ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੁਧਿਆਣਾ ’ਚ ਸੜਕਾਂ ਤੱਕ ਆਇਆ ਕੂੜਾ ਅਹਿਮ ਖ਼ਬਰ-ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਰਕੇ ਮਹਾਂਨਗਰ ਲੁਧਿਆਣਾ ’ਚ ਕੂੜੇ ਨਾਲ ਸੜਕਾਂ ਭਰੀਆਂ
Publish Date: Sat, 01 Aug 2026 08:09 PM (IST)
Updated Date: Sat, 01 Aug 2026 08:10 PM (IST)
ਵਾਹਨ ਚਾਲਕਾਂ ਤੇ ਰਾਹਗੀਰਾਂ ਲਈ ਕੂੜੇ ਨਾਲ ਭਰੀਆਂ ਸੜਕਾਂ ਤੋਂ ਲੰਘਣਾ ਹੋਇਆ ਔਖਾ ਮਹਾਂਨਗਰ ’ਚ ਕੂੜਾ ਸੰਕਟ 30 ਲੱਖ ਲੋਕਾਂ ਦੀ ਸਿਹਤ ਲਈ ਬਣ ਰਿਹੈ ਗੰਭੀਰ ਸਮੱਸਿਆ ਪੁਨੀਤ ਬਾਵਾ/ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ : ਸਮਾਰਟ ਸਿਟੀ ਮਹਾਂਨਗਰ ਲੁਧਿਆਣਾ ਦੀ ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਸੜਕਾਂ ਕੂੜੇ ਨਾਲ ਭਰ ਗਈਆਂ ਹਨ। ਇਸ ਕਰ ਕੇ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਕੂੜੇ ਨਾਲ ਭਰੀਆਂ ਸੜਕਾਂ ਤੋਂ ਲੰਘਣਾ ਔਖਾ ਹੋਇਆ ਪਿਆ ਹੈ। ਸੜਕਾਂ ’ਤੇ ਖਿੱਲਰੇ ਕੂੜੇ ਕਾਰਨ ਸਮਾਰਟ ਸਿਟੀ ਲੁਧਿਆਣਾ ਦੀ ਡਰਟੀ ਪਿਕਚਰ ਹੋ ਗਈ ਹੈ। ਦੇਸ਼ ਤੇ ਵਿਦੇਸ਼ ’ਚ ਸ਼ੋਸ਼ਲ ਮੀਡੀਆ ’ਤੇ ਮਹਾਂਨਗਰ ਦੇ ਹਾਲਾਤ ’ਤੇ ਚਰਚਾ ਚੱਲ ਰਹੀ ਹੈ। ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਪਿਛਲੇ ਪੰਜ ਦਿਨਾਂ ਤੋਂ ਘਰ-ਘਰ ਕੂੜਾ ਚੁੱਕਣਾ ਅਤੇ ਸੜਕਾਂ ਦੀ ਸਫ਼ਾਈ ਪੂਰੀ ਤਰ੍ਹਾਂ ਠੱਪ ਹੈ, ਜਿਸ ਨਾਲ ਕਰੀਬ 30 ਲੱਖ ਸ਼ਹਿਰ ਵਾਸੀਆਂ ਸਿਰ ਸਿਹਤ ਸੰਕਟ ਮੰਡਰਾ ਰਿਹਾ ਹੈ। ਸਫ਼ਾਈ ਪ੍ਰਬੰਧ ਠੱਪ ਹੋਣ ਕਾਰਨ ਲੋਕ ਘਰਾਂ ਦਾ ਕੂੜਾ ਸਿੱਧਾ ਮੁੱਖ ਸੜਕਾਂ ’ਤੇ ਸੁੱਟਣ ਲਈ ਮਜਬੂਰ ਹਨ, ਜਿਸ ਨਾਲ ਪੂਰਾ ਸ਼ਹਿਰ ਕੂੜੇ ਦੇ ਢੇਰ ਵਿੱਚ ਬਦਲ ਗਿਆ ਹੈ। ਬਰਸਾਤ ਦੀ ਰੁੱਤ ਵਿੱਚ ਸੜਕ ’ਤੇ ਕੂੜੇ ਦੇ ਢੇਰ ਮੱਛਰਾਂ, ਮੱਖੀਆਂ ਅਤੇ ਚੂਹਿਆਂ ਦੀ ਭਰਮਾਰ ਦਾ ਕੇਂਦਰ ਬਣ ਗਏ ਹਨ। ਕੂੜਾ ਡੇਂਗੂ, ਮਲੇਰੀਆ, ਚਿਕਨਗੁਨੀਆ, ਲੇਪਟੋਸਪਾਇਰੋਸਿਸ, ਹੈਜ਼ਾ, ਟਾਈਫਾਈਡ, ਹੈਪੇਟਾਈਟਸ ਅਤੇ ਦਸਤ ਵਰਗੇ ਰੋਗਾਂ ਨੂੰ ਜਨਮ ਦੇ ਰਿਹਾ ਹੈ। ਕੂੜਾ ਚੁੱਕਣ ਵਿੱਚ ਹਰ ਦਿਨ ਦੀ ਦੇਰੀ ਬੱਚਿਆਂ, ਬਜ਼ੁਰਗਾਂ ਅਤੇ ਗਰੀਬ ਪਰਿਵਾਰਾਂ ਦੀ ਸਿਹਤ ਨੂੰ ਹੋਰ ਸੰਕਟ ਵਿੱਚ ਪਾ ਰਹੀ ਹੈ। ਪਿਛਲੇ 6 ਦਿਨਾਂ ਤੋਂ ਸੜਕਾਂ ਕਿਨਾਰੇ ਜਾਂ ਸੜਕਾਂ ਉੱਪਰ ਕੂੜੇ ਦੇ ਢੇਰ ਲੱਗੇ ਹੋਏ ਹਨ। ਜੇਕਰ ਸੜਕਾਂ ਤੋਂ ਅੱਜ ਤੋਂ ਕੂੜਾ ਚੁੱਕਣ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਵੀ ਕੂੜਾ ਸਾਫ਼ ਕਰਨ ਅਤੇ ਸਫ਼ਾਈ ਪ੍ਰਬੰਧ ਨੂੰ ਮੁੜ ਬਹਾਲ ਕਰਨ ਵਿੱਚ ਕਈ ਦਿਨ ਲੱਗਣਗੇ। ਬਾਰਿਸ਼ ਹੋਣ ਨਾਲ ਕੂੜੇ-ਕਰਕਟ ’ਚੋਂ ਨਿਕਲਦੀ ਗੰਦਗੀ ਤੇ ਬਦਬੂ ਕਾਰਨ ਜ਼ਿਆਦਾਤਰ ਇਲਾਕਿਆਂ ’ਚ ਘਰਾਂ ਤੇ ਦੁਕਾਨਾਂ ਵਿੱਚ ਬੈਠਣਾ ਤੱਕ ਮੁਸ਼ਕਲ ਹੋ ਗਿਆ ਹੈ। ਲੋਕਾਂ ਦਾ ਆਉਣਾ-ਜਾਣਾ ਵੀ ਔਖਾ ਹੋ ਗਿਆ ਹੈ। ਇਸ ਕਾਰਨ ਮਨੁੱਖੀ ਜੀਵਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਵੱਧ ਗਿਆ ਹੈ। ਵਾਰਡ ਨੰਬਰ 93 ਦੀ ਕੌਂਸਲਰ ਨੇ ਪ੍ਰਸ਼ਾਸਨ ਨੂੰ ਲਿਖੀ ਚਿੱਠੀ ਵਾਰਡ ਨੰਬਰ 93 ਦੀ ਕੌਂਸਲਰ ਭੁਪਿੰਦਰ ਕੌਰ ਨੇ ਕੂੜੇ ਦੇ ਢੇਰਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਕਈ ਅਧਿਕਾਰੀਆਂ ਤੇ ਮੰਤਰੀਆਂ ਨੂੰ ਚਿੱਠੀ ਲਿਖ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਕੌਂਸਲਰ ਨੇ ਇਸ ਦੇ ਸਬੂਤ ਵਜੋਂ ਫੋਟੋਆਂ ਤੇ ਵੀਡੀਓਜ਼ ਵੀ ਭੇਜੀਆਂ ਹਨ। ਬਰਸਾਤ ਦੇ ਮੌਸਮ ਵਿੱਚ ਸੜ ਰਹੇ ਕੂੜੇ ਦੇ ਢੇਰਾਂ ਤੋਂ ਮੱਛਰ-ਮੱਖੀਆਂ ਪਨਪ ਰਹੀਆਂ ਹਨ ਅਤੇ ਕਈ ਇਲਾਕਿਆਂ ਵਿੱਚ ਲੋਕਾਂ ਨੇ ਸਾਹ ਸਬੰਧੀ ਦਿੱਕਤਾਂ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ। ਚਿੱਠੀ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਅਗਲੇ ਦੋ ਤੋਂ ਚਾਰ ਦਿਨਾਂ ਵਿੱਚ ਐਮਰਜੈਂਸੀ ਕਦਮ ਨਾ ਚੁੱਕੇ ਗਏ ਤਾਂ ਸ਼ਹਿਰ ਵਿੱਚ ਮਹਾਂਮਾਰੀ ਫੈਲਣ ਦਾ ਖ਼ਤਰਾ ਹੈ। ਸਫਾਈ ਪ੍ਰਬੰਧ ਠੱਪ, ਸਰਕਾਰ ਤੁਰੰਤ ਸਫ਼ਾਈ ਯੋਧਿਆਂ ਦੀਆਂ ਜਾਇਜ਼ ਮੰਗਾਂ ਮੰਨੇ : ਚੀਮਾ ਹਲਕਾ ਲੁਧਿਆਣਾ ਦੱਖਣੀ ਕਾਂਗਰਸ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਲੁਧਿਆਣਾ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਫਾਈ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ। ਉਨ੍ਹਾਂ ਅਨੁਸਾਰ ਸਫ਼ਾਈ ਮੁਲਾਜ਼ਮਾਂ ਦੇ ਸੰਘਰਸ਼ ਕਾਰਨ ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਮਾ ਨੇ ਕਿਹਾ ਕਿ ਹਾਲ ਹੀ ਵਿੱਚ ਹੋਈ ਬਾਰਿਸ਼ ਦੌਰਾਨ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਸ਼ਹਿਰ ਦੇ ਸਫਾਈ ਤੇ ਨਿਕਾਸੀ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਹੋਏ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਯੋਧਿਆਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ ਤਾਂ ਜੋ ਸ਼ਹਿਰਾਂ ਵਿੱਚ ਸਫਾਈ ਪ੍ਰਬੰਧ ਮੁੜ ਪਟੜੀ ਤੇ ਆ ਸਕਣ ਅਤੇ ਲੋਕਾਂ ਨੂੰ ਸੰਭਾਵਿਤ ਸਿਹਤ ਸੰਬੰਧੀ ਖਤਰਿਆਂ ਤੋਂ ਬਚਾਇਆ ਜਾ ਸਕੇ। ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇਣ ਦੀ ਕੀਤੀ ਅਪੀਲ ਐੱਸਸੀਡੀ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੇ ਜਥੇਬੰਦਕ ਸਕੱਤਰ ਤੇ ਸੀਨੀਅਰ ਸਿਟੀਜ਼ਨ ਬ੍ਰਿਜ ਭੂਸ਼ਣ ਗੋਇਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਮੁਲਾਜ਼ਮਾਂ ਦੇ ਮਾਮਲੇ ਵਿੱਚ ਨਿੱਜੀ ਤੌਰ ’ਤੇ ਦਖ਼ਲ ਦੇਣ ਤਾਂ ਜੋ ਮਹਾਂਨਗਰ ਦੀਆਂ ਸੜਕਾਂ ’ਤੇ ਲੱਗੇ ਕੂੜੇ ਦੇ ਢੇਰਾਂ ਦੀ ਸਮੱਸਿਆ ਦਾ ਛੇਤੀ ਹੱਲ ਕੀਤਾ ਜਾ ਸਕੇ। ਕੂੜੇ ਦੇ ਢੇਰਾਂ ਬਾਰੇ ਮਹਿਤਾ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜੀ ਈ-ਮੇਲ ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਮਹਾਨਗਰ ’ਚ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਪੈਦਾ ਹੋਈ ਗੰਦਗੀ ਨੂੰ ਲੈ ਕੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਈ-ਮੇਲ ਰਾਹੀਂ ਪੱਤਰ ਲਿਖਿਆ ਹੈ। ਮਹਿਤਾ ਨੇ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ’ਚ ਥਾਂ-ਥਾਂ ’ਤੇ ਫੈਲੇ ਕੂੜੇ ਦੇ ਢੇਰਾਂ ਕਾਰਨ ਲੋਕਾਂ ਦੇ ਜੀਵਨ ਨੂੰ ਬਚਾਇਆ ਜਾਵੇ। ਮਹਿਤਾ ਨੇ ਕਿਹਾ ਕਿ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ’ਚ ਕੂੜਾ ਨਾ ਚੁੱਕੇ ਜਾਣ ਕਾਰਨ ਹਾਲਾਤ ਬਹੁਤ ਖਰਾਬ ਹੋ ਗਏ ਹਨ। ਲੋਕਾਂ ਵੱਲੋਂ ਕੂੜਾ ਨਾ ਚੁੱਕੇ ਜਾਣ ਤੋਂ ਬਾਅਦ ਸੜਕਾਂ ਤੇ ਹਾਈਵੇ ਉੱਪਰ ਕੂੜਾ ਸੁੱਟਿਆ ਜਾ ਰਿਹਾ ਹੈ। ਮਹਿਤਾ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਪੰਜਾਬ ਸਰਕਾਰ ਤੇ ਹੜਤਾਲੀ ਸਫ਼ਾਈ ਮੁਲਾਜ਼ਮਾਂ ’ਚ ਜਲਦੀ ਕੋਈ ਸਮਝੌਤਾ ਹੁੰਦਾ ਨਜ਼ਰ ਨਹੀਂ ਆ ਰਿਹਾ। ਅਜਿਹੇ ’ਚ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਆਪਣੇ ਪੱਧਰ ’ਤੇ ਸ਼ਹਿਰ ’ਚ ਸਫਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਕਮਿਸ਼ਨ ਤੁਰੰਤ ਦਖਲ ਦੇ ਕੇ ਹੜਤਾਲ ਖਤਮ ਕਰਵਾਏ ਤਾਂ ਜੋ ਸ਼ਹਿਰ ਨੂੰ ਬਿਮਾਰੀਆਂ ਦੇ ਖਤਰੇ ਤੋਂ ਬਚਾਇਆ ਜਾ ਸਕੇ। ਜੇ ਕਿਸੇ ਨੂੰ ਮੇਰੇ ਕਹੇ ਦਾ ਬੁਰਾ ਲੱਗਿਆ, ਮੈਂ ਮਾਫ਼ੀ ਮੰਗਦਾ ਹਾਂ : ਵਿਜੈ ਦਾਨਵ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੈ ਦਾਨਵ ਨੇ ਕਿਹਾ ਕਿ ਮੈਂ ਪਿਛਲੇ ਦਹਾਕਿਆਂ ਤੋਂ ਆਪਣੇ ਵਾਲਮੀਕਿ ਭਾਈਚਾਰੇ ਦੇ ਨਾਲ ਖੜ੍ਹਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਬਰਨਾਲਾ ਕਾਂਡ ਸਮੇਂ ਵੀ ਨਿਗਮ ਮੁਲਾਜ਼ਮਾਂ ਦੀਆਂ ਸਾਰੀਆਂ ਜਥੇਬੰਦੀਆਂ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਬੰਧਤ ਅਧਿਕਾਰੀਆਂ ਨਾਲ ਤਿੰਨ ਮੀਟਿੰਗਾਂ ਹੋਈਆਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਬੰਧਤ ਸਾਰਾ ਥਾਣਾ ਬਦਲ ਦਿੱਤਾ, ਗੰਭੀਰ ਜ਼ਖ਼ਮੀਆਂ ਨੂੰ ਪ੍ਰਤੀ ਵਿਅਕਤੀ ਇਕ ਲੱਖ, ਜਖ਼ਮੀਆਂ ਨੂੰ ਪ੍ਰਤੀ ਵਿਅਕਤੀ 50 ਹਜ਼ਾਰ ਰੁਪਏ, ਜ਼ਖ਼ਮੀਆਂ ਦਾ ਸਾਰਾ ਖ਼ਰਚ ਸਰਕਾਰ ਵੱਲੋਂ ਕਰਵਾਉਣ, ਕੱਚੇ ਮੁਲਾਜ਼ਮਾਂ ਦੀ ਤਨਖ਼ਾਹ 10 ਹਜ਼ਾਰ ਤੋਂ ਵਧਾ ਕੇ 20,500 ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਭਾਈਚਾਰੇ ਦੇ ਹਿੱਤਾਂ ਲਈ ਹਮੇਸ਼ਾ ਕੰਮ ਕੀਤਾ ਹੈ। ਦਾਨਵ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਇਹ ਆਖਿਆ ਸੀ ਕਿ ਜਦੋਂ ਸਰਕਾਰ ਸਾਰੀਆਂ ਮੰਗਾਂ ਮੰਨ ਰਹੀ ਹੈ ਤਾਂ ਸਾਨੂੰ ਹੜਤਾਲ ਕਰ ਕੇ ਵਪਾਰੀਆਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ। ਇਸ ਬਿਆਨ ਤੋਂ ਬਾਅਦ ਮੈਨੂੰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਆਖੀਆਂ ਗਈਆਂ। ਬਿਨਾਂ ਗਲਤੀ ਤੋਂ ਮੇਰੇ ਚਾਰ ਦਹਾਕਿਆਂ ਦੀ ਸੇਵਾ ਨੂੰ ਮਿੱਟੀ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਗੱਲ ਨਾਲ ਕਿਸੇ ਨੂੰ ਠੇਸ ਪੁੱਜੀ ਹੈ ਜਾਂ ਬੁਰਾ ਲੱਗਿਆ ਹੈ ਤਾਂ ਉਹ ਮਾਫ਼ੀ ਮੰਗਦੇ ਹਨ।