਾ ਸਰਪੰਚ,ਅਮਰੀਕ ਸਿੰਘ ਢੋਡੇ, ਗੁਰਦਿਆਲ ਸਿੰਘ ਸਾਬਕਾ ਸਰਪੰਚ,ਜਸਵੰਤ ਸਿੰਘ ਬਾਜਵਾ,ਨਰਪਿੰਦਰ ਸਿੰਘ ਹੈਪੀ, ਗੁਰੀ, ਗੁਰੀ ਘਨਗਸ਼, ਲਾਲੀ ਮੁਕੰਦਪੁਰ, ਹੈਪੀ ਮੁਕੰਦਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਮੁਕੰਦਪੁਰ ਦੇ ਵਾਸੀ ਹਾਜ਼ਰ ਸਨ।