ਅਹਿਮ ਖ਼ਬਰ- ਦੋ ਮਹੀਨਿਆਂ ਤੋਂ ਪੀਣ ਵਾਲੇ ਪਾਣੀ ਨਾਲ ਆ ਰਿਹਾ ਸੀਵਰੇਜ ਦਾ ਪਾਣੀ ਅਹਿਮ ਖ਼ਬਰ-ਦੋ ਮਹੀਨਿਆਂ ਤੋਂ ਪੀਣ ਵਾਲੇ ਪਾਣੀ ਨਾਲ ਆ ਰਿਹਾ ਸੀਵਰੇਜ ਦਾ ਪਾਣੀ, ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ
Publish Date: Sat, 26 Sep 2026 07:52 PM (IST)
Updated Date: Sat, 26 Sep 2026 07:54 PM (IST)
-ਨਗਰ ਨਿਗਮ ਨੇ ਦੋ ਥਾਵਾਂ ’ਤੇ ਖੁਦਾਈ ਕਰਕੇ ਲੱਭਿਆ ਨੁਕਸ, ਅਜੇ ਤੱਕ ਨਹੀਂ ਹੋਇਆ ਹੱਲ -ਦੂਸ਼ਿਤ ਪਾਣੀ ਕਾਰਨ ਕਈ ਲੋਕ ਹੋਰ ਰਹੇ ਨੇ ਬਿਮਾਰ ਪਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ: ਢੰਡਾਰੀ ਪਿੰਡ ’ਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ’ਚ ਸੀਵਰੇਜ ਦਾ ਪਾਣੀ ਮਿਲ ਕੇ ਆਉਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਇਲਾਕੇ ਦੀਆਂ ਕਈ ਗਲੀਆਂ ਵਿੱਚ ਟੂਟੀਆਂ ਰਾਹੀਂ ਸਾਫ਼ ਪਾਣੀ ਦੀ ਬਜਾਏ ਗੰਦਾ ਤੇ ਬਦਬੂਦਾਰ ਪਾਣੀ ਘਰਾਂ ਤੱਕ ਪਹੁੰਚ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦੂਸ਼ਿਤ ਪਾਣੀ ਦੀ ਵਰਤੋਂ ਕਰਨ ਕਾਰਨ ਕਈ ਲੋਕ ਬਿਮਾਰ ਹੋ ਚੁੱਕੇ ਹਨ। ਇਸ ਦੇ ਬਾਵਜੂਦ ਸਮੱਸਿਆ ਦਾ ਅਜੇ ਤੱਕ ਪੱਕਾ ਹੱਲ ਨਹੀਂ ਹੋ ਸਕਿਆ। ਨਗਰ ਨਿਗਮ ਵੱਲੋਂ ਪਾਣੀ ਦੀ ਪਾਈਪਲਾਈਨ ਵਿੱਚ ਨੁਕਸ ਲੱਭਣ ਲਈ ਦੋ ਥਾਵਾਂ ’ਤੇ ਖੁਦਾਈ ਵੀ ਕੀਤੀ ਗਈ ਹੈ, ਪਰ ਅਜੇ ਤੱਕ ਨੁਕਸ ਦਾ ਸਹੀ ਪਤਾ ਨਹੀਂ ਲੱਗ ਸਕਿਆ। ਲੋਕਾਂ ਮੁਤਾਬਕ ਜਦੋਂ ਟਿਊਬਵੈੱਲ ਚਲਾਇਆ ਜਾਂਦਾ ਹੈ, ਤਾਂ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਟਿਊਬਵੈੱਲ ਚਾਲੂ ਹੋਣ ਤੋਂ ਬਾਅਦ ਕਈ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਨਾਲ ਮਿਲ ਕੇ ਘਰਾਂ ਤੱਕ ਪਹੁੰਚਦਾ ਹੈ। ਇਸ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੱਖਰੇ ਤੌਰ ’ਤੇ ਪ੍ਰਬੰਧ ਕਰਨਾ ਪੈ ਰਿਹਾ ਹੈ। ਇਲਾਕੇ ਵਿੱਚ ਰਹਿਣ ਵਾਲੇ ਅੱਪੂ ਗਰਚਾ, ਪਰਮਜੀਤ ਸਿੰਘ ਅਤੇ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਪਾਰਕ ਵਾਲੀ ਗਲੀ ਵਿੱਚ ਪਾਣੀ ਬਿਲਕੁਲ ਸਾਫ਼ ਆ ਰਿਹਾ ਹੈ, ਜਦਕਿ ਸ਼ਮਸ਼ਾਨਘਾਟ ਤੋਂ ਲੈ ਕੇ ਗਣਪਤੀ ਚੌਕ ਦੇ ਆਸ-ਪਾਸ ਦੀਆਂ ਸਾਰੀਆਂ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਮਿਲ ਕੇ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਲੋਕ ਇਸ ਸਮੱਸਿਆ ਨੂੰ ਝੱਲ ਰਹੇ ਹਨ ਅਤੇ ਦੂਸ਼ਿਤ ਪਾਣੀ ਦੀ ਵਰਤੋਂ ਕਾਰਨ ਕਈ ਲੋਕ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ। ਇਲਾਕਾ ਵਾਸੀਆਂ ਨੇ ਨਗਰ ਨਿਗਮ ਅਧਿਕਾਰੀਆਂ ’ਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਮੱਸਿਆ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਇਸ ਦਾ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਪਾਣੀ ਅਤੇ ਸੀਵਰੇਜ ਦੀਆਂ ਪਾਈਪਲਾਈਨਾਂ ਦੀ ਤੁਰੰਤ ਜਾਂਚ ਕਰਕੇ ਫਾਲਟ ਦਾ ਪਤਾ ਲਗਾਇਆ ਜਾਵੇ ਅਤੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਦੂਸ਼ਿਤ ਪਾਣੀ ਕਾਰਨ ਲੋਕਾਂ ਦੀ ਸਿਹਤ ਹੋਰ ਪ੍ਰਭਾਵਿਤ ਨਾ ਹੋਵੇ।